1977 ਤੋਂ 2022 ਤੱਕ 8 ਵਾਰ ਜਿੱਤੇ ਹਾਕਮ ਧਿਰ ਦੇ ਉਮੀਦਵਾਰ ‘
ਹਲਕਾ ਲੁਧਿਆਣਾ ਪੱਛਮੀ ਦੇ ਵੋਟਰਾਂ ਨੇ 8 ਵਾਰ ਹਾਕਮ ਧਿਰ ਨਾਲ ਸਬੰਧਤ ਉਮੀਦਵਾਰ ਜਿਤਾਇਆ
Publish Date: Sat, 21 Jun 2025 11:24 PM (IST)
Updated Date: Sun, 22 Jun 2025 04:13 AM (IST)

ਕਾਂਗਰਸ ਨੇ 7, ‘ਆਪ’ ਨੇ 1, ਅਕਾਲੀ ਦਲ ਨੇ 1 ਤੇ ਜਨਤਾ ਪਾਰਟੀ ਦੇ ਉਮੀਦਵਾਰ ਨੇ ਇਕ ਵਾਰ ਚੋਣ ਜਿੱਤੀ ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ’ਚ ਕਾਂਗਰਸ ਪਾਰਟੀ ਨੇ 7 ਵਾਰ, ‘ਆਪ’ ਨੇ 1 ਵਾਰ, ਅਕਾਲੀ ਦਲ ਨੇ ਇਕ ਵਾਰ, ਜਨਤਾ ਪਾਰਟੀ ਦੇ ਉਮੀਦਵਾਰ ਨੇ 1 ਵਾਰ ਚੋਣ ਜਿੱਤੀ ਸੀ। 1977 ਤੋਂ 2022 10 ਚੋਣਾਂ ’ਚ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੇ ਵੋਟਰਾਂ ਨੇ 8 ਵਾਰ ਹਾਕਮ ਧਿਰ ਨਾਲ ਸਬੰਧਤ ਉਮੀਦਵਾਰ ਨੂੰ ਜਿਤਾਇਆ, ਜਦਕਿ 2 ਵਾਰ ਹਲਕੇ ਦੇ ਵੋਟਰਾਂ ਨੇ ਸਰਕਾਰ ਵਿਰੋਧੀ ਉਮੀਦਵਾਰ ਨੂੰ ਜਿਤਾ ਕੇ ਵਿਧਾਨ ਸਭਾ ਭੇਜਿਆ ਸੀ। 2022 ਦੀ ਪੰਜਾਬ ਵਿਧਾਨ ਸਭਾ ਦੀ ਚੋਣ ’ਚ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ 8 ਉਮੀਦਵਾਰ ਚੋਣ ਮੈਦਾਨ ’ਚ ਨਿੱਤਰੇ ਸਨ। ‘ਆਪ’ ਦੇ ਉਮੀਦਵਾਰ ਗੁਰਪ੍ਰੀਤ ਬੱਸੀ ਗੋਗੀ (40443) ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ (32931) ਨੂੰ ਹਰਾਇਆ। 2022 ’ਚ ‘ਆਪ’ ਦੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਬਣੇ ਸਨ। 2017 ਦੀ ਵਿਧਾਨ ਸਭਾ ਚੋਣ ’ਚ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ 14 ਉਮੀਦਵਾਰ ਚੋਣ ਮੈਦਾਨ ’ਚ ਨਿੱਤਰੇ ਸਨ। ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ (66627) ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਹਿਬਾਬ ਸਿੰਘ ਗਰੇਵਾਲ (29937) ਨੂੰ ਹਰਾਇਆ ਸੀ। 2017 ’ਚ ਕਾਂਗਰਸ ਪਾਰਟੀ ਦੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਸਨ। 2012 ਦੀ ਵਿਧਾਨ ਸਭਾ ਚੋਣ ’ਚ ਹਲਕਾ ਲੁਧਿਆਣਾ ਪੱਛਮੀ ਤੋਂ 5 ਉਮੀਦਵਾਰ ਚੋਣ ਮੈਦਾਨ ’ਚ ਨਿਤਰੇ ਸਨ। ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ (69125) (62.81 ਫ਼ੀਸਦੀ) ਨੇ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦੇ ਉਮੀਦਵਾਰ ਪ੍ਰੋ. ਰਾਜਿੰਦਰ ਭੰਡਾਰੀ (33203) (30.17 ਫ਼ੀਸਦੀ) ਨੂੰ ਹਰਾਇਆ। ਅਕਾਲੀ ਦਲ ਤੇ ਭਾਜਪਾ ਦੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ ਸਨ। 2007 ਦੀ ਵਿਧਾਨ ਸਭਾ ਚੋਣ ’ਚ ਹਲਕਾ ਲੁਧਿਆਣਾ ਪੱਛਮੀ ਤੋਂ 5 ਉਮੀਦਵਾਰ ਚੋਣ ਮੈਦਾਨ ’ਚ ਨਿੱਤਰੇ ਸਨ। ਅਕਾਲੀ ਦਲ ਤੇ ਭਾਜਪਾ ਦੇ ਉਮੀਦਵਾਰ ਐਡਵੋਕੇਟ ਹਰੀਸ਼ ਰਾਏ ਢਾਂਡਾ (46021) (57.01 ਫ਼ੀਸਦੀ) ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਨਾਮ ਦਾਸ ਜੌਹਰ (31617) (39.17 ਫ਼ੀਸਦੀ) ਨੂੰ ਹਰਾਇਆ। 2007 ’ਚ ਅਕਾਲੀ ਦਲ ਤੇ ਭਾਜਪਾ ਦੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ ਸਨ। 2002 ਦੀ ਵਿਧਾਨ ਸਭਾ ਚੋਣ ’ਚ ਹਲਕਾ ਲੁਧਿਆਣਾ ਪੱਛਮੀ ਤੋਂ 7 ਉਮੀਦਵਾਰ ਚੋਣ ਮੈਦਾਨ ’ਚ ਨਿੱਤਰੇ ਸਨ। ਕਾਂਗਰਸ ਪਾਰਟੀ ਦੇ ਉਮੀਦਵਾਰ ਹਰਨਾਮ ਦਾਸ ਜੌਹਰ (36006) (52.85 ਫ਼ੀਸਦੀ) ਨੇ ਅਕਾਲੀ ਦਲ ਤੇ ਭਾਜਪਾ ਦੇ ਉਮੀਦਵਾਰ ਅਵਤਾਰ ਸਿੰਘ ਮੱਕੜ (19406) (28.49 ਫ਼ੀਸਦੀ) ਨੂੰ ਹਰਾਇਆ। 2002 ’ਚ ਕਾਂਗਰਸ ਪਾਰਟੀ ਦੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਸਨ। 1997 ’ਚ ਹਲਕਾ ਲੁਧਿਆਣਾ ਪੱਛਮੀ ਤੋਂ 9 ਉਮੀਦਵਾਰ ਚੋਣ ਮੈਦਾਨ ’ਚ ਨਿੱਤਰੇ ਸਨ। ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ (41725) (55.17 ਫ਼ੀਸਦੀ) ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਨਾਮ ਦਾਸ ਜੌਹਰ (28832) (38.12 ਫ਼ੀਸਦੀ) ਨੂੰ ਹਰਾਇਆ। 1997 ’ਚ ਅਕਾਲੀ ਦਲ ਤੇ ਭਾਜਪਾ ਦੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ ਸਨ। 1992 ’ਚ ਹਲਕਾ ਲੁਧਿਆਣਾ ਪੱਛਮੀ ਤੋਂ 7 ਉਮੀਦਵਾਰ ਚੋਣ ਮੈਦਾਨ ’ਚ ਨਿੱਤਰੇ ਸਨ। ਕਾਂਗਰਸ ਪਾਰਟੀ ਦੇ ਉਮੀਦਵਾਰ ਹਰਨਾਮ ਦਾਸ ਜੌਹਰ (15036) (45.35 ਫ਼ੀਸਦੀ) ਨੇ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕੈਲਾਸ਼ (10550) (31.82 ਫ਼ੀਸਦੀ) ਨੂੰ ਹਰਾਇਆ। 1992 ’ਚ ਕਾਂਗਰਸ ਪਾਰਟੀ ਦੇ ਬੇਅੰਤ ਸਿੰਘ ਮੁੱਖ ਮੰਤਰੀ ਬਣੇ ਸਨ। 1985 ’ਚ ਹਲਕਾ ਲੁਧਿਆਣਾ ਪੱਛਮੀ ਤੋਂ 12 ਉਮੀਦਵਾਰ ਚੋਣ ਮੈਦਾਨ ’ਚ ਨਿੱਤਰੇ ਸਨ। ਕਾਂਗਰਸ ਪਾਰਟੀ ਦੇ ਉਮੀਦਵਾਰ ਹਰਨਾਮ ਦਾਸ ਜੌਹਰ (23809) (46.17 ਫ਼ੀਸਦੀ) ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਾਕੇਸ਼ ਕੁਮਾਰ ਚੋਪੜਾ (17855) (34.63 ਫ਼ੀਸਦੀ) ਨੂੰ ਹਰਾਇਆ। 1985 ’ਚ ਸ੍ਰੋਮਣੀ ਅਕਾਲੀ ਦਲ ਦੇ ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਬਣੇ ਸਨ। 