ਇਕਬਾਲ ਨਰਸਿੰਗ ਹੋਮ ਐਂਡ ਹਸਪਤਾਲ ਨੇ ਸਿਹਤ ਸੇਵਾਵਾਂ ’ਚ 50 ਸਾਲਾਂ ਦੀ ਸ਼ਾਨਦਾਰ ਯਾਤਰਾ ਦਾ ਜਸ਼ਨ ਮਨਾਇਆ
ਜ਼ਰੂਰੀ ਖ਼ਬਰ-ਇਕਬਾਲ ਨਰਸਿੰਗ ਹੋਮ ਐਂਡ ਹਸਪਤਾਲ ਨੇ ਸਿਹਤ ਸੇਵਾਵਾਂ ’ਚ 50 ਸਾਲਾਂ ਦੀ ਸ਼ਾਨਦਾਰ ਯਾਤਰਾ ਦਾ ਜਸ਼ਨ ਮਨਾਇਆ
Publish Date: Sat, 11 Apr 2026 06:36 PM (IST)
Updated Date: Sat, 11 Apr 2026 06:38 PM (IST)

ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ ਇਕਬਾਲ ਨਰਸਿੰਗ ਹੋਮ ਐਂਡ ਹਸਪਤਾਲ ਸ਼ਹਿਰ ਦੀਆਂ ਪ੍ਰਮੁੱਖ ਸਿਹਤ ਸੰਸਥਾਵਾਂ ਵਿਚੋਂ ਇਕ ਹੈ। ਹਸਪਤਾਲ ਨੇ ਆਪਣਾ ਗੋਲਡਨ ਜੁਬਲੀ ਸਮਾਰੋਹ ਸ਼ਾਨੋ-ਸ਼ੌਕਤ ਨਾਲ ਮਨਾਇਆ। ਇਹ ਮੌਕਾ ਸਿਹਤ ਸੇਵਾਵਾਂ ਵਿਚ ਉੱਤਮਤਾ, ਮਨੁੱਖਤਾ ਤੇ ਅਗੇਤੀ ਉਪਲਬਧੀਆਂ ਦੇ 50 ਸਾਲ ਪੂਰੇ ਹੋਣ ਦੀ ਨਿਸ਼ਾਨੀ ਹੈ। 1975 ਵਿਚ ਲੱਕੜ ਬ੍ਰਿਜ ਪੁੱਲ ਨੇੜੇ ਦੋ ਕਮਰਿਆਂ ਦੇ ਛੋਟੇ ਕਲੀਨਿਕ ਵਜੋਂ ਸ਼ੁਰੂ ਹੋਇਆ ਇਹ ਹਸਪਤਾਲ ਅੱਜ ਨਾ ਸਿਰਫ ਲੁਧਿਆਣਾ ਸਗੋਂ ਪੂਰੇ ਉੱਤਰੀ ਭਾਰਤ ਵਿਚ ਭਰੋਸੇਯੋਗ ਸਿਹਤ ਕੇਂਦਰ ਵਜੋਂ ਆਪਣੀ ਪਹਿਚਾਣ ਬਣਾ ਚੁੱਕਿਆ ਹੈ। ਇਸ ਵਿਸ਼ੇਸ਼ ਮੌਕੇ ਇਕ ਭਵਿਆ ਸਮਾਰੋਹ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਹਸਪਤਾਲ ਦੀ ਪ੍ਰੇਰਣਾਦਾਇਕ ਯਾਤਰਾ ਨੂੰ ਦਰਸਾਉਂਦੀ ਕਾਫੀ ਟੇਬਲ ਬੁੱਕ “ਬੌਰਨ ਟੂ ਸਰਵ” ਨੂੰ ਮਹਿਮਾਨਾਂ ਵੱਲੋਂ ਲੋਕ ਅਰਪਣ ਕੀਤਾ ਗਿਆ, ਜਿਨ੍ਹਾਂ ਵਿਚ ਸੰਜੀਵ ਅਰੋੜਾ ਕੈਬਿਨੇਟ ਮੰਤਰੀ ਪੰਜਾਬ ਸਰਕਾਰ, ਹਿਮਾਂਸ਼ੂ ਜੈਨ ਡਿਪਟੀ ਕਮਿਸ਼ਨਰ ਲੁਧਿਆਣਾ, ਪ੍ਰਿੰਸੀਪਲ ਇੰਦਰਜੀਤ ਕੌਰ ਮੇਅਰ ਲੁਧਿਆਣਾ, ਨਰੇਸ਼ ਅਰੋੜਾ ਵਿਸ਼ੇਸ਼ ਡੀਜੀਪੀ ਪੰਜਾਬ, ਹਰਪ੍ਰੀਤ ਸਿੰਘ ਸੰਧੂ ਸੂਚਨਾ ਕਮਿਸ਼ਨਰ ਪੰਜਾਬ ਅਤੇ ਡਾ. ਰਮਨਦੀਪ ਕੌਰ ਆਹਲੂਵਾਲੀਆ ਸਿਵਲ ਸਰਜਨ ਲੁਧਿਆਣਾ ਸ਼ਾਮਲ ਸਨ। ਕਲੱਬ ਰੋਡ ਸਥਿਤ ਮੌਜੂਦਾ ਥਾਂ ਵਿਚ ਤਬਦੀਲ ਹੋਣ ਤੋਂ ਬਾਅਦ ਡਾ. ਇਕਬਾਲ ਦੀ ਦੂਰਦਰਸ਼ੀ ਅਗਵਾਈ ਹੇਠ ਹਸਪਤਾਲ ਨੇ ਲਗਾਤਾਰ ਤਰੱਕੀ ਕੀਤੀ। ਇਸ ਵਿਚ ਡਾ. ਪੁਸ਼ਪਿੰਦਰ ਕੌਰ, ਡਾ. ਬਰਿੰਦਰ ਕੌਰ ਆਹੂਜਾ, ਡਾ. ਐੱਮਐੱਸ ਚਾਵਲਾ, ਡਾ. ਜਗਜੀਤ ਸਿੰਘ ਆਹੂਜਾ ਦਾ ਵੀ ਮਹੱਤਵਪੂਰਨ ਯੋਗਦਾਨ ਰਿਹਾ। 1991 ਵਿਚ ਆਈਵੀਐੱਫ਼ ਸੇਵਾਵਾਂ ਦੀ ਸ਼ੁਰੂਆਤ ਹਸਪਤਾਲ ਦੀ ਇਕ ਵੱਡੀ ਉਪਲਬਧੀ ਸੀ, ਜਿਸ ਨਾਲ 1992 ਵਿਚ ਖੇਤਰ ਦਾ ਪਹਿਲਾ ਟੈਸਟ-ਟਿਊਬ ਬੇਬੀ ਜਨਮਿਆ। ਇਸ ਤੋਂ ਬਾਅਦ ਹਸਪਤਾਲ ਨੇ ਲਗਾਤਾਰ ਨਵੀਂ ਅਤੇ ਆਧੁਨਿਕ ਤਕਨੀਕਾਂ ਨੂੰ ਅਪਣਾਇਆ ਹੈ। ਚਿਕਿਤਸਾ ਸੇਵਾਵਾਂ ਤੋਂ ਇਲਾਵਾ ਡਾ. ਇਕਬਾਲ ਨੇ ਸਮਾਜਿਕ ਖੇਤਰ ਵਿੱਚ ਵੀ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਮੁਫ਼ਤ ਆਈਵੀਐਫ਼ ਇਲਾਜ, ਲੋੜਵੰਦ ਵਿਦਿਆਰਥੀਆਂ ਲਈ ਸਿੱਖਿਆ ਸਹਾਇਤਾ ਅਤੇ ਨਿਰਮਲ ਸਮਿਤੀ ਕੇਂਦਰ ਰਾਹੀਂ ਸਮਾਜ ਸੇਵਾ ਵਰਗੇ ਉਪਰਾਲਿਆਂ ਨੇ ਅਨੇਕਾਂ ਜ਼ਿੰਦਗੀਆਂ ਨੂੰ ਛੂਹਿਆ ਹੈ। ਗੋਲਡਨ ਜੁਬਲੀ ਦੇ ਇਸ ਮੌਕੇ ਇਹ ਸੰਸਥਾ ਭਰੋਸੇ, ਨਵੀਨਤਾ ਤੇ ਨਿਸ਼ਕਾਮ ਸੇਵਾ ਦਾ ਪ੍ਰਤੀਕ ਬਣ ਕੇ ਸਾਹਮਣੇ ਆਈ ਹੈ, ਜੋ ਸਮਾਜ ਵੱਲੋਂ ਮਿਲੇ ਅਟੁੱਟ ਪਿਆਰ ਤੇ ਵਿਸ਼ਵਾਸ ਨੂੰ ਦਰਸਾਉਂਦੀ ਹੈ।