ਐੱਲਪੀਜੀ ਸਪਲਾਈ ਮੁੱਦੇ 'ਤੇ ਡੀਸੀ ਨੂੰ ਮਿਲੇ ਉਦਯੋਗਪਤੀ
ਅਹਿਮ ਖ਼ਬਰ-ਉਦਯੋਗਪਤੀਆਂ ਨੇ ਐਲਪੀਜੀ ਸਪਲਾਈ ਦੇ ਮੁੱਦੇ 'ਤੇ ਲੁਧਿਆਣਾ ਦੇ ਡੀਸੀ ਨਾਲ ਕੀਤੀ ਮੁਲਾਕਾਤ
Publish Date: Thu, 19 Mar 2026 06:18 PM (IST)
Updated Date: Fri, 20 Mar 2026 04:10 AM (IST)
- ਡੀਸੀ ਨੂੰ ਗੈਸ ਸਪਲਾਈ ਦੀ ਮੁਸ਼ਕਿਲ ਦਾ ਹੱਲ ਕਰਨ ਦੀ ਕੀਤੀ ਅਪੀਲ
ਪੁਨੀਤ ਬਾਵਾ, ਪੰਜਾਬੀ ਜਾਗਰਣ
ਲੁਧਿਆਣਾ : ਫੈੱਡਰੇਸ਼ਨ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜੇਸ਼ਨ (ਫਿਕੋ) ਦੇ ਇਕ ਵਫ਼ਦ ਨੇ ਗੁਰਮੀਤ ਸਿੰਘ ਕੁਲਾਰ ਪ੍ਰਧਾਨ ਦੇ ਨਾਲ ਜਤਿੰਦਰ ਮਿੱਤਲ ਚੇਅਰਮੈਨ ਯੂਸੀਪੀਐੱਮਏ, ਹਰਪਾਲ ਸਿੰਘ ਭੰਬਰ ਫਿਕੋ ਸਾਈਕਲ ਡਵੀਜ਼ਨ ਦੇ ਮੁਖੀ ਤੇ ਗੁਰਮੁਖ ਸਿੰਘ ਰੁਪਾਲ ਫਿਕੋ ਸਿਲਾਈ ਮਸ਼ੀਨ ਡਵੀਜ਼ਨ ਦੇ ਮੁਖੀ ਦੀ ਅਗਵਾਈ ਹੇਠ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨਾਲ ਮੁਲਾਕਾਤ ਕੀਤੀ ਅਤੇ ਉਦਯੋਗਾਂ ਤੇ ਉਦਯੋਗਿਕ ਕੰਟੀਨਾਂ ਲਈ ਐੱਲਪੀਜੀ ਸਪਲਾਈ ਦੀ ਘਾਟ ਬਾਰੇ ਇਕ ਮੰਗ ਪੱਤਰ ਸੌਂਪਿਆ। ਵਫ਼ਦ ਨੇ ਕਿਹਾ ਕਿ ਹਾਲ ਹੀ ’ਚ ਇਜ਼ਰਾਈਲ-ਈਰਾਨ ਟਕਰਾਅ ਅਤੇ ਤੇਲ ਤੇ ਗੈਸ ਸਪਲਾਈ 'ਤੇ ਇਸ ਦੇ ਪ੍ਰਭਾਵ ਕਾਰਨ, ਸਰਕਾਰ ਨੇ ਐੱਲਪੀਜੀ ਦੀ ਵਰਤੋਂ ਮੁੱਖ ਤੌਰ 'ਤੇ ਘਰੇਲੂ, ਹਸਪਤਾਲਾਂ ਤੇ ਰੱਖਿਆ ਖੇਤਰਾਂ ਤੱਕ ਸੀਮਤ ਕਰ ਦਿੱਤੀ ਹੈ। ਫਿਕੋ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਉਦਯੋਗ "ਸਮੇਂ ਸਿਰ" ਪ੍ਰਣਾਲੀ ’ਤੇ ਕੰਮ ਕਰਦੇ ਹਨ ਤੇ ਘਰਾਂ ਵਾਂਗ ਵਾਧੂ ਸਟਾਕ ਨਹੀਂ ਰੱਖਦੇ। ਇਸ ਕਾਰਨ, ਲੁਧਿਆਣਾ ’ਚ ਬਹੁਤ ਸਾਰੇ ਉਦਯੋਗ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਕੁਲਾਰ ਨੇ ਕਿਹਾ ਕਿ ਆਰਥਿਕ ਚੱਕਰ ਨੂੰ ਚਲਦਾ ਰੱਖਣ ਲਈ ਉਦਯੋਗਾਂ ਦੇ ਕੰਮ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਨਹੀਂ ਤਾਂ ਰੁਜ਼ਗਾਰ ਨੂੰ ਨੁਕਸਾਨ ਹੋਵੇਗਾ ਤੇ ਕਰਮਚਾਰੀਆਂ ਨੂੰ ਵੀ, ਇਸ ਨੂੰ ਵੀ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਫਿਕੋ ਨੇ ਹੋਰ ਨੁਕਸਾਨ ਤੋਂ ਬਚਣ ਅਤੇ ਉਦਯੋਗਾਂ ਦੇ ਸੁਚਾਰੂ ਕੰਮਕਾਜ ਨੂੰ ਯਕੀਨੀ ਬਣਾਉਣ ਲਈ ਤੁਰੰਤ ਕਾਰਵਾਈ ਦੀ ਬੇਨਤੀ ਕੀਤੀ।
ਗੈਸ ਦੀ ਘਾਟ ਕਾਰਨ ਆ ਰਹੀਆਂ ਮੁੱਖ ਸਮੱਸਿਆਵਾਂ
ਗੈਸ ਦੀ ਸਮੱਸਿਆ ਕਰਕੇ ਹੀਟ ਟਰੀਟਮੈਂਟ, ਫੋਰਜਿੰਗ, ਸਾਈਕਲ ਪਾਰਟਸ ਤੇ ਐਲਪੀਜੀ ਨੂੰ ਸਾਫ਼ ਬਾਲਣ ਵਜੋਂ ਵਰਤਣ ਵਾਲੀਆਂ ਹੌਜ਼ਰੀ ਇਕਾਈਆਂ ਨੇ ਪਿਛਲੇ 5 ਦਿਨਾਂ ਤੋਂ ਉਤਪਾਦਨ ਬੰਦ ਕਰ ਦਿੱਤਾ ਹੈ ਜਾਂ ਹੌਲੀ ਕਰ ਦਿੱਤਾ ਹੈ। ਐੱਲਪੀਜੀ ਦੀ ਉਪਲਬਧਤਾ ਨਾ ਹੋਣ ਕਾਰਨ ਉਦਯੋਗਿਕ ਕੰਟੀਨਾਂ ਕਾਮਿਆਂ ਲਈ ਭੋਜਨ ਪਕਾਉਣ ’ਚ ਅਸਮਰੱਥ ਹਨ।
ਫਿਕੋ ਨੇ ਡੀਸੀ ਨੂੰ ਦਿੱਤੇ ਸੁਝਾਅ
ਫਿਕੋ ਨੇ ਡੀਸੀ ਨੂੰ ਸੁਝਾਅ ਦਿੰਦਿਆਂ ਕਿਹਾ ਕਿ 422 ਕਿੱਲੋਗ੍ਰਾਮ ਉਦਯੋਗਿਕ ਐਲਪੀਜੀ ਸਿਲੰਡਰਾਂ ਦੀ ਸੀਮਤ ਸਪਲਾਈ ਦੀ ਆਗਿਆ ਦਿਓ, ਤਾਂ ਜੋ ਉਦਯੋਗ ਕੰਮ ਕਰਨਾ ਜਾਰੀ ਰੱਖ ਸਕਣ। ਕਾਮਿਆਂ ਲਈ ਭੋਜਨ ਤਿਆਰ ਕਰਨ ਲਈ ਉਦਯੋਗਿਕ ਕੰਟੀਨਾਂ ਲਈ 19 ਕਿੱਲੋਗ੍ਰਾਮ ਐੱਲਪੀਜੀ ਸਿਲੰਡਰਾਂ ਦੀ ਆਗਿਆ ਦਿਓ। ਮਹੱਤਵਪੂਰਨ ਜ਼ਰੂਰਤਾਂ ਲਈ 10 ਫ਼ੀਸਦੀ ਦਾ ਬਫਰ ਸਟਾਕ ਬਣਾਈ ਰੱਖਿਆ ਜਾਣਾ ਚਾਹੀਦਾ ਹੈ।