ਫਿਕੋ ਨੇ ਜੀਐੱਸਟੀ ਰਿਫੰਡ ਜਾਰੀ ਕਰਨ ਲਈ ਵਿੱਤ ਮੰਤਰੀ ਨੂੰ ਲਿਖਿਆ ਪੱਤਰ
ਅਹਿਮ ਖ਼ਬਰ-ਫਿਕੋ ਨੇ ਜੀਐਸਟੀ ਰਿਫੰਡ ਜਾਰੀ ਕਰਨ ਲਈ ਪੰਜਾਬ ਦੇ ਵਿੱਤ ਮੰਤਰੀ ਨੂੰ ਲਿਖਿਆ ਪੱਤਰ
Publish Date: Sat, 06 Jun 2026 07:11 PM (IST)
Updated Date: Sun, 07 Jun 2026 04:08 AM (IST)

ਰਿਟਰਨ ਫਾਈਲਿੰਗ ਤੋਂ ਬਾਅਦ ਇੱਕ ਆਟੋਮੈਟਿਕ ਤੇ ਸਮਾਂਬੱਧ ਰਿਫੰਡ ਵਿਧੀ ਪੇਸ਼ ਕਰਨ ਦੀ ਅਪੀਲ ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ ਪੰਜਾਬ ਸਰਕਾਰ ਵੱਲ ਉਦਯੋਗਪਤੀਆ ਤੇ ਵਪਾਰੀਆਂ ਦੇ ਕਰੋੜਾ ਰੁਪਏ ਜੀਐਸਟੀ ਰਿਫ਼ੰਡ ਬਕਾਇਆ ਪਿਆ ਹੈ, ਜਿਸ ਕਰ ਕੇ ਉਦਯੋਗਪਤੀਆਂ ਤੇ ਵਪਾਰੀਆਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੂੰ ਆਪਣੇ ਕਾਰੋਬਾਰ ਚਲਾਉਣੇ ਮੁਸ਼ਕਿਲ ਹੋਏ ਪਏ ਹਨ। ਫੈੱਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ (ਫਿਕੋ) ਨੇ ਜੀਐੱਸਟੀ ਰਿਫੰਡ ਸਮੇਂ ਸਿਰ ਜਾਰੀ ਕਰਨ ਸੰਬੰਧੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਇੱਕ ਪੱਤਰ ਲਿਖਿਆ। ਪੱਤਰ ਵਿੱਚ ਵਿੱਤ ਮੰਤਰੀ ਨੂੰ ਜੀਐੱਸਟੀ ਰਿਫ਼ੰਡ ਛੇਤੀ ਜਾਰੀ ਕਰਨ ਦੀ ਅਪੀਲ ਕੀਤੀ ਗਈ ਹੈ। ਫਿਕੋ ਨੇ ਸੁਝਾਅ ਦਿੱਤਾ ਕਿ ਇਹ ਭਾਰਤ ਸਰਕਾਰ ਵੱਲੋਂ ਈਸੀਐੱਲਜੀਐੱਸ 5.0 (ਐਮਰਜੈਂਸੀ ਕ੍ਰੈਡਿਟ ਲਾਈਨ ਗਰੰਟੀ ਸਕੀਮ) ਦੇ ਅਨੁਸਾਰ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਬੰਧਤ ਜੀਐੱਸਟੀ ਅਧਿਕਾਰੀਆਂ ਨਾਲ ਦਖਲ ਦੇਵੇ ਅਤੇ ਰਿਟਰਨ ਫਾਈਲਿੰਗ ਤੋਂ ਬਾਅਦ ਇੱਕ ਆਟੋਮੈਟਿਕ ਤੇ ਸਮਾਂ-ਬੱਧ ਰਿਫੰਡ ਵਿਧੀ ਪੇਸ਼ ਕਰੇ। ਜੀਐਸਟੀ ਰਿਫੰਡ ਨਾ ਤਾਂ ਸਬਸਿਡੀ ਹੈ ਅਤੇ ਨਾ ਹੀ ਗ੍ਰਾਂਟ ਇਹ ਉਦਯੋਗ ਦਾ ਆਪਣਾ ਪੈਸਾ ਹੈ ਅਤੇ ਬਿਨਾਂ ਦੇਰੀ ਦੇ ਜਾਰੀ ਕੀਤਾ ਜਾਣਾ ਚਾਹੀਦਾ ਹੈ। ਬਾਕਸ-- ਰਿਫੰਡ ਵੰਡ ’ਚ ਦੇਰੀ ਨਾਲ ਕਾਰਜਸ਼ੀਲ ਪੂੰਜੀ ਵਿੱਚ ਪੈ ਰਹੀ ਰੁਕਾਵਟ : ਕੁਲਾਰ ਫਿਕੋ ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਨੇ ਕਿਹਾ ਕਿ ਉਦਯੋਗਾਂ ਖਾਸ ਕਰਕੇ ਨਿਰਯਾਤਕਾਂ ਅਤੇ ਐੱਮਐੱਸਐੱਮਈ ਦੀ ਤਰਲਤਾ ਤੇ ਵਿੱਤੀ ਸਥਿਰਤਾ ਬਣਾਈ ਰੱਖਣ ਲਈ ਜੀਐਸਟੀ ਰਿਫੰਡ ਦੀ ਸਮੇਂ ਸਿਰ ਜਾਰੀ ਕਰਨਾ ਜ਼ਰੂਰੀ ਹੈ। ਰਿਫੰਡ ਵੰਡ ਵਿੱਚ ਦੇਰੀ ਨਾਲ ਕਾਰਜਸ਼ੀਲ ਪੂੰਜੀ ਵਿੱਚ ਰੁਕਾਵਟ, ਉਧਾਰ ਲੈਣ ਦੀ ਲਾਗਤ ਵਿੱਚ ਵਾਧਾ ਅਤੇ ਕਾਰੋਬਾਰਾਂ ਲਈ ਸੰਚਾਲਨ ਮੁਸ਼ਕਲਾਂ ਪੈਦਾ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਜੀਐਸਟੀ ਢਾਂਚਾ ਇੱਕ ਪਾਰਦਰਸ਼ੀ ਤੇ ਕੁਸ਼ਲ ਟੈਕਸ ਪ੍ਰਣਾਲੀ ਬਣਾਉਣ ਲਈ ਪੇਸ਼ ਕੀਤਾ ਗਿਆ ਸੀ ਅਤੇ ਤੁਰੰਤ ਰਿਫੰਡ ਪ੍ਰਕਿਰਿਆ ਇਸ ਉਦੇਸ਼ ਦਾ ਇੱਕ ਮੁੱਖ ਹਿੱਸਾ ਹੈ। ਕੁਲਾਰ ਨੇ ਕਿਹਾ ਕਿ ਅਸੀਂ ਸਰਕਾਰ ਨੂੰ ਜੀਐੱਸਟੀ ਰਿਫੰਡ ਦੀ ਸਮੇਂ ਸਿਰ ਜਾਰੀ ਕਰਨ ਨੂੰ ਯਕੀਨੀ ਬਣਾਉਣ ਦੀ ਅਪੀਲ ਕਰਦੇ ਹਾਂ, ਤਾਂ ਜੋ ਉਦਯੋਗ ਵਿਕਾਸ ਤੇ ਵਿਸਥਾਰ ਲਈ ਆਪਣੇ ਫੰਡਾਂ ਦੀ ਵਰਤੋਂ ਕਰ ਸਕਣ। ਬਾਕਸ-- ਜੀਐੱਸਟੀ ਰਿਫ਼ੰਡ ਵਿੱਚ ਦੇਰੀ ਹੋਣਾ ਗੰਭੀਰ ਚਿੰਤਾ ਵਾਲੀ ਗੱਲ : ਸਚਦੇਵਾ ਫਿਕੋ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਚਦੇਵਾ ਨੇ ਕਿਹਾ ਕਿ ਉਦਯੋਗ ਦੀ ਤਰਫੋਂ ਅਸੀਂ ਜੀਐਸਟੀ ਰਿਫੰਡ ਵਿੱਚ ਦੇਰੀ, ਖਾਸ ਕਰਕੇ ਉਲਟ ਡਿਊਟੀ ਢਾਂਚੇ ਦੇ ਕਾਰਨ, ਗੰਭੀਰ ਚਿੰਤਾ ਪ੍ਰਗਟ ਕਰਦੇ ਹਾਂ। ਉਨ੍ਹਾਂ ਕਿਹਾ ਕਿ ਸਾਈਕਲ, ਸਿਲਾਈ ਮਸ਼ੀਨਾਂ ਅਤੇ ਖੇਤੀਬਾੜੀ ਉਪਕਰਣ ਵਰਗੇ ਉਤਪਾਦ 5 ਫ਼ੀਸਦੀ ਜੀਐਸਟੀ ਸਲੈਬ ਦੇ ਅਧੀਨ ਆਉਂਦੇ ਹਨ, ਜਦੋਂ ਕਿ ਉਨ੍ਹਾਂ ਦੇ ਕੱਚੇ ਮਾਲ ਤੇ 18 ਼ਫੀਸਦੀ ਜੀਐੱਸਟੀ ਲੱਗਦਾ ਹੈ। ਨਤੀਜੇ ਵਜੋਂ ਉਦਯੋਗ ਦੀ ਕਾਰਜਸ਼ੀਲ ਪੂੰਜੀ ਦੀ ਕਾਫ਼ੀ ਮਾਤਰਾ ਰਿਫੰਡ ਦੇ ਰੂਪ ਵਿੱਚ ਸਰਕਾਰ ਕੋਲ ਰੁਕੀ ਰਹਿੰਦੀ ਹੈ। ਸਚਦੇਵਾ ਨੇ ਕਿਹਾ ਕਿ ਇਹ ਰੁਕਾਵਟ ਕਾਰਜਸ਼ੀਲ ਪੂੰਜੀ ਦੀ ਘਾਟ, ਬੈਂਕ ਸੀਮਾਵਾਂ ਦੀ ਬਹੁਤ ਜ਼ਿਆਦਾ ਵਰਤੋਂ ਅਤੇ ਉਦਯੋਗਾਂ ਤੇ ਵਿਆਜ ਦਾ ਬੋਝ ਵਧਾ ਰਹੀ ਹੈ। ਬਾਕਸ-- ਉਦਯੋਗਪਤੀ ਬੈਂਕਾਂ ਨੂੰ ਭਾਰੀ ਵਿਆਜ ਅਦਾ ਕਰਨ ਲਈ ਮਜਬੂਰ : ਮੱਕੜ ਫਿਕੋ ਦੇ ਪ੍ਰਚਾਰ ਸਕੱਤਰ ਸਤਨਾਮ ਸਿੰਘ ਮੱਕੜ ਨੇ ਕਿਹਾ ਕਿ ਸਰਕਾਰ ਸਾਡੇ ਜੀਐਸਟੀ ਰਿਫੰਡ ਤੇ ਕੋਈ ਵਿਆਜ ਨਹੀਂ ਦਿੰਦੀ, ਪਰ ਉਦਯੋਗਪਤੀਆਂ ਨੂੰ ਬੈਂਕਾਂ ਨੂੰ ਭਾਰੀ ਵਿਆਜ ਅਦਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਉਦਯੋਗਪਤੀ ਸਰਕਾਰ ਤੋਂ ਕੋਈ ਗ੍ਰਾਂਟ ਜਾਂ ਸਹਾਇਤਾ ਰਾਸ਼ੀ ਨਹੀਂ ਮੰਗ ਰਹੇ, ਸਗੋਂ ਜੀਐਸਟੀ ਰਿਫ਼ੰਡ ਸਾਡਾ ਆਪਣਾ ਪੈਸਾ ਹੈ ਅਤੇ ਇਸ ਨੂੰ ਸਵੈਚਾਲਿਤ ਮਾਸਿਕ ਪ੍ਰਣਾਲੀ ਨਾਲ ਜਾਰੀ ਕੀਤਾ ਜਾਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਉਦਯੋਗਪਤੀਆਂ ਦਾ ਪੈਸਾ ਸਮੇਂ ਸਿਰ ਉਨ੍ਹਾਂ ਦੇ ਖਾਤਿਆਂ ਵਿੱਚ ਰਿਫ਼ੰਡ ਕਰਨ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ।