ਮੇਜਰ ਭੁਪਿੰਦਰ ਸਿੰਘ ਦਾ ਬੁੱਤ ਤੇ ਟੈਂਕ ਭਾਰਤ ਨਗਰ ਚੌਕ ’ਚ ਮੁੜ ਸਥਾਪਤ ਕਰਨ ਦੀ ਸ਼ੁਰੂਆਤ
ਅਹਿਮ ਖ਼ਬਰ-ਮੇਜਰ ਭੁਪਿੰਦਰ ਸਿੰਘ ਦਾ ਬੁੱਤ ਤੇ ਟੈਂਕ ਭਾਰਤ ਨਗਰ ਚੌਂਕ ਵਿੱਚ ਮੁੜ ਸਥਾਪਿਤ ਕਰਨ ਦੀ ਸ਼ੁਰੂਵਾਤ
Publish Date: Tue, 07 Apr 2026 05:59 PM (IST)
Updated Date: Tue, 07 Apr 2026 06:02 PM (IST)

ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ ਪਬਲਿਕ ਐਕਸ਼ਨ ਕਮੇਟੀ (ਮੱਤੇਵਾੜਾ), ਭਾਰਤੀ ਫ਼ੌਜ ਦੀ ਨਾਰਦਰਨ ਕਮਾਂਡ ਤੇ ਹੋਰ ਸਮਾਜਸੇਵੀਆਂ ਵੱਲੋਂ ਮਹਾਂਵੀਰ ਚੱਕਰ ਮੇਜਰ ਭੁਪਿੰਦਰ ਸਿੰਘ ਦਾ ਬੁੱਤ ਤੇ ਟੈਂਕ ਲੁਧਿਆਣਾ ਦੇ ਭਾਰਤ ਨਗਰ ਚੌਕ ਵਿਖੇ ਸਥਾਪਤ ਕਰਨ ਲਈ ਸੰਘਰਸ਼ ਕੀਤਾ ਜਾ ਰਿਹਾ ਹੈ। ਸੰਘਰਸ਼ ਦੇ ਨਤੀਜੇ ਵਜੋਂ ਭਾਰਤ ਨਗਰ ਚੌਕ ਵਿਖੇ ਸ਼ਹੀਦ ਦਾ ਬੁੱਕ ਤੇ ਟੈਂਕ ਸਥਾਪਿਤ ਕਰਨ ਦੀ ਸ਼ੁਰੂਵਾਤ ਹੋ ਗਈ ਹੈ। ਲੁਧਿਆਣਾ ਦੇ ਭਾਰਤ ਨਗਰ ਚੌਕ ਵਿਖੇ ਐਲੀਵੇਟਿਡ ਰੋਡ ਦੀ ਉਸਾਰੀ ਕਰਨ ਸਮੇਂ ਸ਼ਹੀਦ ਦਾ ਬੁੱਤ ਤੇ ਟੈਂਕ ਪਹਿਲਾਂ ਸਰਕਾਰੀ ਕਾਲਜ ਲੜਕੀਆਂ ਦੇ ਬਾਹਰ ਸਥਾਪਤ ਕੀਤਾ ਗਿਆ, ਉਸ ਤੋਂ ਬਾਅਦ ਬੁੱਤ ਤੇ ਟੈਂਕ ਰੋਜ਼ ਗਾਰਡ ਵਿਖੇ ਸਥਾਪਤ ਕੀਤਾ ਗਿਆ ਸੀ। ਐਲੀਵੇਟਿਡ ਰੋਡ ਤੇ ਹੋਰ ਵਿਕਾਸ ਕਾਰਜ ਪੂਰਾ ਹੋਣ ਤੋਂ ਬਾਅਦ ਇਸ ਚੌਕ ਵਿਚ ਹੀਰੋ ਸਾਈਕਲ ਨੇ ਆਪਣੇ ਬੋਰਡ ਲਗਾ ਕੇ ਚੌਕ ਦੇ ਵਿਕਾਸ ਵੱਡਾ ਸਾਈਕਲ ਖੜ੍ਹਾ ਕਰ ਦਿੱਤਾ ਸੀ। ਪਰ ਸੰਘਰਸ਼ ਤੋਂ ਬਾਅਦ ਪ੍ਰਸ਼ਾਸਨ ਨੇ ਸਾਈਕਲ ਨੂੰ ਹਟਾ ਕੇ ਸ਼ਹੀਦ ਦਾ ਬੁੱਤ ਤੇ ਟੈਂਕ ਸਥਾਪਤ ਕਰਨ ਦਾ ਭਰੌਸਾ ਦੁਆਇਆ ਸੀ। ਸ਼ਹੀਦ ਮੇਜਰ ਭੁਪਿੰਦਰ ਸਿੰਘ ਦਾ ਬੁੱਤ ਤੇ ਟੈਂਕ ਭਾਰਤ ਨਗਰ ਚੌਕ ਵਿਖੇ ਸਥਾਪਤ ਕਰਨ ਲਈ ਪੁੱਜ ਚੁੱਕੇ ਹਨ। ਟੈਂਕ ਨੂੰ ਸਥਾਪਤ ਕਰ ਦਿੱਤਾ ਗਿਆ ਹੈ, ਜਦਕਿ ਸ਼ਹੀਦ ਦੇ ਬੁੱਤ ਨੂੰ ਸਥਾਪਿਤ ਕਰਨ ਦਾ ਕੰਮ ਚੱਲ ਰਿਹਾ ਹੈ। ਪੀਏਸੀ ਦੇ ਕਾਰਕੁੰਨ ਕੁਲਦੀਪ ਸਿੰਘ ਖਹਿਰਾ, ਕਪਿਲ ਅਰੋੜਾ, ਡਾ. ਅਮਨਦੀਪ ਸਿੰਘ ਅਤੇ ਜਸਕੀਰਤ ਸਿੰਘ ਨੇ ਕਿਹਾ ਕਿ ਮੇਜਰ ਭੁਪਿੰਦਰ ਸਿੰਘ ਮਹਾਂਵੀਰ ਚੱਕਰ ਵਿਜੇਤਾ ਦਾ ਬੁੱਤ ਅਤੇ ਜੰਗ ਵਿਚ ਕਬਜ਼ੇ ਵਿਚ ਲਿਆ ਗਿਆ ਟੈਂਕ ਭਾਰਤ ਨਗਰ ਚੌਕ ‘ਤੇ ਪਹੁੰਚ ਚੁੱਕੇ ਹਨ ਅਤੇ ਉਨ੍ਹਾਂ ਦੀ ਮੁੜ ਸਥਾਪਨਾ ਦੀ ਪ੍ਰਕਿਰਿਆ ਜਾਰੀ ਹੈ। ਇਹ ਕਦਮ ਲੁਧਿਆਣੇ ਸ਼ਹਿਰ ਦੀ ਵਿਰਾਸਤ ਨੂੰ ਮੁੜ ਬਹਾਲ ਕਰਨ ਅਤੇ ਇਕ ਰਾਸ਼ਟਰੀ ਹੀਰੋ ਦੀ ਯਾਦ ਨੂੰ ਸਨਮਾਨ ਦੇਣ ਵੱਲ ਮਹੱਤਵਪੂਰਨ ਪੜਾਅ ਹੈ। ਪਬਲਿਕ ਐਕਸ਼ਨ ਕਮੇਟੀ ਇਸ ਮਾਮਲੇ ਨੂੰ ਉਭਾਰਨ ਵਿਚ ਨਾਗਰਿਕਾਂ, ਸਾਬਕਾ ਫੌਜੀਆਂ ਅਤੇ ਹੋਰ ਧਿਰਾਂ ਵੱਲੋਂ ਨਿਭਾਈ ਗਈ ਰਚਨਾਤਮਕ ਭੂਮਿਕਾ ਦੀ ਸਰਾਹਨਾ ਕੀਤੀ। ਉਨ੍ਹਾਂ ਕਿਹਾ ਕਿ ਸਾਬਕਾ ਫੌਜੀਆਂ ਵੱਲੋਂ ਫੌਜੀ ਅਧਿਕਾਰੀਆਂ, ਜਿਸ ਵਿਚ ਨਾਰਦਰਨ ਕਮਾਂਡ ਵੀ ਸ਼ਾਮਲ ਹੈ, ਉਸ ਵੱਲੋਂ ਕੀਤੀਆਂ ਗਈਆਂ ਅਪੀਲਾਂ ਨਾਲ ਸਿਵਲ ਪ੍ਰਸ਼ਾਸਨ ਨਾਲ ਸੰਪਰਕ ਬਣਿਆ ਅਤੇ ਇਸ ਨਤੀਜੇ ਤੱਕ ਪਹੁੰਚਣ ਵਿਚ ਯੋਗਦਾਨ ਮਿਲਿਆ। ਉਨ੍ਹਾਂ ਕਿਹਾ ਕਿ ਪੀਏਸੀ ਮੱਤੇਵਾੜਾ ਜ਼ੋਰ ਦਿੰਦੀ ਹੈ ਕਿ ਇਹ ਮੁੜ ਸਥਾਪਨਾ ਪੂਰੀ ਇੱਜ਼ਤ ਅਤੇ ਮਰਿਆਦਾ ਨਾਲ ਹੋਣੀ ਚਾਹੀਦੀ ਹੈ, ਜੋ ਮੇਜਰ ਭੁਪਿੰਦਰ ਸਿੰਘ ਦੀ ਕੁਰਬਾਨੀ ਦੇ ਅਨੁਕੂਲ ਹੋਵੇ। ਸਮਾਰਕ ਦਾ ਡਿਜ਼ਾਇਨ, ਸਥਿਤੀ, ਰੋਸ਼ਨੀ ਤੇ ਦੇਖਭਾਲ ਇਸ ਤਰ੍ਹਾਂ ਹੋਣੀ ਚਾਹੀਦੀ ਹੈ ਕਿ ਉੱਚ ਦ੍ਰਿਸ਼ਟਤਾ, ਸੁਰੱਖਿਆ ਤੇ ਲੰਬੇ ਸਮੇਂ ਲਈ ਸਨਮਾਨ ਯਕੀਨੀ ਬਣ ਸਕੇ। ਉਨ੍ਹਾਂ ਕਿਹਾ ਕਿ ਇਹ ਵੀ ਜ਼ਰੂਰੀ ਹੈ ਕਿ “ਭਾਰਤ ਨਗਰ ਚੌਂਕ” ਦਾ ਅਸਲੀ ਨਾਮ ਪ੍ਰਮੁੱਖ ਤੌਰ ‘ਤੇ ਮੁੜ ਲਿਖਿਆ ਜਾਵੇ। ਮੌਜੂਦਾ ਖਰਾਬ ਸਾਈਨਬੋਰਡ ਨੂੰ ਬਦਲ ਕੇ ਢੰਗ ਨਾਲ ਅਤੇ ਇਕਸਾਰ ਸਾਈਨਬੋਰਡ ਲਗਾਏ ਜਾਣ, ਜਿਨ੍ਹਾਂ ‘ਚ ਕਾਨੂੰਨੀ ਲੋੜਾਂ ਤੇ ਸਥਾਨਕ ਸੱਭਿਆਚਾਰਕ ਸੰਦਰਭ ਦੇ ਅਨੁਸਾਰ ਪੰਜਾਬੀ ਭਾਸ਼ਾ ਦਾ ਯੋਗ ਪ੍ਰਯੋਗ ਹੋਵੇ।ਉਨ੍ਹਾਂ ਕਿਹਾ ਕਿ ਪੀਏਸੀ ਮੱਤੇਵਾੜਾ ਸਾਰੇ ਸਬੰਧਤ ਪੱਖਾਂ ਨਾਲ ਰਚਨਾਤਮਕ ਢੰਗ ਨਾਲ ਜੁੜਿਆ ਰਹੇਗਾ, ਤਾਂ ਜੋ ਸਮਾਰਕ ਦੀ ਪੂਰੀ ਤਰ੍ਹਾਂ ਮੁੜ ਸਥਾਪਨਾ ਹੋ ਸਕੇ ਅਤੇ ਇਸ ਸਥਾਨ ਦੀ ਮਰਿਆਦਾ ਭਵਿੱਖ ਦੀਆਂ ਪੀੜ੍ਹੀਆਂ ਲਈ ਕਾਇਮ ਰਹੇ।