ਟੱਕਰ ਮਗਰੋਂ ਸੜਕ ’ਤੇ ਗੁੰਡਾਗਰਦੀ; ਔਰਤ ਨਾਲ ਛੇੜਛਾੜ
ਟੱਕਰ ਮਗਰੋਂ ਸੜਕ ‘ਤੇ ਗੁੰਡਾਗਰਦੀ: ਮਹਿਲਾ ਨਾਲ ਛੇੜਛਾੜ, ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ
Publish Date: Sun, 29 Mar 2026 08:17 PM (IST)
Updated Date: Mon, 30 Mar 2026 04:12 AM (IST)

ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ ਲੁਧਿਆਣਾ ਲੁਧਿਆਣਾ ਦੇ ਸਰਾਭਾ ਨਗਰ ਥਾਣਾ ਖੇਤਰ ਅਧੀਨ ਸਾਊਥ ਸਿਟੀ ਪੁਲ ਨੇੜੇ ਸ਼ਰੇਆਮ ਗੁੰਡਾਗਰਦੀ ਤੇ ਔਰਤ ਨਾਲ ਛੇੜਛਾੜ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇੱਕ ਪਰਿਵਾਰ ਆਪਣੀ ਇਨੋਵਾ ਕਾਰ ’ਚ ਸ਼ਹਿਰ ਵੱਲੋਂ ਸਾਊਥ ਸਿਟੀ ਜਾ ਰਿਹਾ ਸੀ। ਜਦੋਂ ਉਨ੍ਹਾਂ ਦੀ ਕਾਰ ਸਾਊਥ ਸਿਟੀ ਪੁਲ ਦੇ ਨੇੜੇ ਪਹੁੰਚੀ, ਤਾਂ ਪਿੱਛੋਂ ਆ ਰਹੀ ਇੱਕ ਸਫੈਦ ਹੁੰਡਈ ਵਰਨਾਂ ਕਾਰ ਦੇ ਚਾਲਕ ਨੇ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਗੱਡੀ ਚਲਾਉਂਦਿਆਂ ਇਨੋਵਾ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਜਿਵੇਂ ਹੀ ਦੋਵੇਂ ਵਾਹਨ ਰੁਕੇ, ਵਰਨਾ ਕਾਰ ’ਚ ਸਵਾਰ 2 ਨੌਜਵਾਨ ਹੇਠਾਂ ਉਤਰ ਆਏ। ਦੋਸ਼ ਹੈ ਕਿ ਆਪਣੀ ਗਲਤੀ ਮੰਨਣ ਦੀ ਬਜਾਏ ਉਨ੍ਹਾਂ ਮੌਕੇ ’ਤੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਪਰਿਵਾਰ ਨਾਲ ਗਾਲੀ-ਗਲੌਚ ਕੀਤੀ ਤੇ ਗੱਡੀ ’ਚ ਮੌਜੂਦ ਔਰਤ ਨਾਲ ਦੁਰ-ਵਿਵਹਾਰ ਕਰਦਿਆਂ ਛੇੜਛਾੜ ਕੀਤੀ, ਜਦੋਂ ਪਰਿਵਾਰ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਤਾਂ ਦੋਸ਼ੀਆਂ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਤੇ ਮੌਕੇ ਤੋਂ ਫਰਾਰ ਹੋ ਗਏ। ਸੂਚਨਾ ਮਿਲਣ ’ਤੇ ਜਾਂਚ ਅਧਿਕਾਰੀ ਰਾਜਿੰਦਰ ਕੁਮਾਰ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਪੁਲਿਸ ਨੇ ਅਣਪਛਾਤੇ ਕਾਰ ਚਾਲਕ ਤੇ ਉਸ ਦੇ ਸਾਥੀ ਵਿਰੁੱਧ ਲਾਪਰਵਾਹੀ ਨਾਲ ਵਾਹਨ ਚਲਾਉਣ ਤੇ ਔਰਤ ਦੀ ਲੱਜਾ ਭੰਗ ਕਰਨ ਸਬੰਧੀ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।