ਕਾਂਗਰਸੀਆਂ ਵੱਲੋਂ ਡਾਬਰ ਦੇ ਘਰ 2027 ਦੀਆਂ ਵਿਧਾਨ ਸਭਾ ਚੋਣਾਂ ਬਾਰੇ ਵਿਚਾਰ-ਵਟਾਂਦਰਾ
ਅਹਿਮ ਖ਼ਬਰ-ਕਾਂਗਰਸੀਆਂ ਵੱਲੋਂ ਡਾਬਰ ਦੇ ਘਰ ਦੁਪਿਹਰ ਦੇ ਖਾਣੇ ’ਤੇ 2027 ਦੀਆਂ ਵਿਧਾਨ ਸਭਾ ਚੋਣਾਂ ਬਾਰੇ ਵਿਚਾਰ ਵਟਾਂਦਰਾ
Publish Date: Wed, 08 Apr 2026 07:55 PM (IST)
Updated Date: Thu, 09 Apr 2026 04:09 AM (IST)

- ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਤੇ ਏਆਈਸੀਸੀ ਦੇ ਸਕੱਤਰ ਰਵਿੰਦਰ ਡਾਲਵੀ ਵਿਸ਼ੇਸ਼ ਤੌਰ ’ਤੇ ਰਹੇ ਹਾਜ਼ਰ - ਸਾਬਕਾ ਕੈਬਨਿਟ ਮੰਤਰੀ ਆ਼ਸ਼ੂ ਤੇ ਪਾਂਡੇ ਗੈਰ ਹਾਜ਼ਰ ਰਹੇ, ਬੈਂਸ ਭਰਾਵਾਂ ਤੇ ਚੀਮਾ ਦੀ ਹਾਜ਼ਰੀ ’ਚ ਚਰਚਾ ਫ਼ੋਟੋ ਨੰਬਰ-18 ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ : ਪੰਜਾਬ ਦੀ ਸਨਅਤੀ ਰਾਜਧਾਨੀ ਲੁਧਿਆਣਾ ਵਿੱਚ ਸਾਬਕਾ ਵਿਧਾਇਕ ਸੁਰਿੰਦਰ ਡਾਬਰ ਦੇ ਗ੍ਰਹਿ ਵਿਖੇ ਮਹਾਂਨਗਰ ਦੇ ਸੀਨੀਅਰ ਕਾਂਗਰਸੀਆਂ ਵੱਲੋਂ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਬਾਰੇ ਚਰਚਾ ਕੀਤੀ ਗਈ। ਮੀਟਿੰਗ ਵਿੱਚ ਕੁੱਲ ਹਿੰਦ ਕਾਂਗਰਸ ਦੇ ਸਕੱਤਰ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਰਵਿੰਦਰ ਡਾਲਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਉਨ੍ਹਾਂ ਨੇ ਕਾਂਗਰਸੀਆਂ ਤੋਂ ਪੰਜਾਬ ਖਾਸਕਰ ਲੁਧਿਆਣਾ ਦੇ ਮੌਜੂਦਾ ਰਾਜਸੀ ਹਲਾਤਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਨੇ ਕਾਂਗਰਸੀਆਂ ਨੂੰ ਇੱਕਜੁੱਟ ਹੋ ਕੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਆਰੰਭਣ ਦੀ ਵੀ ਅਪੀਲ ਕੀਤੀ। ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਤੇ ਸਾਬਕਾ ਵਿਧਾਇਕ ਸੰਜੇ ਤਲਵਾੜ, ਸਾਬਕਾ ਵਿਧਾਇਕ ਸੁਰਿੰਦਰ ਡਾਵਰ, ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ, ਸਾਬਕਾ ਵਿਧਾਇਕ ਜਥੇਦਾਰ ਬਲਵਿੰਦਰ ਸਿੰਘ ਬੈਂਸ, ਹਲਕਾ ਲੁਧਿਆਣਾ ਦੱਖਣੀ ਦੇ ਇੰਚਾਰਜ ਈਸ਼ਵਰਜੋਤ ਸਿੰਘ ਚੀਮਾ, ਮਾਨਿਕ ਡਾਬਰ ਨੇ ਆਪੋ ਆਪਣੇ ਹਲਕਿਆਂ ਦੀ ਰਿਪੋਰਟ ਦਿੱਤੀ ਅਤੇ ਕਾਂਗਰਸੀ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨ ਲਈ ਆਪਣੇ ਸੁਝਾਅ ਦਿੱਤੇ। ਕਾਂਗਰਸੀਆਂ ਨੇ 2027 ਵਿੱਚ ਪੰਜਾਬ ਅੰਦਰ ਆਪਣੀ ਸਰਕਾਰ ਬਣਾਉਣ ਲਈ ਇੱਕਜੁੱਟ ਰਹਿਣ ਤੇ ਪਾਰਟੀ ਦੀ ਭਲਾਈ ਲਈ ਕਾਰਜ ਕਰਨ ਦਾ ਵੀ ਪ੍ਰਣ ਲਿਆ। ਡਾਲਵੀ ਨੇ ਸਾਰਿਆਂ ਨੂੰ ਇੱਕਜੁੱਟਤਾ ਤੇ ਅਨੁਸ਼ਾਸਨ ਦਾ ਪਾਠ ਪੜ੍ਹਾਇਆ ਅਤੇ ਕਿਹਾ ਕਿ ਜੇਕਰ ਕਿਸੇ ਵੀ ਆਗੂ ਨੂੰ ਪਾਰਟੀ ਜਾਂ ਕਿਸੇ ਆਗੂ ਨਾਲ ਕੋਈ ਗਿਲਾ ਸ਼ਿਕਵਾ ਜਾਂ ਸ਼ਿਕਾਇਤ ਹੈ,ਤਾਂ ਉਹ ਆਪਣੀ ਗੱਲ ਮੀਡੀਆ ਵਿੱਚ ਰੱਖਣ ਦੀ ਬਜਾਏ ਪਾਰਟੀ ਦੇ ਅੰਦਰ ਰੱਖਣ। ਕਾਂਗਰਸੀ ਆਗੂਆਂ ਦੀ ਮੀਟਿੰਗ ਵਿੱਚ ਸਾਬਕਾ ਕੈਬਨਿਟ ਮੰਤਰੀ ਤੇ ਪੰਜਾਬ ਕਾਂਗਰਸ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਅਤੇ ਸਾਬਕਾ ਮੰਤਰੀ ਤੇ ਹਲਕਾ ਲੁਧਿਆਣਾ ਉੱਤਰੀ ਦੇ ਇੰਚਾਰਜ ਰਾਕੇਸ਼ ਪਾਂਡੇ ਦੀ ਗੈਰ ਹਾਜ਼ਰੀ ਦੀ ਕਾਫ਼ੀ ਚਰਚਾ ਚੱਲ ਰਹੀ ਹੈ। ਇਹ ਵੀ ਚਰਚਾ ਹੈ ਕਿ ਹਲਕਾ ਲੁਧਿਆਣਾ ਦੱਖਣੀ ਤੋਂ 2022 ਦੀ ਵਿਧਾਨ ਸਭਾ ਚੋਣ ਵਿੱਚ ਕਾਂਗਰਸ ਪਾਰਟੀ ਵੱਲੋਂ ਈਸ਼ਵਰਜੋਤ ਸਿੰਘ ਚੀਮਾ ਅਤੇ ਆ਼ਜਾਦ ਉਮੀਦਵਾਰ ਵਜੋਂ ਜਥੇਦਾਰ ਬਲਵਿੰਦਰ ਸਿੰਘ ਬੈਂਸ ਨੇ ਚੋਣ ਲੜੀ ਸੀ। ਹੁਣ ਦੋਵੇਂ ਆਗੁ ਕਾਂਗਰਸ ਪਾਰਟੀ ਦਾ ਹਿੱਸਾ ਹਨ। ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਦੋਵਾਂ ਵਿੱਚੋਂ ਕਿਹੜਾ ਆਗੁ ਵਿਧਾਨ ਸਭਾ ਦੀ ਟਿਕਟ ਲੈਣ ਵਿੱਚ ਕਾਮਯਾਬ ਹੁੰਦਾ ਹੈ। ਕਾਂਗਰਸ ਪਾਰਟੀ ਲਈ ਇਸ ਹਲਕਾ ਤੋਂ ਟਿਕਟ ਦੇਣਾ ਖਾਲਾ ਜੀ ਦਾ ਵਾੜਾ ਨਹੀਂ ਹੋਵੇਗਾ ਅਤੇ ਪਾਰਟੀ ਲਈ ਇਹ ਟੇਢੀ ਖੀਰ ਸਾਬਿਤ ਹੋ ਸਕਦਾ ਹੈ।