ਬਿਜਲੀ ਕੱਟਾਂ ਤੋਂ ਡਾਹਢੇ ਦੁਖੀ ਉਦਯੋਗਪਤੀਆਂ
ਅਹਿਮ ਖ਼ਬਰ-ਬਿਜਲੀ ਕੱਟਾਂ ਤੋਂ ਦੁਖੀ ਉਦਯੋਗਪਤੀਆਂ ਨੇ ਬਿਜਲੀ ਨਿਗਮ ਦੇ ਚੀਫ਼ ਇੰਜਨੀਅਰ ਨੂੰ ਕੀਤੀ ਸ਼ਿਕਾਇਤ
Publish Date: Fri, 27 Feb 2026 08:25 PM (IST)
Updated Date: Sat, 28 Feb 2026 04:08 AM (IST)

ਬਿਜਲੀ ਨਿਗਮ ਦੇ ਚੀਫ਼ ਇੰਜਨੀਅਰ ਨੂੰ ਕੀਤੀ ਸ਼ਿਕਾਇਤ ਬਿਜਲੀ ਕੱਟ ਲਾਉਣ ਤੋਂ 2 ਜਾਂ 3 ਦਿਨ ਪਹਿਲਾਂ ਉਦਯੋਗਪਤੀਆਂ ਨੂੰ ਜਾਣਕਾਰੀ ਦੇਣ ਦੀ ਕੀਤੀ ਅਪੀਲ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਲੁਧਿਆਣਾ ਪੰਜਾਬ ਦੀ ਸਨਅਤੀ ਰਾਜਧਾਨੀ ਲੁਧਿਆਣਾ ਦੇ ਉਦਯੋਗਪਤੀ ਅਣ-ਐਲਾਨੇ ਬਿਜਲੀ ਕੱਟਾਂ ਤੋਂ ਕਾਫ਼ੀ ਪ੍ਰੇਸ਼ਾਨ ਹਨ ਅਤੇ ਉਨ੍ਹਾਂ ਨੂੰ ਆਪਣੇ ਕਾਰਖ਼ਾਨੇ ਚਲਾਉਣੇ ਮੁਸ਼ਕਿਲ ਹੋਏ ਪਏ ਹਨ। ਬਿਜਲੀ ਕੱਟਾਂ ਤੋਂ ਦੁਖੀ ਉਦਯੋਗਪਤੀਆਂ ਦੀ ਪੰਜਾਬ ਰਾਜ ਬਿਜਲੀ ਨਿਗਮ ਦੇ ਉੱਚ ਅਧਿਕਾਰੀਆਂ ਤੱਕ ਆਵਾਜ਼ ਪਹੁੰਚਾਉਣ ਲਈ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂੰਫ਼ੈਕਚਰਜ਼ ਐਸੋਸੀਏਸ਼ਨ ਦੇ ਵਿੱਤ ਸਕੱਤਰ ਤੇ ਢੰਡਾਰੀ ਇੰਡਸਟਰੀਅਲ ਵੈਲਫ਼ੇਅਰ ਐਸੋਸੀਏਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਮੱਕੜ ਨੇ ਬਿਜਲੀ ਨਿਗਮ ਦੇ ਚੀਫ਼ ਇੰਜੀਨੀਅਰ ਨੂੰ ਸ਼ਿਕਾਇਤ ਕੀਤੀ ਹੈ। ਮੱਕੜ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਬਿਜਲੀ ਨਿਗਮ ਵੱਲੋਂ ਕੱਲ੍ਹ ਬਿਜਲੀ ਦਾ ਕੱਟ ਲਾਇਆ ਗਿਆ ਸੀ ਤੇ ਅੱਜ ਵੀ ਕਈ ਫੀਡਰਾਂ ਉੱਪਰ ਕੱਲ੍ਹ ਬਿਜਲੀ ਬੰਦ ਵਾਲੇ ਫੀਡਰਾਂ ’ਚੋਂ ਬਿਜਲੀ ਸਪਲਾਈ ਬੰਦ ਸੀ। ਮੱਕੜ ਨੇ ਕਿਹਾ ਕਿ ਬਿਜਲੀ ਨਿਗਮ ਵੱਲੋਂ ਉਦਯੋਗਿਕ ਇਲਾਕਿਆ ਵਿੱਚ ਜੋ ਬਿਜਲੀ ਦਾ 28 ਫ਼ਰਵਰੀ ਨੂੰ ਕੱਟ ਲਗਾਇਆ ਜਾ ਰਿਹਾ ਹੈ, ਉਹ ਕੱਟ ਐਤਵਾਰ 1 ਮਾਰਚ ਨੂੰ ਲਗਾਇਆ ਜਾਵੇ। ਉਨ੍ਹਾਂ ਕਿਹਾ ਕਿ ਹੌਲੀ ਦੀਆਂ ਛੁੱਟੀਆਂ ਹੋਣ ਕਰਕੇ ਅੱਗੋਂ ਵੀ ਕੰਮ ਠੱਪ ਰਹੇਗਾ, ਇਸ ਲਈ ਬਿਜਲੀ ਦੇ ਅਣਐਲਾਨੇ ਕੱਟਾਂ ਨੂੰ ਤੁਰੰਤ ਰੋਕਿਆ ਜਾਵੇ। ਮੱਕੜ ਨੇ ਕਿਹਾ ਕਿ ਜੇਕਰ ਉਦਯੋਗਿਕ ਇਲਾਕਿਆਂ ਵਿੱਚ ਬਿਜਲੀ ਦਾ ਕੱਟ ਲਗਾਇਆ ਜਾਂਦਾ ਹੈ, ਤਾਂ ਉਸ ਦੀ ਉਦਯੋਗਪਤੀਆਂ ਨੂੰ 2 ਜਾਂ 3 ਦਿਨ ਪਹਿਲਾਂ ਸੂਚਨਾ ਦਿੱਤੀ ਜਾਵੇ, ਕਿਉਂਕਿ ਅਣਐਲਾਨਿਆਂ ਬਿਜਲੀ ਕੱਟ ਲੱਗਣ ਨਾਲ ਉਦਯੋਗਪਤੀਆਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।