- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਤਾ ਰਾਣੀ ਚੌਂਕ ਨੇੜੇ ਦਿਲ ਦਹਿਲਾ ਦੇਣ ਵਾਲਾ ਹਾਦਸਾ

- ਟਰੱਕ ਦੀ ਟੱਕਰ ਨਾਲ 11ਵੀਂ ਦੀ ਵਿਦਿਆਰਥਣ ਦੀ ਮੌਤ, ਪਿਤਾ ਦੇ ਸਾਹਮਣੇ ਟੁੱਟ ਗਏ ਸਾਰੇ ਸੁਪਨੇ
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ
ਲੁਧਿਆਣਾ : ਸ਼ਹਿਰ ਵਿੱਚ ਦਿਲ ਦਹਿਲਾ ਦੇਣ ਵਾਲੇ ਸੜਕ ਹਾਦਸੇ ਵਿੱਚ 11ਵੀਂ ਜਮਾਤ ਦੀ ਇਕ ਨਾਬਾਲਿਗ ਵਿਦਿਆਰਥਣ ਦੀ ਦਰਦਨਾਕ ਮੌਤ ਹੋ ਗਈ। ਤੇਜ਼ ਰਫ਼ਤਾਰ ਟਰੱਕ ਦੀ ਟੱਕਰ ਨਾਲ ਐਕਟਿਵਾ ਸਵਾਰ 17 ਸਾਲਾ ਰਸ਼ਮੀ ਕੁਮਾਰੀ ਦੀ ਜ਼ਿੰਦਗੀ ਉਸ ਵੇਲੇ ਖਤਮ ਹੋ ਗਈ, ਜਦੋਂ ਉਹ ਆਪਣੇ ਪਿਤਾ ਨਾਲ ਰੇਲਵੇ ਸਟੇਸ਼ਨ ਜਾ ਰਹੀ ਸੀ। ਮ੍ਰਿਤਕ ਵਿਦਿਆਰਥਣ ਦੀ ਪਛਾਣ ਰਸ਼ਮੀ ਕੁਮਾਰੀ (17) ਵਜੋਂ ਹੋਈ ਹੈ। ਪਰਿਵਾਰ ਮੁਲ ਰੂਪ ਵਿੱਚ ਬਿਹਾਰ ਦੇ ਜ਼ਿਲ੍ਹਾ ਨਾਲੰਦਾ ਦੇ ਪਿੰਡ ਮਸੀਹਾ ਦਾ ਰਹਿਣ ਵਾਲਾ ਹੈ। ਰਸ਼ਮੀ ਦੋ ਦਿਨ ਪਹਿਲਾਂ ਹੀ ਹੋਲੀ ਦੀਆਂ ਛੁੱਟੀਆਂ ਦੌਰਾਨ ਆਪਣੇ ਪਿਤਾ ਕੋਲ ਆਈ ਸੀ ਅਤੇ ਸਵੇਰੇ ਉਸ ਨੇ ਬਿਹਾਰ ਵਾਪਸ ਜਾਣ ਲਈ ਰੇਲਗੱਡੀ ਫੜਨੀ ਸੀ। ਜਾਣਕਾਰੀ ਮੁਤਾਬਿਕ ਉਸ ਦੀ ਟਰੇਨ ਸਵੇਰੇ ਲਗਭਗ 8:30 ਵਜੇ ਸੀ। ਰਸ਼ਮੀ ਦੇ ਪਿਤਾ ਮਿਥਲੇਸ਼ ਨੇ ਦੱਸਿਆ ਕਿ ਉਹ ਆਪਣੀ ਧੀ ਨਾਲ ਐਕਟਿਵਾ ’ਤੇ ਸਵਾਰ ਹੋ ਕੇ ਰੇਲਵੇ ਸਟੇਸ਼ਨ ਵੱਲ ਜਾ ਰਹੇ ਸਨ। ਜਿਵੇਂ ਹੀ ਉਹ ਮਾਤਾ ਰਾਣੀ ਚੌਕ ਨੇੜੇ ਪਹੁੰਚੇ ਤਾਂ ਪਿੱਛੋਂ ਆ ਰਹੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਦੀ ਐਕਟਿਵਾ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਰਸ਼ਮੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਅਤੇ ਉਸ ਦਾ ਪੇਟ ਬੁਰੀ ਤਰ੍ਹਾਂ ਫਟ ਗਿਆ। ਇਸ ਦਰਦਨਾਕ ਮੰਜਰ ਨੂੰ ਦੇਖ ਕੇ ਮੌਕੇ ’ਤੇ ਮੌਜੂਦ ਲੋਕ ਵੀ ਸਹਿਮ ਗਏ। ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ ’ਤੇ ਟਰੱਕ ਛੱਡ ਕੇ ਫ਼ਰਾਰ ਹੋ ਗਿਆ। ਇਸ ਦੌਰਾਨ ਉੱਥੇ ਮੌਜੂਦ ਇੱਕ ਈ-ਰਿਕਸ਼ਾ ਚਾਲਕ ਨੇ ਮਨੁੱਖਤਾ ਦਿਖਾਉਂਦੇ ਹੋਏ ਆਪਣੀਆਂ ਸਵਾਰੀਆਂ ਨੂੰ ਤੁਰੰਤ ਉਤਾਰਿਆ ਅਤੇ ਜ਼ਖਮੀ ਵਿਦਿਆਰਥਣ ਅਤੇ ਉਸ ਦੇ ਪਿਤਾ ਨੂੰ ਰਿਕਸ਼ੇ ਵਿੱਚ ਬਿਠਾ ਕੇ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਰਸਤੇ ਵਿੱਚ ਹੀ ਰਸ਼ਮੀ ਨੇ ਦਮ ਤੋੜ ਦਿੱਤਾ। ਡਾਕਟਰਾਂ ਮੁਤਾਬਿਕ ਪੇਟ ਫਟਣ ਕਾਰਨ ਹੋਏ ਗੰਭੀਰ ਜ਼ਖਮ ਉਸ ਦੀ ਮੌਤ ਦਾ ਕਾਰਨ ਬਣੇ।
ਹਾਦਸੇ ਤੋਂ ਬਾਅਦ ਵਿਦਿਆਰਥਣ ਦੀ ਲਾਸ਼ ਲੁਧਿਆਣਾ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖਵਾ ਦਿੱਤੀ ਗਈ ਹੈ। ਰਸ਼ਮੀ ਦੇ ਪਰਿਵਾਰ ਵਿੱਚ ਉਸ ਦਾ ਇੱਕ ਭਰਾ ਵੀ ਹੈ। ਘਰ ਵਿੱਚ ਖੁਸ਼ੀਆਂ ਲਿਆਉਣ ਲਈ ਆਈ ਇਹ ਬੇਟੀ ਕੁਝ ਹੀ ਮਿੰਟਾਂ ਵਿੱਚ ਸਦਾ ਲਈ ਪਰਿਵਾਰ ਤੋਂ ਵਿਛੜ ਗਈ, ਜਿਸ ਕਾਰਨ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਥਾਣਾ ਕੋਤਵਾਲੀ ਤੋਂ ਏਐੱਸਆਈ ਬਲਰਾਜ ਨੇ ਦੱਸਿਆ ਕਿ ਪੁਲਿਸ ਨੇ ਹਾਦਸੇ ਵਾਲੇ ਟਰੱਕ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਟਰੱਕ ਦੇ ਮਾਲਕ ਅਤੇ ਫ਼ਰਾਰ ਚਾਲਕ ਦੀ ਪਛਾਣ ਕਰਨ ਲਈ ਪੁਲਿਸ ਵੱਲੋਂ ਤਫ਼ਤੀਸ਼ ਜਾਰੀ ਹੈ। ਇਸ ਦਰਦਨਾਕ ਹਾਦਸੇ ਨੇ ਇਕ ਵਾਰ ਫਿਰ ਸ਼ਹਿਰ ਵਿੱਚ ਤੇਜ਼ ਰਫ਼ਤਾਰ ਵਾਹਨਾਂ ਕਾਰਨ ਵਧ ਰਹੀਆਂ ਸੜਕ ਹਾਦਸਾ ’ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ।