- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਯੂਨਾਈਟਿਡ ਅਕਾਲੀ ਦਲ ਦੀ ਮੀਟਿੰਗ ਦੌਰਾਨ ਪੰਜਾਬ ਦੇ ਅਹਿਮ ਮਸਲਿਆਂ ਬਾਰੇ ਵਿਚਾਰ ਚਰਚਾ

ਪੰਜਾਬ ਸਰਕਾਰ ਨੂੰ ਹਰ ਫਰੰਟ ’ਤੇ ਫੇਲ੍ਹ ਐਲਾਨਿਆ, ਕਿਹਾ-ਸਰਕਾਰ ਵੱਲੋਂ ਕਿਸੇ ਵੀ ਮਸਲੇ ’ਚ ਨਹੀਂ ਦਿੱਤਾ ਗਿਆ ਇਨਸਾਫ਼
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ : ਯੂਨਾਈਟਿਡ ਅਕਾਲੀ ਦਲ ਦੇ ਆਗੂਆਂ ਦੀ ਇੱਕ ਅਹਿਮ ਮੀਟਿੰਗ ਭਾਈ ਗੁਰਦੀਪ ਸਿੰਘ ਬਠਿੰਡਾ ਦੀ ਅਗਵਾਈ ਵਿੱਚ ਹੋਈ। ਮੀਟਿੰਗ ਵਿੱਚ ਕਈ ਫੈਸਲੇ ਲਏ ਗਏ। ਗੱਲਬਾਤ ਕਰਦਿਆਂ ਬਠਿੰਡਾ, ਬੂਟਾ ਸਿੰਘ ਰਣਸੀਂਹ, ਜਤਿੰਦਰ ਸਿੰਘ ਈਸੜੂ, ਤਰੁਣ ਜੈਨ ਬਾਵਾ, ਸਰਬਜੀਤ ਸਿੰਘ ਅਲਾਲ, ਰਸ਼ਪਾਲ ਸਿੰਘ ਚੰਡੀਗੜ੍ਹ, ਐਡਵੋਕੇਟ ਵਰਿੰਦਰ ਕੁਮਾਰ ਖਾਰਾ, ਉਦਯੋਗਪਤੀ ਹਰਕੀਰਤ ਸਿੰਘ ਰਾਣਾ, ਜਸਵਿੰਦਰ ਸਿੰਘ ਘੋਲੀਆ, ਹਰਪਾਲ ਸਿੰਘ, ਹਰਬੰਸ ਸਿੰਘ, ਗੁਰਮੇਲ ਸਿੰਘ, ਨਵਦੀਪ ਸਿੰਘ ਲੁਧਿਆਣਾ, ਤਰੁਨਜੀਤ ਸਿੰਘ ਲੁਧਿਆਣਾ, ਗੁਰਜੀਤ ਸਿੰਘ ਗੁਰੀ, ਸੰਦੀਪ ਸਿੰਘ ਲੁਧਿਆਣਾ ਨੇ ਦੱਸਿਆ ਕਿ ਭਗਵੰਤ ਸਿੰਘ ਮਾਨ ਇੱਕ ਅਦਾਕਾਰ ਹੈ l ਅਦਾਕਾਰੀ ਕਾਰਨ ਉਸ ਨੇ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਹਾਸਲ ਕੀਤੀ ਹੈ l
ਐਕਟਿੰਗ ਅਸਲੀਅਤ ਨਹੀਂ ਹੁੰਦੀ ਪਰ ਕੁੱਝ ਥੋੜੇ ਸਮੇਂ ਲਈ ਲੋਕਾਂ ਨੂੰ ਪ੍ਰਭਾਵਿਤ ਕਰ ਜਾਂਦੀ ਹੈ l ਪ੍ਰੰਤੂ 24 ਘੰਟਿਆਂ ਵਿੱਚ ਪੰਜਾਬ ਦੇ ਮਸਲੇ ਹੱਲ ਕਰਨ, ਜਿਨਾਂ ਵਿੱਚ ਵਿਸ਼ੇਸ਼ ਤੌਰ ਤੇ ਬੰਦੀ ਸਿੰਘਾਂ ਦੀਆਂ ਰਿਹਾਈਆਂ ,ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ, ਚੁਟਕੀ ਵਿੱਚ ਐਮਐਸਪੀ ਦੇ ਵਾਅਦੇ, ਡਰੱਗ ਮਾਫੀਆ ਜਿਸ ਦਾ ਮੁਖੀ ਬਿਕਰਮ ਸਿੰਘ ਮਜੀਠੀਆ ਨੂੰ ਮੰਨਦੇ ਸਨ। ਬੇਅਦਬੀ ਤੇ ਬਹਿਬਲ ਗੋਲੀ ਕਾਂਡ, ਭ੍ਰਿਸ਼ਟਾਚਾਰ, ਕੇਬਲ ਮਾਫੀਆ, ਟਰਾਂਸਪੋਰਟ ਮਾਫੀਆ, ਰੇਤਾ -ਬਜਰੀ ਮਾਫੀਆ, ਸ਼ਰਾਬ ਮਾਫੀਆ, ਭੂਮੀ ਮਾਫੀਆ ਦਾ ਆਗੂ ਸੁਖਬੀਰ ਸਿੰਘ ਬਾਦਲ ਨੂੰ ਮੰਨਦੇ ਸਨ। ਉਨ੍ਹਾਂ ਕਿਹਾ ਕਿ ਉਸ ਵਿਰੁੱਧ ਅੱਜ ਤੱਕ ਕੋਈ ਕਾਰਵਾਈ ਕਿਉਂ ਨਹੀਂ ਹੋਈ।
ਭਗਵੰਤ ਸਿੰਘ ਮਾਨ, ਸੁਖਬੀਰ ਸਿੰਘ ਬਾਦਲ ਅਤੇ ਮਜੀਠੀਆ ਨੂੰ ਆਮ ਆਦਮੀ ਪਾਰਟੀ ਦੇ ਆਗੂ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਬਿਆਨਾਂ ਦਾ ਕਿਉਂ ਨਹੀਂ ਜਵਾਬ ਦੇ ਰਹੇ। ਜਿਸ ਵਿੱਚ ਉਸ ਨੇ ਰਾਘਵ ਚੱਡਾ, ਕੇਜਰੀਵਾਲ, ਭਗਵੰਤ ਸਿੰਘ ਮਾਨ, ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਏ ਦੇ ਸਮਝੌਤੇ ਬਾਰੇ ਕਿਹਾ ਗਿਆ ਹੈ ਕਿ ਇਹਨਾਂ ਦਾ ਆਪਸ ਵਿੱਚ ਸਮਝੌਤਾ ਹੋਇਆ ਹੈ। ਇਸ ਸਮਝੌਤੇ ਕਾਰਨ ਡਰੱਗ ਸਬੰਧੀ ਮਜੀਠੀਏ ਵਿਰੁੱਧ ਕੋਈ ਕਾਰਵਾਈ ਨਾ ਕਰਨ, ਬਹਿਬਲ ਕਤਲ ਕਾਂਢ, ਬੇਅਦਬੀ, ਟ੍ਰਾਂਸਪੋਰਟ ਮਾਫੀਆ ,ਰੇਤ ਮਾਫੀਆ, ਕੇਬਲ ਮਾਫੀਆ ਆਦਿ ਬਾਰੇ ਕੋਈ ਕਾਰਵਾਈ ਨਾ ਕਰਨ ਦੇ ਸਮਝੌਤੇ ਨੂੰ ਸਰਦਾਰ ਮਾਨ ਬਾਖੂਬੀ ਨਿਭਾਅ ਰਹੇ ਹਨ ਅਤੇ ਇਹ ਸਾਰੇ ਐਕਟਿੰਗ ਕਰਕੇ ਲੋਕਾਂ ਨੂੰ ਗੁਮਰਾਹ ਕਰਨ ਦਾ ਯਤਨ ਕਰ ਰਹੇ ਹਨ। ਸੁਖਬੀਰ ਵਿਰੁੱਧ ਜੋ ਕੇਸ ਸਾਹਮਣੇ ਆਇਆ ਹੈ, ਜਿਸ ਵਿੱਚ ਸੁਖਬੀਰ ਦੇ ਸੀਏ ਦਾ ਕੇਸ ਸਾਹਮਣੇ ਹੈ ਕਿ ਉਸ ਨੇ ਕਰੋੜਾਂ ਰੁਪਏ ਸ਼੍ਰੋਮਣੀ ਕਮੇਟੀ ਤੋਂ ਲਏ ਅਤੇ ਉਹ ਕੰਮ ਸੁਖਬੀਰ ਦੇ ਹੋਟਲਾਂ, ਟਰਾਂਸਪੋਰਟ ਤੇ ਹੋਰ ਕਾਰੋਬਾਰਾਂ ਦਾ ਕਰਦਾ ਰਿਹਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਵੀ ਹੁਕਮ ਜਾਰੀ ਹੋ ਚੁੱਕਿਆ ਹੈ ਕਿ ਕੋਹਲੀ ਤੋਂ ਕਰੋੜਾਂ ਰੁਪਏ ਵਾਪਸ ਲਏ ਜਾਣ।
ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਵੱਲੋਂ ਬਣਾਈ ਗਈ ਸਿੱਟ ਨੇ ਵੀ ਇਸ ਪੈਸੇ ਦੀ ਹੇਰਾ-ਫੇਰੀ ਸਬੰਧੀ ਸਪੱਸ਼ਟ ਕਰ ਦਿੱਤਾ ਹੈ। ਸੁਖਬੀਰ ਵੱਲੋਂ ਡੀਜੀਪੀ ਦਫਤਰ ਦਾ ਘਿਰਾਓ ਕਰਨ ਦਾ ਜੋ ਡਰਾਮਾ ਕੀਤਾ ਜਾ ਰਿਹਾ ਹੈ ਇਹ ਸੀਏ ਕੋਹਲੀ ਵੱਲੋਂ ਕੀਤੇ ਪ੍ਰਗਟਾਵਿਆਂ ਨੂੰ ਦਬਾਉਣ ਲਈ ਕੀਤਾ ਜਾ ਰਿਹਾ ਹੈ। ਯੂਨਾਈਟਿਡ ਅਕਾਲੀ ਦਲ ਇਸ ਡਰਾਮੇਬਾਜ਼ੀ ਨੂੰ ਬਰਦਾਸ਼ਤ ਨਹੀਂ ਕਰੇਗਾ ਤੇ ਡੀਜੀਪੀ ਨੂੰ ਮਿਲ ਕੇ ਇਸ ਗੱਲ ਤੇ ਜ਼ੋਰ ਪਾਏਗਾ ਕਿ ਉਹ ਕਾਨੂੰਨ ਮੁਤਾਬਿਕ ਕਾਰਵਾਈ ਕਰਨ। ਉਨ੍ਹਾਂ ਕਿਹਾ ਕਿ ਡੀਜੀਪੀ ਅਤੇ ਮਾਨ ਸਰਕਾਰ ਤੋਂ ਇਹ ਪੁੱਛਿਆ ਜਾਵੇਗਾ ਕਿ ਉਹ ਸੁਖਬੀਰ ਦਾ ਬਹਿਬਲ ਕਾਂਡ ਵਿੱਚ ਚਲਾਨ ਕਿਉਂ ਨਹੀਂ ਪੇਸ਼ ਕਰ ਰਹੇ, ਮਜੀਠੀਆ ਨੂੰ ਡਰੱਗ ਕੇਸ ਵਿੱਚ 10 ਅਗਸਤ 2022 ਨੂੰ ਅਦਾਲਤ ਵਿੱਚ ਜਮਾਨਤ ਕਰਨ ਦੀ ਪੰਜਾਬ ਸਰਕਾਰ ਨੇ ਕਿਉਂ ਸਹਿਮਤੀ ਦਿੱਤੀ ਤੇ ਅੱਜ ਤੱਕ ਉਸ ਦਾ ਚਲਾਨ ਕਿਉਂ ਨਹੀਂ ਪੇਸ਼ ਕੀਤਾ ਅਤੇ ਕੇਸ ਨੂੰ ਰਫਾ ਦਫਾ ਕਰ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਬਿਨਾਂ ਆਧਾਰ ਵਾਲੇ ਕੇਸ ਪਾ ਕੇ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਡਰੱਗ ਮਾਫੀਆ, ਰੇਤ ਮਾਫੀਆ, ਗੈਂਗਸਟਰਵਾਦ, ਕੇਵਲ ਮਾਫੀਆ ਸ਼ਰਾਬ ਮਾਫੀਆ ਅਤੇ ਹੋਰ ਮਾਫੀਆ ਦੇ ਗੈਂਗਾਂ ਵਿਰੁੱਧ ਕੀ ਕਾਰਵਾਈ ਕੀਤੀ, ਹਜ਼ਾਰਾਂ ਪੁਲਿਸ ਮੁਲਾਜ਼ਮਾਂ ਨੂੰ ਸੜਕਾਂ ਤੇ ਤੋਰਨਾ ਅਤੇ ਨਾਜਾਇਜ਼ ਤੰਗ ਪਰੇਸ਼ਾਨ ਕਰਨਾ ਕੇਵਲ ਇੱਕ ਨਾਟਕ ਅਤੇ ਲੋਕਾਂ ਨੂੰ ਡਰਾਉਣ ਦੀ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਮੀਟਿੰਗ ਨੇ 21 ਫਰਵਰੀ ਨੂੰ ਕੌਮੀ ਇਨਸਾਫ ਮੋਰਚਾ ਅਤੇ ਇਲਾਕਾ ਨਿਵਾਸੀਆਂ ਵੱਲੋਂ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਪਿੰਡ ਚੜਦੀ ਕਲਾ ਪੰਥਕ ਕਾਨਫਰੰਸ ਵਿੱਚ ਪੂਰੀ ਸ਼ਕਤੀ ਦੇ ਨਾਲ ਹਿੱਸਾ ਲੈਣ ਦਾ ਵੀ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ ਯੂਨਾਈਟਿਡ ਅਕਾਲੀ ਦਲ ਇਹ ਸਮਝਦਾ ਹੈ ਕਿ ਕਾਂਗਰਸ, ਭਾਜਪਾ, ਆਮ ਆਦਮੀ ਪਾਰਟੀ ਅਤੇ ਬਾਦਲ ਧੜਾ ਪੰਜਾਬ ਨੂੰ ਲੁੱਟਣ ਅਤੇ ਤਬਾਹ ਕਰਨ ਲਈ ਜਿੰਮੇਵਾਰ ਹਨ। ਸਾਰੇ ਇੱਕ ਦੂਜੇ ਦੇ ਗੁਨਾਹ ਲੁਕਾਉਣ ਲਈ ਇਕੱਠੇ ਤੇ ਵਚਨਬੱਧ ਹਨ।
ਉਨ੍ਹਾਂ ਕਿਹਾ ਕਿ ਏਕਤਾ ਦੀ ਪਹਿਲ ਕਦਮੀ ਵਜੋਂ 23 ਫਰਵਰੀ ਨੂੰ ਮੁੱਲਾਂਪੁਰ ਦਾਖਾਂ ਵਿਖੇ ਅੰਬੇਦਕਰ ਭਵਨ ਵਿੱਚ ਯੂਨਾਈਟਡ ਅਕਾਲੀ ਦਲ ਅਤੇ ਇੰਟਰਨੈਸ਼ਨਲ ਪੰਥਕ ਦਲ ਜਿਸ ਦੇ ਸਰਪ੍ਰਸਤ ਭਾਈ ਜਸਵੀਰ ਸਿੰਘ ਖਾਲਸਾ ਅਤੇ ਹੋਰ ਧਾਰਮਿਕ ਸ਼ਖਸ਼ੀਅਤਾਂ ,ਪੰਥ ਪੰਜਾਬ ਦਰਦੀਆਂ ਤੇ ਸਿੱਖ ਸੰਪਰਦਾਵਾਂ ਦੀ ਸਾਂਝੀ ਮੀਟਿੰਗ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਅਸਲੀ ਵਾਰਸਾਂ ਨੂੰ ਇਕੱਠਾ ਕਰਨ ਵੱਲ ਕਦਮ ਪੁੱਟੇ ਜਾਣਗੇ। ਯੂਨਾਈਟਿਡ ਅਕਾਲੀ ਦਲ ਇਹਨਾਂ ਯਤਨਾਂ ਨੂੰ ਨੇਪਰੇ ਚਾੜ੍ਹਨ ਲਈ ਹਰ ਅਹੁਦਿਆਂ ਦੀ ਕੁਰਬਾਨੀ ਕਰਨ ਲਈ ਤਿਆਰ ਹੈ।