1980 ’ਚ ਹਲਕਾ ਲੁਧਿਆਣਾ ਪੱਛਮੀ ਤੋਂ 12 ਉਮੀਦਵਾਰ ਚੋਣ ਮੈਦਾਨ ’ਚ ਸਨ। ਕਾਂਗਰਸ ਪਾਰਟੀ ਦੇ ਉਮੀਦਵਾਰ ਜੋਗਿੰਦਰਪਾਲ ਪਾਂਡੇ (24777) (51.50 ਫ਼ੀਸਦੀ) ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਜੀਤ ਸਿੰਘ (11455) (23.81 ਫ਼ੀਸਦੀ) ਨੂੰ ਹਰਾਇਆ ਸੀ। 1980 ’ਚ ਦਰਬਾਰਾ ਸਿੰਘ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਬਣੇ ਸਨ। 1977 ’ਚ ਹਲਕਾ ਲੁਧਿਆਣਾ ਪੱਛਮੀ ਤੋਂ 9 ਉਮੀਦਵਾਰਾਂ ਨੇ ਆਪਣੀ ਕਿਸਮਤ ਅਜ਼ਮਾਈ। ਜਨਤਾ ਪਾਰਟੀ ਦੇ ਉਮੀਦਵਾਰ ਏ ਵਿਸ਼ਵਨਾਥਨ (25118) (53.31 ਫ਼ੀਸਦੀ) ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਜੋਗਿੰਦਰਪਾਲ ਪਾਂਡੇ (20070) (42.60 ਫ਼ੀਸਦੀ) ਨੂੰ ਹਰਾਇਆ ਸੀ। 1977 ’ਚ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ ਸਨ ਤੇ ਸ਼੍ਰੋਮਣੀ ਅਕਾਲੀ ਦਲ, ਜਨਤਾ ਪਾਰਟੀ ਤੇ ਸੀਪੀਆਈ ਭਾਈਵਾਲ ਪਾਰਟੀਆਂ ਸਨ। ਖ਼ਬਰ ਦਾ ਬਾਕਸ: ਜ਼ਿਮਨੀ ਚੋਣ ਲਈ 14 ਉਮੀਦਵਾਰ ਚੋਣ ਮੈਦਾਨ ’ਚ ਡਟੇ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਸੀਟ ਲਈ 22 ਉਮੀਦਵਾਰਾਂ ਨੇ ਨਾਮਜ਼ਦਗੀ ਕਾਗਜ਼ ਦਾਖ਼ਲ ਕਰਵਾਏ ਹਨ। ਉਮੀਦਵਾਰਾਂ ਦੇ ਕਾਗਜ਼ ਰੱਦ ਹੋਣ ਜਾਂ ਨਾਮਜ਼ਦਗੀ ਕਾਗਜ਼ ਵਾਪਸ ਲੈਣ ਤੋਂ ਬਾਅਦ ਹੁਣ 14 ਉਮੀਦਵਾਰ ਚੋਣ ਮੈਦਾਨ ’ਚ ਹਨ, ਜਿਨ੍ਹਾਂ ਦੀ ਕਿਸਮਤ ਈਵੀਐੱਮ ਮਸ਼ੀਨਾਂ ’ਚ ਕੈਦ ਹੋ ਚੁੱਕੀ ਹੈ। 23 ਜੂਨ ਨੂੰ ਦੁਪਿਹਰ 11 ਵਜੇ ਤੱਕ ਲੁਧਿਆਣਾ ਪੱਛਮੀ ਹਲਕੇ ਨੂੰ ਨਵਾਂ ਵਿਧਾਇਕ ਮਿਲਣ ਦੀ ਉਮੀਦ ਹੈ। ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ’ਚ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ, ਭਾਜਪਾ ਉਮੀਦਵਾਰ ਜੀਵਨ ਗੁਪਤਾ, ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡ. ਪਰਉਪਕਾਰ ਸਿੰਘ ਘੁੰਮਣ ਦਰਮਿਆਨ ਹਨ। ਇਸ ਤੋਂ ਇਲਾਵਾ 10 ਹੋਰ ਉਮੀਦਵਾਰ ਵੀ ਆਪਣੀ ਕਿਸਮਤ ਅਜ਼ਮਾ ਰਹੇ ਹਨ। ਖ਼ਬਰ ਦਾ ਬਾਕਸ: ਹਲਕਾ ਪੱਛਮੀ ਦੇ ਇਨ੍ਹਾਂ ਵਿਧਾਇਕਾਂ ਨੂੰ ਕੈਬਨਿਟ ’ਚ ਥਾਂ ਮਿਲੀ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ ਕਾਂਗਰਸ ਪਾਰਟੀ ਦੇ ਹਰਨਾਮਦਾਸ ਜੌਹਰ, ਅਕਾਲੀ ਦਲ ਤੇ ਭਾਜਪਾ ਸਰਕਾਰ ’ਚ ਮਹੇਸ਼ਇੰਦਰ ਸਿੰਘ ਗਰੇਵਾਲ, ਕਾਂਗਰਸ ਪਾਰਟੀ ਦੇ ਭਾਰਤ ਭੂਸ਼ਣ ਆਸ਼ੂ ਨੂੰ ਪੰਜਾਬ ਸਰਕਾਰ ਦੀ ਕੈਬਨਿਟ ’ਚ ਥਾਂ ਮਿਲੀ, ਜਦਕਿ ਐਡਵੋਕੇਟ ਹਰੀਸ਼ ਰਾਏ ਢਾਂਡਾ ਅਕਾਲੀ ਦਲ ਤੇ ਭਾਜਪਾ ਸਰਕਾਰ ’ਚ ਮੁੱਖ ਸੰਸਦੀ ਸਕੱਤਰ ਬਣੇ।