- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਵਾਈਕਲ ਕੈਂਸਰ ਤੋਂ ਬਚਾਉਣ ਲਈ ਐਚਪੀਵੀ ਟੀਕਾਕਰਨ ਅਭਿਆਨ ਸ਼ੁਰੂ

ਫੋਟੋ ਨੰਬਰ- 21
ਬਸੰਤ ਸਿੰਘ ਰੋੜੀਆਂ, ਪੰਜਾਬੀ ਜਾਗਰਣ
ਲੁਧਿਆਣਾ : ਸਿਹਤ ਵਿਭਾਗ ਵੱਲੋਂ ਅੱਜ ਲੜਕੀਆਂ ਨੂੰ ਸਰਵਾਈਕਲ ਕੈਂਸਰ ਤੋਂ ਬਚਾਉਣ ਦੇ ਮਕਸਦ ਨਾਲ 90 ਦਿਨ ਦੀ ਹਿਊਮਨ ਪੈਪੀਲੋਮਾ ਵਾਇਰਸ ਟੀਕਾਕਰਨ ਮੁਹਿੰਮ ਦੀ ਸਰਕਾਰੀ ਸ਼ੁਰੂਆਤ ਸਿਵਲ ਸਰਜਨ ਡਾ. ਰਮਨਦੀਪ ਕੌਰ ਦੀ ਅਗਵਾਈ ਹੇਠ ਕੀਤੀ ਗਈ। ਉਨ੍ਹਾਂ ਕਿਹਾ ਕਿ ਸਰਵਾਈਕਲ ਕੈਂਸਰ ਉਨ੍ਹਾਂ ਕੈਂਸਰਾਂ ਵਿੱਚੋਂ ਇੱਕ ਹੈ ਜਿਸ ਤੋਂ ਲੜਕੀਆਂ ਨੂੰ ਸਮੇਂ ਸਿਰ ਟੀਕਾਕਰਨ ਅਤੇ ਜਾਗਰੂਕਤਾ ਰਾਹੀਂ ਕਾਫ਼ੀ ਹੱਦ ਤੱਕ ਬਚਾਅ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਹ ਟੀਕਾ ਸੁਰੱਖਿਅਤ ਅਤੇ ਬਹੁਤ ਪ੍ਰਭਾਵਸ਼ਾਲੀ ਰੋਕਥਾਮੀ ਉਪਾਅ ਹੈ। ਇਸ ਮੌਕੇ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਰੋਹਿਤ ਰਾਮਪਾਲ ਅਤੇ ਡਾ. ਆਖਿਲ ਸਰੀਨ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਅੱਗੇ ਆ ਕੇ ਆਪਣੀਆਂ 14 ਤੋਂ 15 ਸਾਲ ਦੀ ਉਮਰ ਵਾਲੀਆਂ ਧੀਆਂ ਨੂੰ ਇਸ ਵਿਸ਼ੇਸ਼ ਅਭਿਆਨ ਦੌਰਾਨ ਟੀਕਾ ਜ਼ਰੂਰ ਲਗਵਾਉਣ। ਉਨ੍ਹਾਂ ਕਿਹਾ ਕਿ ਇਹ ਸਰਕਾਰ ਦਾ ਬਹੁਤ ਵੱਡਾ ਤੇ ਅਹਿਮ ਉਪਰਾਲਾ ਹੈ, ਹਰ ਮਾਂ ਬਾਪ ਆਪਣੀ 14, 15 ਸਾਲ ਦੀ ਬੇਟੀ ਦਾ ਇਹ ਟੀਕਾਕਰਨ ਜਰੂਰ ਕਰਵਾਉਣ ਤਾਂ ਕਿ ਬੱਚਿਆਂ ਨੂੰ ਸਰਵਾਈਕਲ ਕੈਂਸਰ ਤੋਂ ਬਚਾਇਆ ਜਾ ਸਕੇ। ਡਾ. ਰਮਨਦੀਪ ਕੌਰ ਨੇ ਕਿਹਾ ਕਿ ਨਿਰਧਾਰਤ ਉਮਰ ਵਿੱਚ ਲੜਕੀਆਂ ਨੂੰ ਸੁਰੱਖਿਆ ਪ੍ਰਦਾਨ ਕਰਨ ਨਾਲ ਭਵਿੱਖ ਵਿੱਚ ਸਰਵਾਈਕਲ ਕੈਂਸਰ ਦੇ ਖਤਰੇ ਨੂੰ ਕਾਫ਼ੀ ਘਟਾਇਆ ਜਾ ਸਕਦਾ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਇਸ ਮਹੱਤਵਪੂਰਨ ਜਨ ਸਿਹਤ ਮੁਹਿੰਮ ਦੀ ਸਫਲਤਾ ਲਈ ਸਮਾਜ ਅਤੇ ਮਾਪਿਆਂ ਦੀ ਸਰਗਰਮ ਭਾਗੀਦਾਰੀ ਬਹੁਤ ਜ਼ਰੂਰੀ ਹੈ। ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਭਿਆਨ ਦੀ ਸਫਲ ਕਾਰਗੁਜ਼ਾਰੀ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ ਅਤੇ ਲਾਭਪਾਤਰੀਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹੇ ਦੀਆਂ 19 ਸਿਹਤ ਸੰਸਥਾਵਾਂ ਵਿੱਚ ਟੀਕਾਕਰਨ ਸੈਸ਼ਨ ਆਯੋਜਿਤ ਕੀਤੇ ਜਾਣਗੇ, ਤਾਂ ਜੋ ਵੱਧ ਤੋਂ ਵੱਧ ਲੜਕੀਆਂ ਇਸ ਸੇਵਾ ਦਾ ਲਾਭ ਲੈ ਸਕਣ। ਉਨ੍ਹਾਂ ਦੱਸਿਆ ਕਿ ਟੀਕਾਕਰਨ ਤੋਂ ਬਾਅਦ ਹਰ ਲਾਭਪਾਤਰੀ ਨੂੰ 30 ਮਿੰਟ ਤੱਕ ਨਿਗਰਾਨੀ ਹੇਠ ਰੱਖਿਆ ਜਾਵੇਗਾ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਧੀਆਂ ਨੂੰ ਨਜ਼ਦੀਕੀ ਸਿਹਤ ਕੇਂਦਰ ‘ਤੇ ਲੈ ਜਾ ਕੇ ਇਸ ਮਹੱਤਵਪੂਰਨ ਟੀਕਾਕਰਨ ਅਭਿਆਨ ਦਾ ਲਾਭ ਲਵਾਉਣ। ਇਹ ਟੀਕਾਕਰਨ ਅਭਿਆਨ ਸਿਵਲ ਹਸਪਤਾਲ ਲੁਧਿਆਣਾ, ਸਾਰੇ ਐੱਸਡੀਐੱਚ, ਸਾਰੇ ਸੀਐਚਸੀ ਯੂਸੀਜੀਸੀ, ਅਤੇ ਐਮਸੀਐਚ ਵਿੱਚ ਆਯੋਜਿਤ ਕੀਤਾ ਜਾਵੇਗਾ। ਸਿਹਤ ਵਿਭਾਗ ਨੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ 90 ਦਿਨਾਂ ਦੇ ਅਭਿਆਨ ਦਾ ਪੂਰਾ ਲਾਭ ਲੈਣ ਅਤੇ ਯੋਗ ਬੱਚੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ, ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਸਿਹਤਮੰਦ ਅਤੇ ਕੈਂਸਰ-ਮੁਕਤ ਭਵਿੱਖ ਦਿੱਤਾ ਜਾ ਸਕੇ। ਇਸ ਮੌਕੇ ਐੱਸਐੱਮਓ ਐੱਮਸੀਐੱਚ ਡਾ. ਰੋਹਿਤ ਰਾਮਪਾਲ ਅਤੇ ਐਸਐਮਓ ਸਿਵਲ ਹਸਪਤਾਲ ਡਾ. ਅਖਿਲ ਸਰੀਨ ਮੌਜੂਦ ਸਨ।