ਲੂ ਤੇ ਤੇਜ਼ ਧੁੱਪ ਨੇ ਵਧਾਈ ਲੋਕਾਂ ਦੀ ਪਰੇਸ਼ਾਨੀ, ਅਜੇ ਰਾਹਤ ਨਹੀਂ ਹੋਰ ਵਧੇਗੀ ਗਰਮੀ
ਲੂ ਅਤੇ ਤੇਜ਼ ਧੁੱਪ ਨੇ ਵਧਾਈ ਲੋਕਾਂ ਦੀ ਪਰੇਸ਼ਾਨੀ, ਅਜੇ ਰਾਹਤ ਨਹੀਂ ਹੋਰ ਵਧੇਗੀ ਗਰਮੀ
Publish Date: Sun, 07 Jun 2026 07:00 PM (IST)
Updated Date: Sun, 07 Jun 2026 07:02 PM (IST)

-ਮੌਸਮ ਵਿਭਾਗ ਪੀਏਯੂ ਦੇ ਮੁਖੀ ਡਾ.ਪਵਨੀਤ ਕੌਰ ਕਿੰਗਰਾ ਨੇ ਦਿੱਤੀ ਜਾਣਕਾਰੀ ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਐਤਵਾਰ ਨੂੰ ਪੰਜਾਬ ਦੇ ਉਦਯੋਗਿਕ ਸ਼ਹਿਰ ਲੁਧਿਆਣਾ ਵਿੱਚ ਗਰਮੀ ਨੇ ਪੂਰਾ ਜ਼ੋਰ ਦਿਖਾਇਆ। ਸੜਕਾਂ ਅਤੇ ਬਾਜ਼ਾਰਾਂ ਵਿੱਚ ਵਾਹਨਾਂ ਦੀ ਆਮਦ ਘੱਟ ਰਹੀ ਅਤੇ ਬਹੁਤੇ ਲੋਕਾਂ ਨੇ ਘਰਾਂ ਵਿੱਚ ਰਹਿਣਾ ਹੀ ਠੀਕ ਸਮਝਿਆ। ਜੂਨ ਮਹੀਨੇ ਦੇ ਪਹਿਲੇ ਹਫ਼ਤੇ ਦੌਰਾਨ ਲੁਧਿਆਣਾ ਸਮੇਤ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਤਾਪਮਾਨ ਆਮ ਨਾਲੋਂ ਵੱਧ ਦਰਜ ਕੀਤਾ ਗਿਆ। ਸਵੇਰ ਦੇ ਸਮੇਂ ਮੌਸਮ ਸਾਫ਼ ਤੇ ਖ਼ੁਸ਼ਕ ਰਿਹਾ। ਸੂਰਜ ਚੜ੍ਹਨ ਦਾ ਸਮਾਂ ਲਗਭਗ ਸਵੇਰੇ 5.22 ਵਜੇ ਰਿਹਾ, ਜਿਸ ਤੋਂ ਬਾਅਦ ਤਾਪਮਾਨ ਤੇਜ਼ੀ ਨਾਲ ਵਧਣਾ ਸ਼ੁਰੂ ਹੋ ਗਿਆ। ਸਵੇਰੇ 8 ਵਜੇ ਤੱਕ ਹੀ ਗਰਮੀ ਦਾ ਅਹਿਸਾਸ ਹੋਣ ਲੱਗ ਪਿਆ ਸੀ ਅਤੇ ਲੋਕਾਂ ਨੇ ਘਰੋਂ ਬਾਹਰ ਨਿਕਲਣ ਸਮੇਂ ਗਰਮੀ ਤੋਂ ਬਚਾਅ ਲਈ ਛੱਤਰੀਆਂ, ਟੋਪੀਆਂ ਤੇ ਪਾਣੀ ਦੀ ਵਰਤੋਂ ਕੀਤੀ। ਦੁਪਹਿਰ ਦੇ ਸਮੇਂ ਗਰਮੀ ਆਪਣੇ ਸਿਖਰ ਤੇ ਪਹੁੰਚ ਗਈ। ਲੂ ਅਤੇ ਤੇਜ਼ ਧੁੱਪ ਨੇ ਲੋਕਾਂ ਦੀ ਪਰੇਸ਼ਾਨੀ ਵਿੱਚ ਵਾਧਾ ਕਰ ਦਿੱਤਾ। ਹਵਾ ਵਿੱਚ ਨਮੀ ਘੱਟ ਹੋਣ ਕਾਰਨ ਮੌਸਮ ਖੁਸ਼ਕ ਰਿਹਾ ਪਰ ਤੇਜ਼ ਧੁੱਪ ਨੇ ਲੋਕਾਂ ਲਈ ਬਾਹਰ ਰਹਿਣਾ ਮੁਸ਼ਕਲ ਕਰ ਦਿੱਤਾ। ਮੌਸਮ ਮਾਹਿਰਾਂ ਅਨੁਸਾਰ ਦੁਪਹਿਰ ਦੇ ਸਮੇਂ ਘਰ ’ਚ ਰਹਿਣਾ ਹੀ ਬਿਹਤਰ ਹੋਵੇਗਾ ਕਿਉਂ ਕਿ ਵਧ ਗਰਮੀ ਚਮੜੀ ਅਤੇ ਅੱਖਾਂ ’ਤੇ ਨਕਾਰਾਤਮਕ ਅਸਰ ਪਾ ਸਕਦੀ ਹੈ। ਸ਼ਾਮ ਵੇਲੇ ਵੀ ਗਰਮੀ ਵਿੱਚ ਕੋਈ ਵੱਡੀ ਕਮੀ ਨਹੀਂ ਆਈ। ਖੇਤੀਬਾੜੀ ਦੇ ਨਜ਼ਰੀਏ ਨਾਲ ਦੇਖਿਆ ਜਾਵੇ ਤਾਂ ਇਹ ਮੌਸਮ ਕਿਸਾਨਾਂ ਲਈ ਚਿੰਤਾ ਦਾ ਕਾਰਨ ਬਣ ਸਕਦਾ ਹੈ। ਵਧੇ ਹੋਏ ਤਾਪਮਾਨ ਕਾਰਨ ਮਿੱਟੀ ਵਿੱਚ ਨਮੀ ਘੱਟ ਰਹਿੰਦੀ ਹੈ ਅਤੇ ਪਸ਼ੂਆਂ ਨੂੰ ਵੀ ਗਰਮੀ ਦਾ ਸਾਹਮਣਾ ਕਰਨਾ ਪੈਂਦਾ ਹੈ। ਮਾਹਿਰਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਪਸ਼ੂਆਂ ਲਈ ਸਹੀ ਮਾਤਰਾ ਵਿੱਚ ਪਾਣੀ ਅਤੇ ਛਾਂ ਦਾ ਪ੍ਰਬੰਧ ਕਰਨ। ਮੌਸਮ ਵਿਭਾਗ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਮੁਖੀ ਡਾ. ਪਵਨੀਤ ਕੌਰ ਕਿੰਗਰਾ ਨੇ ਪੰਜਾਬੀ ਜਾਗਰਣ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 40.6 ਅਤੇ ਘੱਟ ਤੋਂ ਘੱਟ ਤਾਪਮਾਨ 27 ਡਿਗਰੀ ਰਿਕਾਰਡ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਵਧੇਗਾ ਤੇ ਗਰਮੀ ਹੋਰ ਵਧੇਗੀ। ਡਾ. ਕਿੰਗਰਾ ਨੇ ਇਹ ਵੀ ਦੱਸਿਆ ਕਿ ਅਜੇ ਮੀਂਹ ਦੇ ਕੋਈ ਆਸਾਰ ਨਹੀਂ ਹਨ। ਉਨ੍ਹਾਂ ਹੀਟਵੇਵ ਚੱਲਣ ਦੀ ਗੱਲ ਵੀ ਆਖੀ। ਸਿਹਤ ਮਾਹਿਰਾਂ ਅਨੁਸਾਰ ਗਰਮੀ ਦੇ ਮੌਸਮ ਵਿੱਚ ਸਿਹਤ ਦੀ ਸੰਭਾਲ ਲਈ ਜ਼ਰੂਰੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ ਤਾਂ ਜੋ ਸਰੀਰ ਨੂੰ ਡੀਹਾਈਡਰੇਟ ਹੋਣ ਤੋਂ ਬਚਾਇਆ ਜਾ ਸਕੇ। ਨਿੰਬੂ ਪਾਣੀ, ਲੱਸੀ ਤੇ ਨਾਰੀਅਲ ਪਾਣੀ ਵਰਗੇ ਤਰਲ ਪਦਾਰਥਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਜਿੱਥੋਂ ਤੱਕ ਹੋ ਸਕੇ ਹਲਕੇ ਰੰਗਾਂ ਅਤੇ ਢਿੱਲੇ ਸੂਤੀ ਕੱਪੜੇ ਪਹਿਨਣੇ ਚਾਹੀਦੇ ਹਨ। ਬਹੁਤ ਜ਼ਿਆਦਾ ਮਸਾਲੇਦਾਰ, ਤੇਲ ਵਾਲੇ ਅਤੇ ਫਾਸਟ ਫੂਡ ਤੋਂ ਪਰਹੇਜ਼ ਕਰਦੇ ਹੋਏ ਘਰ ਦੇ ਭੋਜਨ ਨੂੰ ਤਰਜੀਹ ਦੇਣੀ ਚਾਹੀਦੀ ਹੈ। ਫਲ ਅਤੇ ਸਬਜ਼ੀਆਂ ਤਾਜ਼ੀਆਂ ਹੀ ਖਾਣੀਆਂ ਚਾਹੀਦੀਆਂ ਹਨ। ਬੱਚਿਆਂ, ਬਜ਼ੁਰਗਾਂ ਅਤੇ ਬਿਮਾਰ ਵਿਅਕਤੀਆਂ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਉਹ ਛੇਤੀ ਹੀ ਲੂ ਦਾ ਜ਼ਿਆਦਾ ਸ਼ਿਕਾਰ ਹੋ ਸਕਦੇ ਹਨ। ਜੇ ਚੱਕਰ ਆਉਣ, ਸਿਰ ਦਰਦ, ਉਲਟੀ ਜਾਂ ਬੇਹੋਸ਼ੀ ਵਰਗੇ ਲੱਛਣ ਹੋਣ ਤਾਂ ਤੁਰੰਤ ਠੰਡੀ ਥਾਂ ਤੇ ਜਾਓ ਅਤੇ ਡਾਕਟਰੀ ਸਹਾਇਤਾ ਲਵੋ। ਲੂ ਤੋਂ ਬਚਾਅ ਲਈ ਸਰੀਰ ਨੂੰ ਠੰਢਾ ਅਤੇ ਪਾਣੀ ਦੀ ਮਾਤਰਾ ਸੰਤੁਲਿਤ ਰੱਖਣਾ ਸਭ ਤੋਂ ਮਹੱਤਵਪੂਰਨ ਹੈ।