ਗੁਰਪਾਲ ਨਗਰ ਰੋਡ ਮਾਮਲੇ ’ਚ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਨਗਰ ਨਿਗਮ ਨੂੰ ਫਟਕਾਰ
ਗੁਰਪਾਲ ਨਗਰ ਰੋਡ ਮਾਮਲੇ ’ਚ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਨਗਰ ਨਿਗਮ ਨੂੰ ਫਟਕਾਰ
Publish Date: Sat, 11 Apr 2026 06:22 PM (IST)
Updated Date: Sat, 11 Apr 2026 06:26 PM (IST)
ਪ੍ਰਿੰਸ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ ਪੰਜਾਬ ਸਟੇਟ ਮਨੁੱਖੀ ਅਧਿਕਾਰ ਕਮਿਸ਼ਨ ਨੇ ਹਲਕਾ ਲੁਧਿਆਣਾ ਦੱਖਣੀ ਦੇ ਕਬੀਰ ਨਗਰ/ਗੁਰਪਾਲ ਨਗਰ ਰੋਡ ਨੰਬਰ 11 ਦੀ ਮੰਦ ਹਾਲਤ ਨੂੰ ਲੈ ਕੇ ਨਗਰ ਨਿਗਮ ਲੁਧਿਆਣਾ ਨੂੰ ਕੜੀ ਫਟਕਾਰ ਲਗਾਈ ਹੈ। ਇਹ ਕਾਰਵਾਈ ਐਡਵੋਕੇਟ ਡਾ. ਗੌਰਵ ਅਰੋੜਾ ਵੱਲੋਂ ਦਾਇਰ ਕੀਤੀ ਗਈ ਸ਼ਿਕਾਇਤ ‘ਤੇ ਕੀਤੀ ਗਈ ਹੈ। ਕਮਿਸ਼ਨ ਵੱਲੋਂ ਪਹਿਲਾਂ ਨਗਰ ਨਿਗਮ ਤੋਂ ਜਵਾਬ ਤਲਬ ਕੀਤਾ ਗਿਆ ਸੀ, ਪਰ ਨਿਗਮ ਵੱਲੋਂ ਨਿਰਧਾਰਿਤ ਸਮੇਂ ਵਿਚ ਕੋਈ ਜਵਾਬ ਪੇਸ਼ ਨਹੀਂ ਕੀਤਾ ਗਿਆ। ਸ਼ਿਕਾਇਤ ’ਚ ਦਰਸਾਇਆ ਗਿਆ ਹੈ ਕਿ ਉਕਤ ਰੋਡ ਨੂੰ ਸਰਕਾਰੀ ਰਿਕਾਰਡ ਵਿਚ ਤਿਆਰ ਦਰਸਾਇਆ ਗਿਆ ਹੈ, ਜਦਕਿ ਜ਼ਮੀਨੀ ਪੱਧਰ ‘ਤੇ ਇਸ ਦੀ ਹਾਲਤ ਬਹੁਤ ਖ਼ਰਾਬ ਹੈ। ਨਾਲ ਹੀ ਦੋਸ਼ ਲਗਾਇਆ ਗਿਆ ਕਿ ਅਧਿਕਾਰੀਆਂ ਤੇ ਸਥਾਨਕ ਆਗੂਆਂ ਦੀ ਕਥਿਤ ਮਿਲੀਭੁਗਤ ਨਾਲ ਨੇੜਲੇ ਨਿਰਮਲ ਪੈਲੇਸ ਰੋਡ ਦਾ ਨਿਰਮਾਣ ਕਰਵਾ ਦਿੱਤਾ ਗਿਆ, ਜਦਕਿ ਗੁਰਪਾਲ ਨਗਰ ਰੋਡ ਨੰਬਰ 11 ਨੂੰ ਨਜ਼ਰਅੰਦਾਜ਼ ਕੀਤਾ ਗਿਆ। ਨਗਰ ਨਿਗਮ ਵੱਲੋਂ ਜਵਾਬ ਨਾ ਦੇਣ ‘ਤੇ ਕਮਿਸ਼ਨ ਨੇ ਸਖ਼ਤੀ ਦਿਖਾਉਂਦਿਆਂ ਲੋਕਲ ਬਾਡੀਜ਼ ਦੇ ਡਾਇਰੈਕਟਰ ਨੂੰ ਨੋਟਿਸ ਜਾਰੀ ਕਰਕੇ ਸਪਸ਼ਟੀਕਰਨ ਮੰਗਿਆ ਹੈ।