ਬੱਦੋਵਾਲ ’ਚ ਨੌਜਵਾਨ ਦੀ ਮੌਤ ਦੇ ਵਿਰੋਧ ’ਚ ਲਾਸ਼ ਰੱਖ ਕੇ ਹਾਈਵੇ ਜਾਮ
ਬੱਦੋਵਾਲ ’ਚ ਨੌਜਵਾਨ ਦੀ ਮੌਤ ਦੇ ਵਿਰੋਧ ’ਚ ਲਾਸ਼ ਰੱਖ ਕੇ ਹਾਈਵੇ ਜਾਮ
Publish Date: Sat, 07 Feb 2026 07:34 PM (IST)
Updated Date: Sat, 07 Feb 2026 07:35 PM (IST)

-ਮਾਪਿਆਂ ਨੇ ਦੋਸਤਾਂ ਵੱਲੋਂ ਹੀ ਕੁੱਟ-ਕੁੱਟ ਕੇ ਮਾਰਨ ਦਾ ਲਗਾਇਆ ਦੋਸ਼ -ਲੁਧਿਆਣਾ-ਫਿਰੋਜ਼ਪੁਰ ਕੌਮੀ ਮਾਰਗ ’ਤੇ ਲੱਗਾ ਭਾਰੀ ਜਾਮ ਸੁਰਿੰਦਰ ਅਰੋੜਾ, ਪੰਜਾਬੀ ਜਾਗਰਣ ਮੁੱਲਾਂਪੁਰ ਦਾਖਾ : ਨੇੜਲੇ ਪਿੰਡ ਬੱਦੋਵਾਲ ਦੇ ਨੌਜਵਾਨ ਦੀ ਮੌਤ ਦੇ ਵਿਰੋਧ ’ਚ ਪਰਿਵਾਰ ਸਮੇਤ ਲੋਕਾਂ ਨੇ ਲੁਧਿਆਣਾ-ਫਿਰੋਜ਼ਪੁਰ ਹਾਈਵੇ ਜਾਮ ਕਰ ਦਿੱਤਾ। ਮ੍ਰਿਤਕ ਦੇ ਮਾਪਿਆਂ ਨੇ ਨੌਜਵਾਨ ਪੁੱਤ ਦੇ ਦੋਸਤਾਂ ਵੱਲੋਂ ਹੀ ਕੁੱਟ-ਕੁੱਟ ਮਾਰ ਮੁਕਾਉਣ ਦੇ ਦੋਸ਼ ਲਗਾਉਂਦਿਆਂ ਤਿੱਖਾ ਵਿਰੋਧ ਪ੍ਰਗਟਾਇਆ। ਜਾਣਕਾਰੀ ਅਨੁਸਾਰ ਬੱਦੋਵਾਲ ਵਾਸੀ ਜਗਜੀਤ ਸਿੰਘ ਉਰਫ਼ ਜੋਬਨ ਪੁੱਤਰ ਅਮਨਦੀਪ ਸਿੰਘ ਦੀ ਸ਼ੱਕੀ ਹਾਲਾਤ ’ਚ ਲਾਸ਼ ਮਿਲੀ, ਜਿਸ ’ਤੇ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਜਗਜੀਤ ਸਿੰਘ ਨੂੰ ਉਸਦੇ ਦੋਸਤਾਂ ਨੇ ਕੁੱਟ–ਕੁੱਟ ਕੇ ਮਾਰ ਦਿੱਤਾ ਹੈ। ਇਸ ਘਟਨਾ ਦੀ ਜਾਣਕਾਰੀ ਦੇਣ ਤੋਂ ਬਾਅਦ ਪੁਲਿਸ ਵੱਲੋਂ ਸਮੇਂ ਸਿਰ ਨਾ ਪੁੱਜਣ ’ਤੇ ਗੁੱਸੇ ’ਚ ਆਏ ਪਰਿਵਾਰਕ ਮੈਂਬਰਾਂ ਨੇ ਪਿੰਡ ਵਾਸੀਆਂ ਨਾਲ ਮਿਲ ਕੇ ਲੁਧਿਆਣਾ-ਫਿਰੋਜ਼ਪਰ ਮੁੱਖ ਮਾਰਗ ’ਤੇ ਲਾਸ਼ ਰੱਖ ਕੇ ਜਾਮ ਲਗਾ ਦਿੱਤਾ, ਜਿਸ ਕਾਰਨ ਕਰੀਬ ਇਕ ਘੰਟਾ ਆਵਾਜਾਈ ਪ੍ਰਭਾਵਿਤ ਰਹੀ। ਮ੍ਰਿਤਕ ਦੇ ਪਿਤਾ ਅਮਨਦੀਪ ਸਿੰਘ ਨੇ ਦੱਸਿਆ ਕਿ ਜਗਜੀਤ ਸਿੰਘ ਨੂੰ ਦਾਖਾ ਪੁਲਿਸ ਵੱਲੋਂ ਪਿੰਡ ’ਚ ਹੋਈ ਲੜਾਈ ਦੇ ਮਾਮਲੇ ’ਚ ਨਾਮਜ਼ਦ ਕੀਤਾ ਸੀ ਅਤੇ ਅੱਜ ਉਸ ਨੂੰ ਪੁਲਿਸ ਅਧਿਕਾਰੀਆਂ ਸਾਹਮਣੇ ਪੇਸ਼ ਕਰਨਾ ਸੀ। ਰਾਤ ਨੂੰ ਰੋਟੀ ਖਾਣ ਤੋਂ ਬਾਅਦ ਜਗਜੀਤ ਸਿੰਘ ਆਪਣੇ ਦੋਸਤਾਂ ਨਾਲ ਇਕ ਹੋਰ ਦੋਸਤ ਦੇ ਘਰ ਦੂਜੇ ਪਿੰਡ ਗਿਆ ਸੀ। ਸਵੇਰੇ ਉਨ੍ਹਾਂ ਨੂੰ ਫ਼ੋਨ ਆਇਆ ਕਿ ਉਨ੍ਹਾਂ ਦਾ ਪੁੱਤਰ ਉੱਠ ਨਹੀਂ ਰਿਹਾ। ਫਿਰ ਉਨ੍ਹਾਂ ਫ਼ੋਨ ਕਰਨ ਵਾਲਿਆਂ ਨੂੰ ਕਿਹਾ ਕਿ ਉਸ ਨੂੰ ਹਸਪਤਾਲ ਲੈ ਆਓ। ਜਦੋਂ ਉਹ ਹਸਪਤਾਲ ਪੁੱਜੇ ਤਾਂ ਡਾਕਟਰਾਂ ਨੇ ਜਗਜੀਤ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪਰਿਵਾਰ ਦਾ ਦੋਸ਼ ਹੈ ਕਿ ਘਟਨਾ ਦੀ ਸੂਚਨਾ ਦੇਣ ਦੇ ਬਾਵਜੂਦ ਪੁਲਿਸ ਘੰਟਿਆਂ ਤੱਕ ਮੌਕੇ ’ਤੇ ਨਹੀਂ ਪੁੱਜੀ, ਜਿਸ ਕਾਰਨ ਉਨ੍ਹਾਂ ਪਿੰਡ ਵਾਸੀਆਂ ਨਾਲ ਮਿਲ ਕੇ ਹਾਈਵੇ ’ਤੇ ਜਾਮ ਲਗਾ ਦਿੱਤਾ। ਜਾਮ ਦੌਰਾਨ ਸਾਬਕਾ ਐੱਮਪੀ ਅਮਰੀਕ ਸਿੰਘ ਅਲੀਵਾਲ ਵੀ ਉਥੇ ਫਸ ਗਏ, ਜਿਨ੍ਹਾਂ ਨੇ ਮੌਕੇ ’ਤੇ ਮੌਜੂਦ ਪਰਿਵਾਰ ਨਾਲ ਗੱਲਬਾਤ ਕੀਤੀ ਤੇ ਉੱਥੇ ਪੁੱਜੇ ਐੱਸਐੱਚਓ ਹਮਰਾਜ ਸਿੰਘ ਚੀਮਾ ਤੋਂ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਰਵਾਈ ਦੀ ਮੰਗ ਕੀਤੀ। ਪੁਲਿਸ ਵੱਲੋਂ ਨਿਰਪੱਖ ਜਾਂਚ ਅਤੇ ਕਾਰਵਾਈ ਦਾ ਭਰੋਸਾ ਦੇਣ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ।