ਸਾਥੀ ਮੁਲਾਜ਼ਮ ਨੇ ਕੀਤਾ ਹੌਜ਼ਰੀ ਕਾਰੀਗਰ ਦਾ ਕਤਲ
ਸਾਥੀ ਮੁਲਾਜ਼ਮ ਨੇ ਕੀਤਾ ਹੋਜ਼ਰੀ ਕਾਰੀਗਰ ਦਾ ਕਤਲ
Publish Date: Thu, 23 Apr 2026 08:39 PM (IST)
Updated Date: Fri, 24 Apr 2026 04:11 AM (IST)

ਆਪਸੀ ਝਗੜੇ ਮਗਰੋਂ ਮਾਰਿਆ ਸਟੂਲ ਬਣਿਆ ਜਾਨਲੇਵਾ ਪੁਲਿਸ ਪੜਤਾਲ ਦੌਰਾਨ ਕਤਲ ਕਰਨ ਵਾਲਾ ਮੁਲਜ਼ਮ ਗ੍ਰਿਫਤਾਰ ਐੱਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ ਸਥਾਨਕ ਥਾਣਾ ਹੈਬੋਵਾਲ ਅਧੀਨ ਜਵੰਦ ਵਿਹਾਰ ਇਲਾਕੇ ਦੇ ਇੱਕ ਹੌਜ਼ਰੀ ’ਚ ਕੰਮ ਕਰਨ ਵਾਲੇ ਕਾਰੀਗਰ ਨੂੰ ਉਸ ਦੇ ਸਾਥੀ ਕਾਰੀਗਰ ਨੇ ਕਤਲ ਕਰ ਦਿੱਤਾ। ਦੋਨਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਹੋਏ ਝਗੜੇ ਮਗਰੋਂ ਮੁਲਜ਼ਮ ਨੇ ਕਾਰੀਗਰ ਸਾਥੀ ਦੇ ਸਿਰ ’ਚ ਜ਼ੋਰ ਨਾਲ ਸਟੂਲ ਮਾਰਿਆ ਤੇ ਸਿਰ ’ਚ ਲੱਗੀ ਸੱਟ ਜਾਨਲੇਵਾ ਸਾਬਤ ਹੋਈ। ਵਾਰਦਾਤ ’ਚ ਕਤਲ ਹੋਏ ਮੁਲਾਜ਼ਮ ਦੀ ਪਛਾਣ ਧਰਮਿੰਦਰ ਕੁਮਾਰ ਦੇ ਰੂਪ ’ਚ ਹੋਈ ਹੈ, ਜੋ ਕਿ ਮੂਲ ਰੂਪ ’ਚ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਲਖਨਊ ਦਾ ਰਹਿਣ ਵਾਲਾ ਹੈ ਤੇ ਕਰੀਬ 6 ਸਾਲ ਤੋਂ ਇਸ ਹੌਜ਼ਰੀ ’ਚ ਕੰਮ ਕਰ ਰਿਹਾ ਸੀ। ਉਕਤ ਵਾਰਦਾਤ ਦੀ ਜਾਣਕਾਰੀ ਮਿਲਣ ਮਗਰੋਂ ਮੌਕੇ ’ਤੇ ਪੁੱਜੀ ਪੁਲਿਸ ਪਾਰਟੀ ਨੇ ਕਤਲ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਫੈਕਟਰੀ ਮਾਲਕ ਉਮੀ ਕੁਮਾਰ ਮੁਤਾਬਕ ਉਸ ਨੂੰ ਵਾਰਦਾਤ ਦਾ ਬੀਤੀ ਅੱਧੀ ਰਾਤ ਮਗਰੋਂ ਪਤਾ ਲੱਗਾ, ਜਦ ਕਰੀਬ ਪੌਣੇ 3 ਵਜੇ ਫੈਕਟਰੀ ’ਚ ਰੱਖੇ ਠੇਕੇਦਾਰ ਨੇ ਉਸ ਨੂੰ ਫੋਨ ਕਰ ਕੇ ਘਟਨਾ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਠੇਕੇਦਾਰ ਰਾਹੁਲ ਨੇ ਦੱਸਿਆ ਕਿ ਧਰਮਿੰਦਰ ਤੇ ਉਸ ਦੇ ਭਤੀਜੇ ਵਿਚਕਾਰ ਝਗੜਾ ਹੋਇਆ ਤੇ ਧਰਮਿੰਦਰ ਦੇ ਸਿਰ ’ਚ ਸਟੂਲ ਲੱਗਣ ਕਾਰਨ ਉਸ ਦੀ ਹਾਲਤ ਗੰਭੀਰ ਹੈ। ਉਕਤ ਜਾਣਕਾਰੀ ਮਿਲਣ ਮਗਰੋਂ ਉਨ੍ਹਾਂ ਤੁਰੰਤ ਐਂਬੂਲੈਂਸ ਨੂੰ ਸੂਚਿਤ ਕੀਤਾ ਤੇ ਫੱਟੜ ਧਰਮਿੰਦਰ ਨੂੰ ਇਲਾਜ ਲਈ ਸਿਵਲ ਹਸਪਤਾਲ ਲੈ ਆਏ। ਹਸਪਤਾਲ ਪੁੱਜਣ ’ਤੇ ਡਾਕਟਰਾਂ ਨੇ ਫੈਕਟਰੀ ਕਾਰੀਗਰ ਧਰਮਿੰਦਰ ਨੂੰ ਮ੍ਰਿਤਕ ਐਲਾਨ ਦਿੱਤਾ। ਵਾਰਦਾਤ ਦੀ ਜਾਣਕਾਰੀ ਮਿਲਣ ਮਗਰੋਂ ਪੁਲਿਸ ਟੀਮ ਮੌਕੇ ’ਤੇ ਪੁੱਜੀ ਤੇ ਮੁਲਜ਼ਮ ਨੂੰ ਹਿਰਾਸਤ ’ਚ ਲੈ ਲਿਆ। ਬਾਕਸ-- ਮ੍ਰਿਤਕ ਨੇ ਹੀ ਮੁਲਜ਼ਮ ਨੂੰ ਲਿਆ ਕੇ ਰੱਖਿਆ ਸੀ ਕੰਮ ’ਤੇ ਜਾਣਕਾਰੀ ਮੁਤਾਬਕ ਮੂਲ ਰੂਪ ’ਚ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਲਖਨਊ ਦਾ ਰਹਿਣ ਵਾਲਾ ਧਰਮਿੰਦਰ ਕਰੀਬ ਮਹੀਨਾ ਪਹਿਲਾਂ ਆਪ ਹੀ ਆਪਣੇ ਭਤੀਜੇ ਨੂੰ ਪਿੰਡ ਤੋਂ ਲੁਧਿਆਣਾ ਲੈ ਕੇ ਆਇਆ ਸੀ। ਉਸ ਨੇ ਹੀ ਮੁਲਜ਼ਮ ਨੂੰ ਇਸ ਫੈਕਟਰੀ ’ਚ ਕੰਮ ’ਤੇ ਰਖਵਾਇਆ ਪਰ ਬੀਤੀ ਦੇਰ ਰਾਤ ਦੋਨਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਬਹਿਸਬਾਜ਼ੀ ਹੋਈ ਤੇ ਰਿਸ਼ਤੇ ਦੀ ਪ੍ਰਵਾਹ ਨਾ ਕਰਦੇ ਹੋਏ ਮੁਲਜ਼ਮ ਨੇ ਆਪਣੇ ਚਾਚੇ ਦੇ ਸਿਰ ’ਤੇ ਫੈਕਟਰੀ ’ਚ ਬੈਠਣ ਲਈ ਰੱਖੇ ਸਟੂਲ ਨਾਲ ਜ਼ਓਰਦਾਰ ਵਾਰ ਕਰ ਦਿੱਤਾ। ਸਿਰ ’ਤੇ ਲੱਗੀ ਸੱਟ ਜਾਨਲੇਵਾ ਸਾਬਤ ਹੋਈ ਤੇ ਧਰਮਿੰਦਰ ਸਿਰ ’ਚ ਲੱਗੀ ਸੱਟ ਕਾਰਨ ਦਮ ਤੋੜ ਗਿਆ। ਰਾਤ ਵੇਲੇ ਫੈਕਟਰੀ ’ਚ ਸਿਰਫ 2 ਲੋਕ ਮੌਜੂਦ ਸਨ, ਜਿਸ ਕਾਰਨ ਉਕਤ ਦੋਨਾਂ ਵਿਚਕਾਰ ਹੋਏ ਝਗੜੇ ਨੂੰ ਨਾ ਰੋਕ ਸਕੇ। ਬਹਿਰਹਾਲ ਪੁਲਿਸ ਪਾਰਟੀ ਨੇ ਫੈਕਟਰੀ ਤੋਂ ਸਬੂਤ ਇਕੱਠੇ ਕਰ ਕੇ ਰਾਤ ਦੀ ਸ਼ਿਫਟ ’ਚ ਕੰਮ ਕਰਨ ਵਾਲੀ ਲੇਬਰ ਦੇ ਬਿਆਨ ਵੀ ਦਰਜ ਕਰ ਲਏ ਹਨ। ਮ੍ਰਿਤਕ ਦੇ ਪਰਿਵਾਰ ਨੂੰ ਉਕਤ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਪੋਸਟਮਾਰਟਮ ਮਗਰੋਂ ਮ੍ਰਿਤਕ ਦੀ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ ਜਾਵੇਗੀ।