ਪੁਲਿਸ ਨੇ ਆਪਣਾ ਵਤੀਰਾ ਨਾ ਬਦਲਿਆ ਤਾਂ ਸੰਘਰਸ਼ ਹੋਵੇਗਾ ਤੇਜ਼ : ਧੀਮਾਨ
ਪੁਲਿਸ ਨੇ ਆਪਣਾ ਵਤੀਰਾ ਨਾ ਬਦਲਿਆ, ਤਾਂ ਸੰਘਰਸ਼ ਹੋਵੇਗਾ ਤੇਜ਼-ਧੀਮਾਨ
Publish Date: Sat, 11 Apr 2026 06:27 PM (IST)
Updated Date: Sat, 11 Apr 2026 06:29 PM (IST)

ਗੁਰਮੀਤ ਸਿੰਘ ਨਿੱਝਰ, ਪੰਜਾਬੀ ਜਾਗਰਣ ਲੁਧਿਆਣਾ ਪੰਜਾਬ ਦੀ ਸੂਬਾ ‘ਆਪ’ ਸਰਕਾਰ ਵੱਲੋਂ ਦੁਬਾਰਾ ਸੱਤਾ ਹਾਸਲ ਕਰਨ ਲਈ ਹਰ ਤਰ੍ਹਾਂ ਦੀ ਕੀਤੀ ਜਾ ਰਹੀ ਦੁਰਵਰਤੋਂ ਦਾ ਖਮਿਆਜ਼ਾ ਪੰਜਾਬ ਅਤੇ ਪੰਜਾਬ ਦੇ ਲੋਕ ਭੁਗਤ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਅਤੇ ਭਾਜਪਾ ਪੰਜਾਬ ਦੇ ਜਨਰਲ ਸਕੱਤਰ ਤੇ ਬੁਲਾਰੇ ਅਨਿਲ ਸਰੀਨ ਵੱਲੋਂ ਭਾਜਪਾ ਦੇ ਜ਼ਿਲ੍ਹਾ ਦਫਤਰ ਦੁੱਗਰੀ ਰੋਡ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਭਾਜਪਾ ਵਰਕਰਾਂ ‘ਤੇ ਮੌਜੂਦਾ ਭਗਵੰਤ ਮਾਨ ਸਰਕਾਰ ਵੱਲੋਂ ਐਫਆਈਆਰ ਦਰਜ ਕਰਕੇ ਉਨ੍ਹਾਂ ਨੂੰ ਡਰਾਉਣ ਅਤੇ ਧਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦਾ ਵਰਕਰ ਨਾ ਕਿਸੇ ਤੋਂ ਡਰਿਆ ਹੈ ਅਤੇ ਨਾ ਹੀ ਕਦੇ ਡਰੇਗਾ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਪੁਲਿਸ ਅਧਿਕਾਰੀਆਂ ਵੱਲੋਂ ਸਰਕਾਰ ਦੇ ਨੁਮਾਇੰਦਿਆਂ ਦੀ ਸੈਅ ‘ਤੇ ਭਾਜਪਾ ਦੇ ਸਮਾਗਮਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਪਰ ਜਦੋਂ ਸਮਾਗਮ ਰੋਕਣ ਵਿੱਚ ਅਸਫਲ ਰਹੇ ਤਾਂ ਬਾਅਦ ਵਿੱਚ ਵੱਖ-ਵੱਖ ਬਹਾਨਿਆਂ ਨਾਲ ਸਾਈਬਰ ਮਾਮਲੇ ਦਰਜ ਕਰਕੇ ਦਹਿਸ਼ਤ ਦਾ ਮਾਹੌਲ ਬਣਾਇਆ ਗਿਆ। ਧੀਮਾਨ ਅਤੇ ਸਰੀਨ ਨੇ ਇਕ ਸੁਰ ਵਿੱਚ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਭਾਜਪਾ ਵਰਕਰਾਂ ਖ਼ਿਲਾਫ਼ ਦਰਜ ਕੀਤੇ ਮਾਮਲੇ ਵਾਪਸ ਨਹੀਂ ਲਏ ਗਏ ਅਤੇ ਪੁਲਿਸ ਵੱਲੋਂ ਆਪਣਾ ਵਤੀਰਾ ਨਾ ਬਦਲਿਆ ਗਿਆ ਤਾਂ ਭਾਜਪਾ ਵੱਲੋਂ ਸੂਬਾ ਭਰ ਵਿੱਚ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ਅਤੇ ਇਸ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਤੇ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਗੁਰਦੇਵ ਸ਼ਰਮਾ ਦੇਬੀ, ਜਤਿੰਦਰ ਮਿੱਤਲ, ਪੁਸ਼ਪਿੰਦਰ ਸਿੰਗਲ, ਯਸ਼ਪਾਲ ਜਨੋਤਰਾ, ਰੋਹਿਤ ਸਿੱਕਾ, ਡਾ.ਸਤੀਸ਼ ਵੀ ਹਾਜਰ ਸਨ।