ਮੰਦਰ ’ਚ ਮੂਰਤੀਆਂ ਦੀ ਹੋਈ ਭੰਨ-ਤੋੜ, ਦੋ ਕਾਬੂ
ਮੰਦਰ ਵਿੱਚ ਰੱਖੀਆਂ ਮੂਰਤੀਆਂ ਦੀ ਹੋਈ ਭੰਨ ਤੋੜ
Publish Date: Wed, 22 Apr 2026 08:23 PM (IST)
Updated Date: Thu, 23 Apr 2026 04:08 AM (IST)
ਐੱਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ
ਮਹਾਨਗਰ ਲੁਧਿਆਣਾ ਦੇ ਸਥਾਨਕ ਫਤਿਹਗੜ੍ਹ ਮੁਹੱਲਾ ਦੇ ਇੱਕ ਮੰਦਰ ਵਿੱਚ ਧਾਰਮਿਕ ਮੂਰਤੀਆਂ ਅਤੇ ਮੰਦਰ ਦੀ ਭੰਨ ਤੋੜ ਕਰਨ ਵਾਲੇ ਦੋ ਮੁਲਜ਼ਮ ਥਾਣਾ ਡਿਵੀਜ਼ਨ ਨੰਬਰ 4 ਦੇ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਹਨ। ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਫਤਿਹਗੜ੍ਹ ਮੁਹੱਲਾ ਦੇ ਰਹਿਣ ਵਾਲੇ ਸੁਮਿਤ ਅਤੇ ਸਾਜਨ ਦੇ ਰੂਪ ਵਿੱਚ ਹੋਈ ਹੈ। ਮੁਹੱਲਾ ਵਾਸੀ ਛੋਟੇ ਲਾਲ ਦੇ ਬਿਆਨ ਉੱਪਰ ਦੋਨਾਂ ਮੁਲਜ਼ਮਾਂ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ਾਂ ਅਧੀਨ ਪਰਚਾ ਦਰਜ ਕਰਕੇ ਥਾਣਾ ਜਮਾਲਪੁਰ ਪੁਲਿਸ ਵੱਲੋਂ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਮੁਹੱਲਾ ਫਤਿਹਗੜ੍ਹ ਦੇ ਵਾਸੀ ਛੋਟੇ ਲਾਲ ਮੁਤਬਕ ਉਨ੍ਹਾਂ ਦੇ ਮੁਹੱਲੇ ਵਿੱਚ ਕਰੀਬ 10 ਗਜ ਥਾਂ ਵਿਚ ਦੁਰਗਾ ਮਾਤਾ ਮੰਦਰ ਬਣਿਆ ਹੋਇਆ ਹੈ। ਇਸ ਮੰਦਰ ਵਿੱਚ ਪੂਜਾ ਲਈ ਵੱਖ-ਵੱਖ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਸਥਾਪਤ ਕੀਤੀਆਂ ਗਈਆਂ ਹਨ। ਸ਼ਿਕਾਇਤਕਰਤਾ ਮੁਤਾਬਕ ਰੋਜ਼ ਵਾਂਗ ਸਵੇਰੇ ਕਰੀਬ 10 ਵਜੇ ਜਦ ਉਹ ਮੰਦਰ ਮੱਥਾ ਟੇਕਣ ਗਿਆ ਤਾਂ ਵੇਖਿਆ ਕਿ ਮੰਦਰ ਵਿੱਚ ਸਥਾਪਿਤ ਮੂਰਤੀਆਂ ਗਾਇਬ ਸਨ ਅਤੇ ਮੂਰਤੀਆਂ ਦੇ ਆਸ ਪਾਸ ਵਾਲੀ ਜਗ੍ਹਾ ਦੀ ਭੰਨ-ਤੋੜ ਕੀਤੀ ਹੋਈ ਸੀ। ਉਸ ਨੇ ਉਕਤ ਘਟਨਾ ਬਾਰੇ ਮੁਹੱਲਾ ਵਾਸੀਆਂ ਨੂੰ ਜਾਣਕਾਰੀ ਦੇ ਕੇ ਆਪਣੇ ਪੱਧਰ ਤੇ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਮੁਲਜ਼ਮ ਸੁਮਿਤ ਅਤੇ ਸਾਜਨ ਨੇ ਸਾਜਿਸ਼ ਤਹਿਤ ਮੰਦਰ ਵਿੱਚੋਂ ਮੂਰਤੀਆਂ ਗਾਇਬ ਕੀਤੀਆਂ ਅਤੇ ਮੰਦਰ ਦੇ ਅੰਦਰ ਭੰਨ ਤੋੜ ਕੀਤੀ। ਉਨ੍ਹਾਂ ਇਸ ਮਾਮਲੇ ਦੀ ਸ਼ਿਕਾਇਤ ਥਾਣਾ-4 ਦੀ ਪੁਲਿਸ ਕੋਲ ਦਰਜ ਕਰਵਾ ਦਿੱਤੀ। ਉਕਤ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਹਰਦੀਪ ਸਿੰਘ ਮੁਤਾਬਕ ਘਟਨਾ ਵਾਲੀ ਥਾਂ ਤੋਂ ਬਰਾਮਦ ਸਬੂਤਾਂ ਦੇ ਆਧਾਰ ਤੇ ਦੋਨੋਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ਾਂ ਅਧੀਨ ਪਰਚਾ ਦਰਜ ਕਰ ਦਿੱਤਾ ਗਿਆ ਹੈ।