ਪਤਨੀ ਨਾਲ ਝਗੜੇ ਮਗਰੋਂ ਪਤੀ ਨੇ ਲਿਆ ਫਾਹਾ
ਪਤਨੀ ਨਾਲ ਝਗੜੇ ਤੋਂ ਬਾਅਦ ਪਤੀ ਨੇ ਲਗਾਇਆ ਫਾਹਾ, ਧੋਖੇ ਨਾਲ ਨਿਕਾਹ ਦਾ ਖੁਲਾਸਾ ਬਣਿਆ ਵਜ੍ਹਾ
Publish Date: Wed, 08 Apr 2026 10:05 PM (IST)
Updated Date: Thu, 09 Apr 2026 04:12 AM (IST)

* ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਹੈ ਮਾਮਲੇ ਦੀ ਜਾਂਚ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਮਹਾਨਗਰ ਲੁਧਿਆਣਾ ਦੇ ਮਾਇਆਪੁਰੀ ਇਲਾਕੇ ’ਚ ਇਕ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਪਤਨੀ ਨਾਲ ਝਗੜੇ ਤੋਂ ਬਾਅਦ ਇਕ ਵਿਅਕਤੀ ਨੇ ਘਰ ’ਚ ਫਾਹਾ ਲਾ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਮ੍ਰਿਤਕ ਦੀ ਪਛਾਣ ਇਸਮਾਇਲ (32) ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਮਾਇਆਪੁਰੀ ਵਾਸੀ ਸਜਦਾ (28) ਨੇ ਦੱਸਿਆ ਕਿ ਉਸ ਦੀ ਇਸਮਾਇਲ ਨਾਲ ਲਵ ਮੈਰਿਜ ਹੋਈ ਸੀ। ਦੋਵੇਂ ਇੱਕੋ ਥਾਂ ਦਰਜ਼ੀ ਦਾ ਕੰਮ ਕਰਦੇ ਸਨ ਤੇ ਉਥੇ ਹੀ ਦੋਵਾਂ ’ਚ ਨਜ਼ਦੀਕੀਆਂ ਬਣ ਗਈਆਂ ਤੇ ਦੋਵਾਂ ਨੇ ਮਿਲ ਕੇ ਨਿਕਾਹ ਕਰਨ ਦਾ ਫੈਸਲਾ ਕਰ ਲਿਆ। ਲਗਭਗ ਡੇਢ ਸਾਲ ਪਹਿਲਾਂ ਦੋਵਾਂ ਨੇ ਉੱਤਰ ਪ੍ਰਦੇਸ਼ ’ਚ ਨਿਕਾਹ ਕੀਤਾ ਸੀ ਤੇ ਬਾਅਦ ’ਚ ਲੁਧਿਆਣਾ ਆ ਗਏ। ਸਜਦਾ ਨੇ ਦੱਸਿਆ ਕਿ ਨਿਕਾਹ ਸਮੇਂ ਇਸਮਾਇਲ ਨੇ ਖ਼ੁਦ ਨੂੰ ਕੁਆਰਾ ਦੱਸਿਆ ਸੀ, ਪਰ ਹਾਲ ਹੀ ’ਚ ਉਸ ਨੂੰ ਪਤਾ ਲੱਗਿਆ ਕਿ ਇਸਮਾਇਲ ਪਹਿਲਾਂ ਹੀ ਵਿਆਹਿਆ ਹੋਇਆ ਹੈ ਤੇ ਉਸ ਦੇ ਪਹਿਲੀ ਪਤਨੀ ਤੋਂ ਬੱਚੇ ਵੀ ਹਨ। ਇਹ ਗੱਲ ਸਾਹਮਣੇ ਆਉਣ ਤੋਂ ਬਾਅਦ ਦੋਵਾਂ ’ਚ ਅਕਸਰ ਝਗੜੇ ਰਹਿਣ ਲੱਗ ਪਏ। ਬੀਤੇ ਦਿਨੀਂ ਸ਼ਾਮ ਕਰੀਬ 6 ਵਜੇ ਦੋਵਾਂ ਵਿਚਕਾਰ ਫਿਰ ਤਕਰਾਰ ਹੋਈ। ਉਸ ਸਮੇਂ ਇਸਮਾਇਲ ਨਸ਼ੇ ’ਚ ਸੀ ਤੇ ਝਗੜੇ ਦੌਰਾਨ ਉਸ ਨੇ ਕਿਹਾ ਕਿ ਤੇਰੇ ਆਉਣ ਨਾਲ ਮੇਰੀ ਜ਼ਿੰਦਗੀ ਬਰਬਾਦ ਹੋ ਗਈ ਹੈ। ਇਸ ਤੋਂ ਬਾਅਦ ਸਜਦਾ ਗੁੱਸੇ ’ਚ ਘਰ ਛੱਡ ਕੇ ਚਲੀ ਗਈ। ਇਸ ਦੌਰਾਨ ਇਸਮਾਇਲ ਨੇ ਉਸ ਨੂੰ ਧਮਕੀ ਦਿੱਤੀ ਕਿ ਜੇ ਉਹ ਵਾਪਸ ਨਾ ਆਈ ਤਾਂ ਉਹ ਫਾਹਾ ਲਗਾ ਲਵੇਗਾ। ਸਜਦਾ ਨੇ ਦੱਸਿਆ ਕਿ ਉਸ ਨੂੰ ਲੱਗਾ ਕਿ ਉਹ ਹਮੇਸ਼ਾ ਵਾਂਗ ਉਸ ਨੂੰ ਵਾਪਸ ਘਰ ਆਉਣ ਲਈ ਡਰਾ ਰਿਹਾ ਹੈ, ਪਰ ਜਦੋਂ ਉਹ ਵਾਪਸ ਘਰ ਆਈ ਤਾਂ ਉਸ ਨੇ ਇਸਮਾਇਲ ਨੂੰ ਪੱਖੇ ਨਾਲ ਲਟਕਿਆ ਹੋਇਆ ਦੇਖਿਆ। ਉਸ ਨੇ ਰੌਲਾ ਪਾ ਦਿੱਤਾ ਤੇ ਲੋਕਾਂ ਦੀ ਮਦਦ ਨਾਲ ਉਸ ਨੂੰ ਹੇਠਾਂ ਉਤਾਰਿਆ ਗਿਆ। ਜਾਂਚ ਕਰਨ ’ਤੇ ਪਤਾ ਲੱਗਾ ਕਿ ਇਸਮਾਇਲ ਦੀ ਮੌਤ ਹੋ ਚੁੱਕੀ ਸੀ। ਸਜਦਾ ਮੁਤਾਬਕ, ਇਸਮਾਇਲ ਪਹਿਲਾਂ ਵੀ ਕਈ ਵਾਰ ਆਤਮਹੱਤਿਆ ਦੀਆਂ ਧਮਕੀਆਂ ਦੇ ਚੁੱਕਾ ਸੀ ਅਤੇ ਉਹ ਕਈ ਵਾਰ ਉਸ ਨੂੰ ਅਜਿਹਾ ਕਰਨ ਤੋਂ ਰੋਕ ਚੁੱਕੀ ਸੀ। ਇਸ ਮਾਮਲੇ ਬਾਰੇ ਏਐੱਸਆਈ ਰਵਿੰਦਰ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਮਾਮਲੇ ਦੀ ਆਤਮਹੱਤਿਆ ਲਈ ਉਕਸਾਉਣ ਦੇ ਐਂਗਲ ਤੋਂ ਵੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੂਰੀ ਪੜਤਾਲ ਤੋਂ ਬਾਅਦ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।