ਭਿਆਨਕ ਸੜਕ ਹਾਦਸੇ ਦੌਰਾਨ ਪਤੀ, ਪਤਨੀ ਤੇ ਮੁਟਿਆਰ ਧੀ ਫੱਟੜ
ਭਿਆਨਕ ਸੜਕ ਹਾਦਸੇ ਦੌਰਾਨ ਪਤੀ, ਪਤਨੀ ਤੇ ਮੁਟਿਆਰ ਧੀ ਫੱਟੜ
Publish Date: Fri, 02 Jan 2026 09:22 PM (IST)
Updated Date: Fri, 02 Jan 2026 09:23 PM (IST)

-ਬਲੈਡਰ ਤੇ ਗੰਭੀਰ ਸੱਟ ਲੱਗਣ ਕਾਰਨ ਵਿਅਕਤੀ ਦੀ ਹਾਲਤ ਗੰਭੀਰ -ਮਾਂ ਤੇ ਧੀ ਦੀਆਂ ਬਾਹਾਂ ਟੁੱਟੀਆਂ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਲੁਹਾਰਾ ਪੁੱਲ ’ਤੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਦੇ ਦੌਰਾਨ ਪਤੀ, ਪਤਨੀ ਅਤੇ ਮੁਟਿਆਰ ਧੀ ਗੰਭੀਰ ਰੂਪ ਵਿੱਚ ਫੱਟੜ ਹੋ ਗਏ। ਤਿੰਨਾਂ ਜਖਮੀਆਂ ਨੂੰ ਲੁਧਿਆਣਾ ਦੇ ਪ੍ਰੋਲਾਈਫ਼ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ, ਜਿੱਥੇ ਵਿਅਕਤੀ ਦੀ ਹਾਲਤ ਅਤੀ ਗੰਭੀਰ ਦੱਸੀ ਜਾ ਰਹੀ ਹੈ। ਇਸ ਮਾਮਲੇ ਵਿੱਚ ਥਾਣਾ ਸਦਰ ਦੀ ਪੁਲਿਸ ਨੇ ਗਗਨ ਨਗਰ ਦੀ ਰਹਿਣ ਵਾਲੀ ਰਾਜਵੰਤ ਕੌਰ ਦੀ ਸ਼ਿਕਾਇਤ ’ਤੇ ਦੁੱਗਰੀ ਦੇ ਵਾਸੀ ਮਲਕੀਤ ਸਿੰਘ ਦੇ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਹਰਬੰਸ ਸਿੰਘ ਨੇ ਦੱਸਿਆ ਕਿ ਗਗਨ ਨਗਰ ਦੀ ਰਹਿਣ ਵਾਲੀ ਰਾਜਵੰਤ ਕੌਰ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਹ ਆਪਣੇ ਪਤੀ ਹਰਦੇਵ ਸਿੰਘ (58) ਬੇਟੀ ਹਰਸਿਮਰਨ ਕੌਰ (20) ਨਾਲ ਐਕਟੀਵਾ ਸਕੂਟਰ ’ਤੇ ਸਵਾਰ ਹੋ ਕੇ ਗੁਰਦੁਆਰਾ ਮੰਜੀ ਸਾਹਿਬ ਤੋਂ ਮੱਥਾ ਟੇਕ ਕੇ ਘਰ ਵਾਪਸ ਆ ਰਹੇ ਸਨ। ਤਿੰਨੋਂ ਜਿਵੇਂ ਹੀ ਲੁਹਾਰਾ ਪੁੱਲ ’ਤੇ ਪਹੁੰਚੇ, ਤਾਂ ਤੇਜ਼ ਰਫਤਾਰ ਟਰੱਕ ਨੇ ਉਹਨਾਂ ਦੇ ਸਕੂਟਰ ਨੂੰ ਟੱਕਰ ਮਾਰ ਦਿੱਤੀ। ਹਾਦਸੇ ਦੌਰਾਨ ਤਿੰਨੋਂ ਗੰਭੀਰ ਰੂਪ ਵਿੱਚ ਹੋ ਗਏ। ਜ਼ਖਮੀਆਂ ਨੂੰ ਲੁਧਿਆਣਾ ਦੇ ਪ੍ਰੋਲਾਈਫ਼ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਡਾਕਟਰਾਂ ਦੇ ਮੁਤਾਬਕ ਰਾਜਵੰਤ ਕੌਰ ਤੇ ਹਰਸਿਮਰਨ ਕੌਰ ਦੀ ਇੱਕ ਇੱਕ ਬਾਂਹ ਟੁੱਟ ਗਈ ਹੈ ਅਤੇ ਉਹਨਾਂ ਦੇ ਸਰੀਰ ਦੇ ਬਾਕੀ ਹਿੱਸਿਆਂ ’ਤੇ ਵੀ ਸੱਟਾਂ ਲੱਗੀਆਂ ਹਨ। ਡਾਕਟਰਾਂ ਦੇ ਮੁਤਾਬਕ ਹਰਦੇਵ ਸਿੰਘ ਦੀ ਹਾਲਤ ਜ਼ਿਆਦਾ ਗੰਭੀਰ ਉਸ ਦੇ ਬਲੈਡਰ ਅਤੇ ਸਰੀਰ ਦੇ ਹੋਰ ਹਿੱਸਿਆਂ ’ਤੇ ਗੰਭੀਰ ਸੱਟਾਂ ਆਈਆਂ ਹਨ। ਹਰਦੇਵ ਸਿੰਘ ਦੇ ਹੋਸ਼ ਵਿੱਚ ਆਉਣ ਤੋਂ ਬਾਅਦ ਉਸਦੀ ਸਿਹਤ ਸਬੰਧੀ ਕੁਝ ਕਿਹਾ ਜਾ ਸਕੇਗਾ। ਜਾਂਚ ਅਧਿਕਾਰੀ ਹਰਬੰਸ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਦੁੱਗਰੀ ਦੇ ਰਹਿਣ ਵਾਲੇ ਟਰੱਕ ਚਾਲਕ ਮਲਕੀਤ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ।