ਸਵਦੇਸ਼ੀ ਉਤਪਾਦ ਨਾਲ-ਨਾਲ ਭਾਰਤੀ ਮੌਸਮ ਦੇ ਅਨੁਕੂਲ : ਐਡਵੋਕੇਟ ਜੈਨ
ਅਹਿਤ ਤੇ ਜ਼ਰੂਰੀ ਖ਼ਬਰ-ਸਵਦੇਸ਼ੀ ਮੇਲੇ ਦੇ 7ਵੇਂ ਦਿਨ ਐਡਵੋਕੇਟ ਕਾਨਫ਼ਰੰਸ ’ਚ ਆਤਮ ਨਿਰਭਰ ਭਾਰਤ ਮੁਹਿੰਮ ਨੂੰ ਸਫ਼ਲ ਬਣਾਉਣ ਦਾ ਸੱਦਾ
Publish Date: Fri, 27 Feb 2026 08:30 PM (IST)
Updated Date: Sat, 28 Feb 2026 04:08 AM (IST)

7ਵੇਂ ਦਿਨ ਐਡਵੋਕੇਟ ਕਾਨਫ਼ਰੰਸ ’ਚ ਆਤਮ ਨਿਰਭਰ ਭਾਰਤ ਮੁਹਿੰਮ ਨੂੰ ਸਫ਼ਲ ਬਣਾਉਣ ਦਾ ਸੱਦਾ ਗੋਸ਼ਾ ਤੇ ਗੋਇਲ ਵੱਲੋਂ ਸਵਦੇਸ਼ੀ ਉਤਪਾਦ ਅਪਣਾ ਕੇ ਭਾਰਤ ਮਾਤਾ ਦੇ ਸੱਚੇ ਸਪੂਤ ਹੋਣ ਦਾ ਫਰਜ਼ ਨਿਭਾਉਣ ਦੀ ਅਪੀਲ ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ ਸਵਦੇਸ਼ੀ ਜਾਗਰਣ ਮੰਚ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਮੇਲਾ ਮੈਦਾਨ ਵਿੱਚ ਲਗਾਏ ਗਏ ਫੋਮਰਾਹ ਸਵਦੇਸ਼ੀ ਮੇਲੇ ਦੇ 7ਵੇਂ ਦਿਨ ਸ਼ੁੱਕਰਵਾਰ ਨੂੰ ਐਡਵੋਕੇਟ ਕਾਨਫਰੰਸ ਕਰਵਾਈ ਗਈ। ਐਡਵੋਕੇਟ ਰਾਕੇਸ਼ ਭਾਟੀਆ ਅਤੇ ਸੌਰਵ ਕਪੂਰ ਦੀ ਪ੍ਰਧਾਨਗੀ ਹੇਠ ਹੋਈ ਇਸ ਕਾਨਫ਼ਰੰਸ ਵਿੱਚ ਹਰਿਆਣਾ ਦੇ ਐਡੀਸ਼ਨਲ ਐਡਵੋਕੇਟ ਜਨਰਲ ਗੌਰਵ ਜਿੰਦਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਪੰਜਾਬ ਦੇ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਐਡਵੋਕੇਟ ਪਿਊਸ਼ ਕਾਂਤ ਜੈਨ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਜਿੰਦਲ ਨੇ ਕਿਹਾ ਕਿ ਸਵਦੇਸ਼ੀ ਮੇਲੇ ਵਿੱਚ ਲੱਗੇ ਸਟਾਲਾਂ ’ਤੇ ਵਿਕਰੀ ਲਈ ਰੱਖੇ ਭਾਰਤੀ ਉਤਪਾਦ ਆਤਮ-ਨਿਰਭਰ ਭਾਰਤ ਦੀ ਮਜ਼ਬੂਤ ਨੀਂਹ ਹਨ। ਉਨ੍ਹਾਂ ਦੱਸਿਆ ਕਿ ਸਵਦੇਸ਼ੀ ਉਤਪਾਦ ਸਸਤੇ ਹੋਣ ਦੇ ਨਾਲ-ਨਾਲ ਭਾਰਤੀ ਮੌਸਮ ਦੇ ਅਨੁਕੂਲ ਹੁੰਦੇ ਹਨ ਅਤੇ ਵਧੇਰੇ ਤੌਰ ‘ਤੇ ਸੂਤੀ ਧਾਗਿਆਂ ਨਾਲ ਤਿਆਰ ਕੀਤੇ ਜਾਂਦੇ ਹਨ, ਜਦਕਿ ਵਿਦੇਸ਼ੀ ਉਤਪਾਦਾਂ ਵਿੱਚ ਪਾਲੀਐਸਟਰ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਇਹ ਸਰੀਰ ਲਈ ਨੁਕਸਾਨਦਾਇਕ ਹੋ ਸਕਦੇ ਹਨ। ਜੈਨ ਨੇ ਕਿਹਾ ਕਿ ਸਵਦੇਸ਼ੀ ਉਤਪਾਦਾਂ ਨੂੰ ਤਰਜੀਹ ਦੇਣਾ ਸਮੇਂ ਦੀ ਲੋੜ ਹੈ। ਪੀਏਯੂ ਕਿਸਾਨ ਮੇਲਾ ਮੈਦਾਨ ਵਿੱਚ ਲੱਗਿਆ ਸਵਦੇਸ਼ੀ ਮੇਲਾ ਭਾਰਤ ਨੂੰ ਵਿਸ਼ਵ ਪੱਧਰ ‘ਤੇ ਆਰਥਿਕ ਪਛਾਣ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ। ਉਨ੍ਹਾਂ ਕਿਹਾ ਕਿ ਸਵਦੇਸ਼ੀ ਅਪਣਾਉਣ ਨਾਲ ਦੇਸ਼ ਦੀ ਜੀਡੀਪੀ ਵਿੱਚ ਵੀ ਵਾਧਾ ਹੋਵੇਗਾ। ਮੇਲਾ ਪ੍ਰਮੁੱਖ ਗੁਰਦੀਪ ਗੋਸ਼ਾ ਅਤੇ ਸਵਦੇਸ਼ੀ ਜਾਗਰਣ ਮੰਚ ਦੇ ਸਹਿ ਕੋਆਰਡੀਨੇਟਰ ਮੋਹਿਤ ਗੋਇਲ ਨੇ 1991 ਵਿੱਚ ਸਵਦੇਸ਼ੀ ਜਾਗਰਣ ਮੰਚ ਦੀ ਸਥਾਪਨਾ ਤੋਂ ਲੈ ਕੇ ਅੱਜ ਤੱਕ ਸਵਦੇਸ਼ੀ ਦੇ ਪ੍ਰਚਾਰ-ਪ੍ਰਸਾਰ ਬਾਰੇ ਜਾਣਕਾਰੀ ਦਿੰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਵਦੇਸ਼ੀ ਉਤਪਾਦ ਅਪਣਾ ਕੇ ਭਾਰਤ ਮਾਤਾ ਦੇ ਸੱਚੇ ਸਪੂਤ ਹੋਣ ਦਾ ਫਰਜ਼ ਨਿਭਾਉਣ ਅਤੇ ਦੇਸ਼ ਦੀ ਅਰਥਵਿਵਸਥਾ ਨੂੰ ਮਜ਼ਬੂਤ ਬਣਾਉਣ। ਇਸ ਮੌਕੇ ਸੰਘ ਪ੍ਰਚਾਰਕ ਐਡਵੋਕੇਟ ਵਿਨਯ ਜੀ, ਰੂਬਲ ਸਿੰਧੀ, ਮਨਦੀਪ ਕੌਰ, ਐਡਵੋਕੇਟ ਨੀਨਾ ਗੁਪਤਾ, ਐਡਵੋਕੇਟ ਸੌਰਵ ਕਪੂਰ, ਹਰਸਿਮਰਤ ਕੌਰ, ਐਡਵੋਕੇਟ ਲਲਿਤਾ ਜੈਨ, ਐਡਵੋਕੇਟ ਰਿਸ਼ੀ ਸ਼ਰਮਾ, ਮਨੀਸ਼ ਵਰਮਾ, ਮਨੋਜ ਕੁਮਾਰ ਮਦਾਨ, ਸਰਬਜੀਤ ਕਲਸੀ, ਚਰਨਪ੍ਰੀਤ ਸੇਖੋ, ਪਰਮਵੀਰ ਸਿੰਘ, ਵਿਜੈ ਸ਼ਰਮਾ, ਸੁਖਲੀਨ ਕੌਰ, ਸਿਮਰਨਦੀਪ ਕੌਰ, ਰੋਜ਼ ਕਰੀਰ, ਲਿਜ਼ਾ ਗੋਯਲ, ਨਿਤੇਂਦਰ ਕੌਰ, ਤਾਨਿਆ ਸ਼ਰਮਾ, ਸਾਨਿਆ ਬੰਸਲ, ਸ਼ਗੁਨ, ਖੁਸ਼ਮੀਤ ਕੌਰ, ਐਡਵੋਕੇਟ ਨਿਧੀ ਭਨੋਟ ਅਤੇ ਹੋਰ ਵੀ ਮੌਜੂਦ ਸਨ। ਮੇਲੇ ਦੌਰਾਨ 17 ਰਾਜਾਂ ਦੇ ਪਕਵਾਨ ਅਤੇ ਵੱਖ-ਵੱਖ ਰਾਜਾਂ ਦੇ ਸ਼ਿਲਪਕਾਰਾਂ ਤੇ ਕਾਰੀਗਰਾਂ ਵੱਲੋਂ ਤਿਆਰ ਕੀਤੇ ਗਏ ਸਮਾਨ ਲੋਕਾਂ ਨੂੰ ਆਪਣੇ ਵੱਲ ਖਿੱਚ ਰਹੇ ਹਨ। ਮੇਲੇ ਵਿੱਚ ਲੋਕ ਆਪਣੇ ਬੱਚਿਆ ਸਮੇਤ ਪੁੱਜ ਕੇ ਜਿੱਥੇ ਖਾਣਿਆਂ ਦਾ ਸਵਾਦ ਚੱਖ਼ ਰਹੇ ਹਨ, ਉੱਥੇ ਹੀ ਆਪਣੇ ਮਨਪਸੰਦ ਦੀਆਂ ਵਸਤਾਂ ਦੀ ਖ੍ਰੀਦ ਵੀ ਕਰ ਰਹੇ ਹਨ। ਖ਼ਬਰ ਦਾ ਬਾਕਸ: ਸੰਘ ਚਾਲਕ ਪੰਜਾਬ ਇਕਬਾਲ ਸਿੰਘ ਵੱਲੋਂ ਸਵਦੇਸ਼ੀ ਮੇਲੇ ਦਾ ਦੌਰਾ ਸਵਦੇਸ਼ੀ ਜਾਗਰਣ ਮੰਚ ਵੱਲੋਂ ਪੀਏਯੂ ਵਿਖੇ 9 ਦਿਨਾਂ ਦੇ ਲਗਾਏ ਗਏ ਸਵਦੇਸ਼ੀ ਮੇਲੇ ਦੇ 7 ਵੇਂ ਦਿਨ ਸੰਘ ਚਾਲਕ ਪੰਜਾਬ ਇਕਬਾਲ ਸਿੰਘ ਵਿਸ਼ੇਸ਼ ਤੌਰ ’ਤੇ ਪੁੱਜੇ। ਜਿੰਨ੍ਹਾਂ ਦਾ ਮੇਲਾ ਪ੍ਰਮੁੱਖ ਗੁਰਦੀਪ ਸਿੰਘ ਗੋਸ਼ਾ ਅਤੇ ਲੁਧਿਆਣਾ ਵਿਭਾਗ ਦੇ ਘਨੱਈਆ ਕੁਮਾਰ ਨੇ ਸਵਾਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਸਾਨੂੰ ਸਾਰੇ ਭਾਰਤੀਆਂ ਨੂੰ ਵਿਦੇਸ਼ੀ ਵਸਤਾਂ ਦਾ ਬਾਈਕਾਟ ਕਰਕੇ ਭਾਰਤ ਵਿੱਚ ਬਣੇ ਸਵਦੇਸ਼ੀ ਉਤਪਾਦਾਂ ਤੇ ਵਸਤਾਂ ਨੂੰ ਖ੍ਰੀਦਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਰ ਭਾਰਤੀ ਮੇਕ ਇੰਨ ਇੰਡੀਆ ਤੇ ਮੇਡ ਇੰਨ ਇੰਡੀਆ ਦੇ ਨਾਅਰੇ ਨੂੰ ਮਜ਼ਬੂਤ ਬਣਾਉਣ ਲਈ ਯਤਨਸ਼ੀਲ ਹੋਵੇ। ਉਨ੍ਹਾਂ ਕਿਹਾ ਕਿ ਦੇਸ਼ ਦੇ ਅਮੀਰ ਸੱਭਿਆਚਾਰਕ ਵਿਰਸੇ ਤੇ ਵਿਰਾਸਤ ਨੂੰ ਸੰਭਾਲਣ ਲਈ ਸਵਦੇਸ਼ੀ ਮੇਲੇ ਵਰਗ ਸਮਾਗਮ ਅਹਿਮ ਯੋਗਦਾਨ ਪਾਉਂਦੇ ਹਨ। ਖ਼ਬਰ ਦਾ ਬਾਕਸ: ਸੱਭਿਆਚਾਰਕ ਸਮਾਗਮ ‘ਹੁਨਰ ਪੰਜਾਬ ਦਾ’ ਵਿੱਚ ਹੁਨਰ ਦਾ ਪ੍ਰਗਟਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਲੱਗੇ ਫੋਮਰਾਹ ਸਵਦੇਸ਼ੀ ਮੇਲੇ ਦੌਰਾਨ ਵਿਸ਼ੇਸ਼ ਸੱਭਿਆਚਾਰਕ ਪ੍ਰੋਗਰਾਮ “ਹੁਨਰ ਪੰਜਾਬ ਦਾ” ਕਰਵਾਇਆ ਗਿਆ,ਜਿਸ ਵਿੱਚ ਨੰਨੇ ਹੁਨਰਬਾਜ਼ਾਂ ਨੇ ਆਪਣਾ ਹੁਨਰ ਦਿਖਾ ਕੇ ਮੌਜੂਦ ਸ਼ਰੋਤਿਆਂ ਨੂੰ ਗਦਗਦ ਕਰ ਦਿੱਤਾ। ਮੰਚ ਉੱਤੇ ਅਜਿਹਾ ਮਾਹੌਲ ਬਣ ਗਿਆ ਕਿ ਜਿਵੇਂ ਸਮਾਂ ਹੀ ਠਹਿਰ ਗਿਆ ਹੋਵੇ। ਇਸ ਮੌਕੇ ਸੱਭਆਚਾਰਕ ਸਮਾਗਮ ਦੀ ਮੁੱਖ ਪ੍ਰਬੰਧਕ ਸ਼ੁਭਜੀਤ ਕੌਰ, ਇੰਚਾਰਜ ਵਿਕਾਸ ਰਾਜਦੇਵ ਅਤੇ ਕੋ-ਇੰਚਾਰਜ ਪ੍ਰੀਤੀ ਓਬਰਾਏ ਨੇ ਦੱਸਿਆ ਕਿ ਪ੍ਰੋਗਰਾਮ ਦੇ ਮਿੰਟਸ ਇਸ ਤਰੀਕੇ ਨਾਲ ਤਿਆਰ ਕੀਤੇ ਗਏ ਸਨ ਕਿ ਦਰਸ਼ਕਾਂ ਲਈ ਉਸ ਮੰਤਰਮੁਗਧ ਕਰ ਦੇਣ ਵਾਲੇ ਮਾਹੌਲ ਤੋਂ ਨਜ਼ਰ ਹਟਾਉਣਾ ਵੀ ਮੁਸ਼ਕਲ ਹੋ ਗਿਆ। ਸ਼ਾਮ ਸਮੇਂ ਗਾਇਕ ਆਦਿ ਨੇ ਆਪਣੇ ਗੀਤਾਂ ਰਾਹੀਂ ਮੇਲੇ ਵਿੱਚ ਪੁੱਜੇ ਦਰਸ਼ਕਾਂ ਦਾ ਮਨੋਰੰਜਨ ਕੀਤਾ।