ਹਾਈ ਕੋਰਟ ਦੇ ਜਸਟਿਸ ਕੀਰਤੀ ਸਿੰਘ ਵੱਲੋਂ ਜ਼ਿਲ੍ਹੇ ਦੀਆਂ ਤਿੰਨ ਜੇਲ੍ਹਾਂ ਦਾ ਨਿਰੀਖਣ
ਹਾਈ ਕੋਰਟ ਦੇ ਜਸਟਿਸ ਕੀਰਤੀ ਸਿੰਘ ਵੱਲੋਂ ਲੁਧਿਆਣਾ ਦੀਆਂ ਤਿੰਨ ਜੇਲ੍ਹਾਂ ਦਾ ਨਿਰੀਖਣ
Publish Date: Fri, 13 Mar 2026 09:55 PM (IST)
Updated Date: Fri, 13 Mar 2026 09:57 PM (IST)

- ਕੈਦੀਆਂ ਨੂੰ ਮਿਲਦੀਆਂ ਸਹੂਲਤਾਂ ਦਾ ਲਿਆ ਜਾਇਜ਼ਾ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਅਤੇ ਸੈਸ਼ਨ ਡਵੀਜ਼ਨ ਦੇ ਪ੍ਰਸ਼ਾਸਨਿਕ ਜੱਜ ਜਸਟਿਸ ਕੀਰਤੀ ਸਿੰਘ ਨੇ ਸ਼ੁੱਕਰਵਾਰ ਨੂੰ ਲੁਧਿਆਣਾ ਦੀ ਕੇਂਦਰੀ ਜੇਲ੍ਹ, ਜਨਾਨਾ ਜੇਲ੍ਹ ਅਤੇ ਬੋਰਸਟਲ ਜੇਲ੍ਹ ਦਾ ਦੌਰਾ ਕਰ ਕੇ ਕੈਦੀਆਂ ਅਤੇ ਵਿਚਾਰ ਅਧੀਨ ਬੰਦੀਆਂ ਲਈ ਉਪਲਬਧ ਸਹੂਲਤਾਂ ਦਾ ਵਿਸਥਾਰ ਨਾਲ ਨਿਰੀਖਣ ਕੀਤਾ। ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਹਰਪ੍ਰੀਤ ਕੌਰ ਰੰਧਾਵਾ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਜਸਟਿਸ ਕੀਰਤੀ ਸਿੰਘ ਦੇ ਕੇਂਦਰੀ ਜੇਲ੍ਹ ਪਹੁੰਚਣ ’ਤੇ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਗਾਰਡ ਆਫ ਆਨਰ ਦਿੱਤਾ ਗਿਆ। ਦੌਰੇ ਦੌਰਾਨ ਉਨ੍ਹਾਂ ਨੇ ਜੇਲ੍ਹ ਅੰਦਰ ਕਰੀਬ 10 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਨਵੇਂ ਖੇਡ ਸਟੇਡੀਅਮ ਦਾ ਉਦਘਾਟਨ ਕੀਤਾ ਅਤੇ ਕੈਦੀਆਂ ਨੂੰ ਖੇਡਾਂ ਵਿੱਚ ਸਰਗਰਮ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਖੇਡਾਂ ਮਨੁੱਖੀ ਜੀਵਨ ਵਿੱਚ ਅਨੁਸ਼ਾਸਨ ਅਤੇ ਸਿਹਤਮੰਦ ਜੀਵਨ ਲਈ ਬਹੁਤ ਮਹੱਤਵਪੂਰਨ ਹਨ। ਦੌਰੇ ਦੌਰਾਨ ਉਨ੍ਹਾਂ ਨੇ ਜੇਲ੍ਹ ਦੀਆਂ ਬੈਰਕਾਂ, ਰਸੋਈ, ਭੋਜਨ ਸੇਵਾਵਾਂ, ਸਫਾਈ ਪ੍ਰਬੰਧ, ਫੈਕਟਰੀ ਅਤੇ ਹੋਰ ਸਹੂਲਤਾਂ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਜੇਲ੍ਹ ਦੀ ਰਸੋਈ ਵਿੱਚ ਤਿਆਰ ਕੀਤੇ ਜਾ ਰਹੇ ਖਾਣੇ ਦੀ ਗੁਣਵੱਤਾ ਅਤੇ ਸਫ਼ਾਈ ਦਾ ਨਿੱਜੀ ਤੌਰ ’ਤੇ ਜਾਇਜ਼ਾ ਲਿਆ ਅਤੇ ਸਫ਼ਾਈ ਦੇ ਉੱਚ ਮਿਆਰ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ। ਇਸ ਦੇ ਨਾਲ ਹੀ ਉਨ੍ਹਾਂ ਨੇ ਜੇਲ੍ਹ ਹਸਪਤਾਲ ਦਾ ਵੀ ਦੌਰਾ ਕਰ ਕੇ ਉੱਥੇ ਚੱਲ ਰਹੀਆਂ ਡਾਕਟਰੀ ਸੇਵਾਵਾਂ ਬਾਰੇ ਜਾਣਕਾਰੀ ਹਾਸਲ ਕੀਤੀ। ਜਸਟਿਸ ਕੀਰਤੀ ਸਿੰਘ ਨੇ ਜੇਲ੍ਹ ਅੰਦਰ ਚੱਲ ਰਹੀਆਂ ਵੱਖ-ਵੱਖ ਕਿੱਤਾਮੁਖੀ ਵਰਕਸ਼ਾਪਾਂ ਜਿਵੇਂ ਕਿ ਬੇਕਰੀ, ਤਰਖਾਣੀ, ਵੈਲਡਿੰਗ, ਪਾਵਰਲੂਮ, ਬੁਣਾਈ ਅਤੇ ਟੇਲਰਿੰਗ ਇਕਾਈਆਂ ਦਾ ਵੀ ਦੌਰਾ ਕੀਤਾ। ਉਨ੍ਹਾਂ ਕੈਦੀਆਂ ਲਈ ਚੱਲ ਰਹੇ ਆਈਟੀਆਈ ਕੋਰਸਾਂ ਅਤੇ ਹੁਨਰ ਵਿਕਾਸ ਪ੍ਰੋਗਰਾਮਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਕੈਦੀਆਂ ਵੱਲੋਂ ਗੀਤਾਂ ਅਤੇ ਕਵਾਲੀਆਂ ਰਾਹੀਂ ਜਸਟਿਸ ਕੀਰਤੀ ਸਿੰਘ ਦਾ ਸਵਾਗਤ ਵੀ ਕੀਤਾ ਗਿਆ, ਜਿਸ ਦੀ ਉਨ੍ਹਾਂ ਨੇ ਸ਼ਲਾਘਾ ਕੀਤੀ। ਬਾਅਦ ਵਿੱਚ ਉਨ੍ਹਾਂ ਜਨਾਨਾ ਜੇਲ੍ਹ ਦਾ ਦੌਰਾ ਕਰ ਕੇ ਉੱਥੇ ਕੈਦ ਬੰਦੀ ਔਰਤਾਂ ਲਈ ਉਪਲਬਧ ਸਹੂਲਤਾਂ ਦਾ ਜਾਇਜ਼ਾ ਲਿਆ ਅਤੇ ਜੇਲ੍ਹ ਅੰਦਰ ਬਣੀ ਨਵੀਂ ਮੈਡੀਕਲ ਲੈਬੋਰਟਰੀ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਇਸ ਲੈਬ ਦੇ ਸ਼ੁਰੂ ਹੋਣ ਨਾਲ ਹੁਣ ਬੰਦੀ ਔਰਤਾਂ ਦੇ ਮੈਡੀਕਲ ਟੈਸਟ ਜੇਲ੍ਹ ਅੰਦਰ ਹੀ ਹੋ ਸਕਣਗੇ ਅਤੇ ਉਨ੍ਹਾਂ ਨੂੰ ਬਾਹਰ ਲਿਜਾਣ ਦੀ ਲੋੜ ਨਹੀਂ ਪਵੇਗੀ। ਇਸ ਦੌਰਾਨ ਬੰਦੀ ਔਰਤਾਂ ਵੱਲੋਂ ਆਪਣੇ ਹੱਥਾਂ ਨਾਲ ਤਿਆਰ ਕੀਤੇ ਸਾਮਾਨ ਦੀ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਦੀ ਜਸਟਿਸ ਕੀਰਤੀ ਸਿੰਘ ਨੇ ਖੂਬ ਸ਼ਲਾਘਾ ਕੀਤੀ। ਉਨ੍ਹਾਂ ਨੇ ਬੰਦੀ ਔਰਤਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ, ਖਾਣ-ਪੀਣ ਅਤੇ ਅਦਾਲਤਾਂ ਵਿੱਚ ਚੱਲ ਰਹੇ ਕੇਸਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਨੇ ਬੰਦੀਆਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਬਾਰੇ ਜਾਣੂ ਕਰਵਾਇਆ ਅਤੇ ਕਿਹਾ ਕਿ ਜਿਹੜੇ ਬੰਦੀ ਨਿੱਜੀ ਵਕੀਲ ਨਹੀਂ ਰੱਖ ਸਕਦੇ, ਉਹ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤੋਂ ਮੁਫ਼ਤ ਕਾਨੂੰਨੀ ਸਹਾਇਤਾ ਲੈ ਸਕਦੇ ਹਨ। ਦੌਰੇ ਦੌਰਾਨ ਜਸਟਿਸ ਕੀਰਤੀ ਸਿੰਘ ਬੰਦੀ ਔਰਤਾਂ ਨਾਲ ਰਹਿ ਰਹੇ ਛੋਟੇ ਬੱਚਿਆਂ ਨੂੰ ਵੀ ਮਿਲੇ ਅਤੇ ਉਨ੍ਹਾਂ ਨੂੰ ਪੜ੍ਹਾਈ ਲਈ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਜਨਾਨਾ ਜੇਲ੍ਹ ਵਿੱਚ ਵਾਤਾਵਰਣ ਸੰਭਾਲ ਦੇ ਤਹਿਤ ਬੂਟੇ ਵੀ ਲਾਏ। ਅਖੀਰ ਵਿੱਚ ਉਨ੍ਹਾਂ ਬੋਰਸਟਲ ਜੇਲ੍ਹ ਦਾ ਦੌਰਾ ਕਰ ਕੇ ਉੱਥੇ ਦੀਆਂ ਸਹੂਲਤਾਂ ਦਾ ਵੀ ਨਿਰੀਖਣ ਕੀਤਾ ਅਤੇ ਤਿੰਨੋ ਜੇਲ੍ਹਾਂ ਦੇ ਕੈਦੀਆਂ ਦੀਆਂ ਮੁਸ਼ਕਿਲਾਂ ਸੁਣਨ ਤੋਂ ਬਾਅਦ ਸਬੰਧਿਤ ਅਦਾਲਤਾਂ ਨੂੰ ਹਦਾਇਤ ਕੀਤੀ ਕਿ ਲੰਬੇ ਸਮੇਂ ਤੋਂ ਬੰਦ ਕੈਦੀਆਂ ਦੇ ਕੇਸਾਂ ਦਾ ਜਲਦੀ ਨਿਪਟਾਰਾ ਕੀਤਾ ਜਾਵੇ। ਦੌਰੇ ਦੇ ਅਖੀਰ ’ਤੇ ਜੇਲ੍ਹ ਅਧਿਕਾਰੀਆਂ ਵੱਲੋਂ ਜਸਟਿਸ ਕੀਰਤੀ ਸਿੰਘ ਨੂੰ ਜੇਲ੍ਹ ਅੰਦਰ ਤਿਆਰ ਕੀਤੇ ਸਾਮਾਨ ਅਤੇ ਸਨਮਾਨ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ।