ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਚਾਰ ਚਰਚਾ ਕਰਵਾਈ
ਅਹਿਮ ਖ਼ਬਰ-ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਚਾਰ ਚਰਚਾ ਕਰਵਾਈ
Publish Date: Sat, 28 Mar 2026 06:12 PM (IST)
Updated Date: Sat, 28 Mar 2026 06:14 PM (IST)

ਪ੍ਰੋ. ਜਗਮੋਹਨ ਤੇ ਐਡਵੋਕੇਟ ਜ਼ੀਰਖ ਨੇ ਭਾਰਤੀ ਹਾਕਮਾਂ ਉੱਪਰ ਸ਼ਹੀਦਾਂ ਦੇ ਵਿਚਾਰਾਂ ਨੂੰ ਨਾ ਅਪਣਾਉਣ ਦਾ ਦੋਸ਼ ਲਗਾਇਆ ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ ਸਥਾਨਕ ਜ਼ਿਲ੍ਹਾ ਕਚਹਿਰੀ ਵਿਖੇ ਸਥਿਤ ਪੈਨਸ਼ਨਰ ਭਵਨ ਵਿਚ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਚਾਰ ਚਰਚਾ ਦਾ ਪ੍ਰਬੰਧ ਕੀਤਾ ਗਿਆ। ਇਹ ਚਰਚਾ ਵੱਖ-ਵੱਖ ਜਥੇਬੰਦੀਆਂ ਵੱਲੋਂ ਪ੍ਰੋ. ਜਗਮੋਹਨ ਸਿੰਘ, ਹਰਪ੍ਰੀਤ ਜ਼ੀਰਖ, ਰਮਨਜੀਤ ਸੰਧੂ, ਜਸਵੰਤ ਜ਼ੀਰਖ, ਕਸਤੂਰੀ ਲਾਲ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਚਰਚਾ ਸਮਾਗਮ ਵਿਚ ਵੱਡੀ ਗਿਣਤੀ ਵਿਚ ਜਨਤਕ ਜਮਹੂਰੀ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਕਸਤੂਰੀ ਲਾਲ ਅਤੇ ਸਤੀਸ਼ ਸਚਦੇਵਾ ਵੱਲੋਂ ਗਾਏ ਇਨਕਲਾਬੀ ਗੀਤਾਂ ਉਪਰੰਤ ਸ਼ਹੀਦਾਂ ਨੂੰ ਫੁੱਲ ਭੇਟ ਕਰਨ ਨਾਲ ਹੋਈ। ਸੰਬੋਧਨ ਕਰਦਿਆਂ ਮੁੱਖ ਬੁਲਾਰਿਆਂ ਐਡਵੋਕੇਟ ਹਰਪ੍ਰੀਤ ਜ਼ੀਰਖ ਅਤੇ ਪ੍ਰੋਫੈਸਰ ਜਗਮੋਹਨ ਸਿੰਘ ਨੇ ਕਿਹਾ ਕਿ ਸ਼ਹੀਦਾਂ ਦੇ ਦਿਨ ਮਨਾਉਣਾ ਮਹਿਜ਼ ਇੱਕ ਰਸਮ ਬਣ ਕੇ ਨਾ ਰਹਿ ਜਾਵੇ, ਸਗੋਂ ਸ਼ਹੀਦਾਂ ਦਾ ਦਿਨ ਉਨ੍ਹਾਂ ਵੱਲੋਂ ਚਿਤਵੇ ਲੁੱਟ ਰਹਿਤ ਸਮਾਜ ਸਿਰਜਣ ਦੇ ਕਾਰਜ ਨੂੰ ਅੱਗੇ ਤੋਰਨ ਵਜੋਂ ਹੋਣਾ ਚਾਹੀਦਾ ਹੈ। ਸ਼ਹੀਦ ਭਗਤ ਸਿੰਘ ਜੋ ਕਿ ਗਦਰੀ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਰੂਸੀ ਇਨਕਲਾਬੀ ਆਗੂ ਲੈਨਿਨ ਨੂੰ ਆਪਣਾ ਆਦਰਸ਼ ਮੰਨਦਾ ਸੀ ਅਤੇ ਰੂਸ ਵਾਂਗ ਭਾਰਤ ਵਿਚ ਵੀ ਇਨਕਲਾਬ ਰਾਹੀਂ ਸਮਾਜਵਾਦ ਸਥਾਪਿਤ ਕਰਨਾ ਚਾਹੁੰਦਾ ਹੈ। ਜ਼ੀਰਖ ਨੇ ਮੁਗਲ ਰਾਜ ਵੇਲੇ ਤੋਂ ਅੱਜ ਤੱਕ ਦਾ ਇਤਿਹਾਸਿਕ ਪਿਛੋਕੜ ਸਾਂਝਾ ਕਰਦਿਆਂ ਹਕੂਮਤੀ ਜ਼ੁਲਮਾਂ ਖਿਲਾਫ ਵੱਖ ਗੁਰੂਆਂ ਅਤੇ ਉਹਨਾਂ ਤੋਂ ਬਾਅਦ ਗਦਰ ਲਹਿਰ ਸਮੇਤ 23 ਮਾਰਚ ਦੇ ਸ਼ਹੀਦਾਂ ਵੱਲੋਂ ਸਾਮਰਾਜੀ ਲੁੱਟ ਖ਼ਿਲਾਫ਼ ਨਿਭਾਈ ਸ਼ਾਨਾਮੱਤੀ ਭੂਮਿਕਾ ਨੂੰ ਬਾਖੂਬੀ ਪੇਸ਼ ਕੀਤਾ। ਉਹਨਾਂ ਮੌਜੂਦਾ ਭਾਰਤੀ ਹਾਕਮਾਂ ਦੀ ਅੰਗਰੇਜ਼ਾਂ ਨਾਲ ਤੁਲਨਾ ਕਰਦਿਆਂ ਕਿਹਾ ਕਿ ਇਹ ਸ਼ਹੀਦਾਂ ਦੇ ਬੁੱਤਾਂ ਨੂੰ ਹਾਰ ਤਾਂ ਪਹਿਨਾਉਂਦੇ ਹਨ, ਪਰ ਉਹਨਾਂ ਦੀ ਵਿਚਾਰ ਅਪਨਾਉਣ ਤੋਂ ਭੱਜਦੇ ਹਨ। ਇਸ ਦਾ ਸਬੂਤ ਅੰਗਰੇਜ਼ੀ ਰਾਜ ਤੋਂ ਵੀ ਖਤਰਨਾਕ ਕਾਨੂੰਨ ਅੱਜ ਵੀ ਭਾਰਤ ਵਿਚ ਲਾਗੂ ਕਰਨ ਤੋਂ ਮਿਲਦਾ ਹੈ, ਜਿਹਨਾਂ ਰਾਹੀਂ ਸਰਕਾਰ ਦੀ ਅਲੋਚਨਾ ਕਰਨ ਵਾਲੇ ਲੇਖਕਾਂ/ਬੁੱਧੀਜੀਵਿਆਂ/ ਪੱਤਰਕਾਰਾਂ/ਸਮਾਜਿਕ ਕਾਰਕੁਨਾਂ ‘ਤੇ ਝੂਠੇ ਕੇਸ ਦਰਜ ਕਰਕੇ ਜੇਲ੍ਹਾਂ ਵਿਚ ਬੰਦ ਕੀਤਾ ਜਾ ਰਿਹਾ । ਪ੍ਰੋ. ਜਗਮੋਹਨ ਸਿੰਘ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਨੇ ਇਨਕਲਾਬ ਜ਼ਿੰਦਾਬਾਦ ਦੇ ਨਾਲ ਸਾਮਰਾਜਵਾਦ ਮੁਰਦਾਬਾਦ ਦਾ ਨਾਅਰਾ ਵੀ ਦਿੱਤਾ ਸੀ ਪਰ ਮੌਜੂਦਾ ਸਰਕਾਰਾਂ ਜਾਣ ਬੁੱਝਕੇ ਇਸ ਮੁਰਦਾਬਾਦ ਨੂੰ ਨਜ਼ਰਅੰਦਾਜ਼ ਕਰ ਰਹੀਆਂ ਹਨ, ਜਦੋਂ ਕਿ ਸਾਮਰਾਜੀ ਮੁਲਕ ਗਰੀਬ ਮੁਲਕਾਂ ਦੇ ਕੁਦਰਤੀ ਸਰੋਤਾਂ ਦੀ ਲੁੱਟ ਕਰਦੇ ਆ ਰਹੇ ਹਨ। ਮੌਜੂਦਾ ਸਮੇਂ ਸਾਮਰਾਜੀ ਅਮਰੀਕਾ ਅਤੇ ਇਜ਼ਰਾਇਲ ਵੱਲੋਂ ਵਿਸ਼ਵ ਊਰਜਾ ਮੰਡੀ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਨਿਹੱਕੀ ਜੰਗਾਂ ਰਾਹੀਂ ਕੁਦਰਤੀ ਸਰੋਤਾਂ ਤੇ ਕਬਜ਼ਾ ਕਰਨ ਲਈ ਮਨੁੱਖਤਾ ਲਈ ਖਤਰਾ ਬਣ ਰਹੇ ਹਨ, ਜਿਸ ਦੀ ਮਾਰ ਪੂਰੇ ਵਿਸ਼ਵ ਨੂੰ ਝੱਲਣੀ ਪੈ ਰਹੀ ਹੈ। ਬੁਲਾਰਿਆਂ ਨੇ ਮੌਜੂਦਾ ਸਮੇਂ ਵਿੱਚ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ, ਵਿਦਿਆਰਥੀਆਂ, ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੇ ਦਿਖਾਏ ਰਾਹ ਤੇ ਚਲਦਿਆਂ ਸੰਘਰਸ਼ ਦੇ ਰਾਹ ਪੈ ਕੇ ਸਾਮਰਾਜੀ ਰਾਜ ਪ੍ਰਬੰਧ ਖ਼ਿਲਾਫ਼ ਉੱਠਣ ਦਾ ਸੰਦੇਸ਼ ਦਿੱਤਾ। ਸਵਾਲਾਂ ਦੇ ਦੌਰ ‘ਚ ਉਜਾਗਰ ਬੱਦੋਵਾਲ, ਮਾਸਟਰ ਰਾਜਿੰਦਰ ਜੰਡਿਆਲੀ, ਕਸਤੂਰੀ ਲਾਲ ਵੱਲੋਂ ਕੀਤੇ ਸਵਾਲਾਂ ਦੇ ਜਵਾਬ ਪ੍ਰੋ. ਜਗਮੋਹਨ ਸਿੰਘ ਵੱਲੋਂ ਤਸੱਲੀ ਬਖ਼ਸ ਦਿੱਤੇ ਗਏ।ਅੰਤ ਵਿੱਚ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਜ਼ੀਰਖ ਨੇ ਧੰਨਵਾਦ ਕਰਦਿਆਂ ਸਾਰੀਆਂ ਜੱਥੇਬੰਦੀਆਂ ਨੂੰ ਇੱਕ ਮੰਚ ‘ਤੇ ਇਕੱਠੇ ਹੋਕੇ ਅਗਲਾ ਪ੍ਰੋਗਰਾਮ ਉਲੀਕਣ ਦਾ ਸੱਦਾ ਦਿੱਤਾ। ਇਸ ਵਿਚਾਰ ਚਰਚਾ ਵਿਚ ਮੁਲਾਜ਼ਮ ਆਗੂ ਸੁਖਵਿੰਦਰ ਲੀਲ੍ਹ ਨੇ ਮੰਚ ਸੰਚਾਲਨ ਬਾਖੂਬੀ ਨਿਭਾਇਆ। ਇਸ ਵਿਚਾਰ ਚਰਚਾ ਦਾ ਸਮੁੱਚਾ ਪ੍ਰਬੰਧ ਜਮਹੂਰੀ ਅਧਿਕਾਰ ਸਭਾ ਪੰਜਾਬ, ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ-ਪੰਜਾਬ, ਤਰਕਸ਼ੀਲ ਸੁਸਾਇਟੀ ਪੰਜਾਬ (ਲੁਧਿਆਣਾ) ਪੰਜਾਬ ਲੋਕ ਸੱਭਿਆਚਾਰ ਮੰਚ, ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਨੌਜਵਾਨ ਸਭਾ ਜੱਥੇਬੰਦੀਆਂ ਵੱਲੋਂ ਕੀਤਾ ਗਿਆ ।ਸਮਾਗਮ ਵਿੱਚ ਔਰਤਾਂ ਦੀ ਗਿਣਤੀ ਵੀ ਸਲਾਘਾਯੋਗ ਸੀ ਜਿਹਨਾਂ ਵਿੱਚ ਪ੍ਰਵੀਨ ਕੁਮਾਰੀ, ਅਮਨਦੀਪ ਕੌਰ, ਇੰਦਰਜੀਤ ਕੌਰ, ਪਰਮਜੀਤ ਕੌਰ ਸੁਨੇਤ,ਜਸਵੀਰ ਕੌਰ ਦੁਗਰੀ ਸਮੇਤ ਜੱਥੇਬੰਦੀਆਂ ਦੇ ਹੋਰ ਨੁਮਾਇੰਦਿਆਂ ਵਿੱਚ ਡਾ. ਹਰਬੰਸ ਗਰੇਵਾਲ, ਪ੍ਰੋ. ਏਕੇ ਮਲੇਰੀ, ਅਰੁਣ ਕੁਮਾਰ, ਬਲਦੇਵ ਔਲਖ (ਕੈਨੇਡਾ), ਐਡਵੋਕੇਟ ਨਰਿੰਦਰ, ਉੱਘੇ ਸਮਾਜ ਚਿੰਤਕ ਬਲਕੌਰ ਸਿੰਘ ਗਿੱਲ, ਡਾ. ਬਲਵਿੰਦਰ ਔਲਖ, ਤਰਲੋਚਨ ਝਾਂਡੇ, ਬਲਵਿੰਦਰ ਸਿੰਘ, ਅਜਮੇਰ ਦਾਖਾ, ਪ੍ਰਮਜੀਤ ਸਿੰਘ, ਤਰਲੋਚਨ ਪਨੇਸਰ , ਧਰਮਪਾਲ ਸਿੰਘ, ਮਾਸਟਰ ਰੁਪਿੰਦਰ ਪਾਲ ਗਿੱਲ, ਮਾਸਟਰ ਪ੍ਰਮਜੀਤ ਪਨੇਸਰ, ਮਲਕੀਤ ਮਾਲੜਾ ਤੇ ਹੋਰ ਵੱਡੀ ਗਿਣਤੀ ਵਿੱਚ ਹਮਦਰਦ ਅਤੇ ਕਾਰਕੁੰਨ ਸ਼ਾਮਲ ਸਨ।