ਔਰਤ ਨਾਲ ਕੁੱਟਮਾਰ ਮਾਮਲੇ ’ਚ ਪਤੀ ਤੇ ਸੱਸ ਨਾਮਜ਼ਦ
ਪਤੀ ਅਤੇ ਸੱਸ ਨੇ ਮਿਲ ਕੇ ਔਰਤ ਦੀ ਕੀਤੀ ਬੁਰੀ ਤਰ੍ਹਾਂ ਕੁੱਟਮਾਰ
Publish Date: Wed, 18 Mar 2026 09:15 PM (IST)
Updated Date: Thu, 19 Mar 2026 04:13 AM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਮਹਾਨਗਰ ਲੁਧਿਆਣਾ ਦੇ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਪਤਨੀ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੇ ਮਾਮਲੇ ’ਚ ਇਕ ਵਿਅਕਤੀ ਅਤੇ ਉਸ ਦੀ ਮਾਤਾ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਪੁਲਿਸ ਨੇ ਇਹ ਕਾਰਵਾਈ ਨਿਊ ਪ੍ਰੋਫੈਸਰ ਕਲੋਨੀ ਦੀ ਰਹਿਣ ਵਾਲੀ ਅੰਨੂ ਗਰਗ ਦੀ ਸ਼ਿਕਾਇਤ ਤੇ ਕਈ ਮਹੀਨਿਆਂ ਦੀ ਪੜਤਾਲ ਤੋਂ ਬਾਅਦ ਕੀਤੀ। ਥਾਣਾ ਸਰਾਭਾ ਨਗਰ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਅੰਨੂ ਗਰਗ ਨੇ ਦੱਸਿਆ ਕਿ ਸਾਲ 2002 ਵਿੱਚ ਉਸ ਦਾ ਵਿਆਹ ਨਿਊ ਪ੍ਰੋਫੈਸਰ ਕਲੋਨੀ ਦੇ ਰਹਿਣ ਵਾਲੇ ਗੁਲਸ਼ਨ ਕੁਮਾਰ ਨਾਲ ਹੋਇਆ ਸੀ। ਔਰਤ ਨੇ ਦੱਸਿਆ ਕਿ ਉਸ ਦਾ ਪਤੀ ਗੁਲਸ਼ਨ ਕੁਮਾਰ ਅਤੇ ਸੱਸ ਵੀਨਾ ਰਾਣੀ ਉਸ ਨੂੰ ਕਾਫੀ ਸਮੇਂ ਤੋਂ ਤੰਗ ਪ੍ਰੇਸ਼ਾਨ ਕਰ ਰਹੇ ਹਨ। ਇਸ ਵੇਲੇ ਉਸ ਦੀ ਬੇਟੀ ਦੀ ਉਮਰ 21 ਸਾਲ ਹੋ ਗਈ ਹੈ, ਪਰ ਮੁਲਜ਼ਮ ਫਿਰ ਵੀ ਉਸ ਨੂੰ ਲਗਾਤਾਰ ਤੰਗ ਕਰਦੇ ਹਨ। ਔਰਤ ਨੇ ਸ਼ਿਕਾਇਤ ਵਿੱਚ ਦੱਸਿਆ ਕਿ 28 ਅਗਸਤ 2025 ਨੂੰ ਉਹ ਪੈਦਲ ਹੀ ਆਪਣੇ ਘਰ ਵੱਲ ਜਾ ਰਹੀ ਸੀ ਇਸੇ ਦੌਰਾਨ ਰਘੂਨਾਥ ਪੁਲਿਸ ਚੌਂਕੀ ਦੇ ਲਾਗੇ ਉਸ ਦੇ ਪਤੀ ਗੁਲਸ਼ਨ ਕੁਮਾਰ ਅਤੇ ਸੱਸ ਵੀਨਾ ਰਾਣੀ ਨੇ ਉਸ ਨੂੰ ਰੋਕ ਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਸਬੰਧੀ ਔਰਤ ਨੇ 12 ਸਤੰਬਰ 2025 ਨੂੰ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਇੱਕ ਲਿਖਿਤ ਸ਼ਿਕਾਇਤ ਦਿੱਤੀ। ਮਾਮਲੇ ਦੀ ਪੜਤਾਲ ਤੋਂ ਬਾਅਦ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਅੰਨੂ ਗਰਗ ਦੀ ਸ਼ਿਕਾਇਤ ਤੇ ਉਸ ਦੇ ਪਤੀ ਨਿਊ ਪ੍ਰੋਫੈਸਰ ਕਲੋਨੀ ਦੇ ਵਾਸੀ ਗੁਲਸ਼ਨ ਕੁਮਾਰ ਅਤੇ ਬੀਆਰਐਸ ਨਗਰ ਵਾਸੀ ਉਸ ਦੀ ਸੱਸ ਵੀਨਾ ਰਾਣੀ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।