ਕਾਲਜਾ ਚੀਰਦੀ ਘਟਨਾ : ਲੁਧਿਆਣਾ 'ਚ ਤੇਜ਼ ਰਫ਼ਤਾਰ ਟਰੱਕ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਮਾਂ ਦੀ ਗੋਦ 'ਚੋਂ ਡਿੱਗੀ 6 ਸਾਲਾ ਮਾਸੂਮ ਦੀ ਮੌਕੇ 'ਤੇ ਹੀ ਮੌਤ
ਔਰਤ ਨੇ ਦੱਸਿਆ ਕਿ ਉਸਨੇ ਆਪਣੀ ਗੋਦੀ ਵਿੱਚ ਛੇ ਸਾਲਾਂ ਦੀ ਬੇਟੀ ਲੱਲੀ ਨੂੰ ਚੁੱਕਿਆ ਹੋਇਆ ਸੀ। ਮਹਿਲਾ ਨੇ ਦੱਸਿਆ ਕਿ ਉਹ ਜਿਵੇਂ ਹੀ ਦਿੱਲੀ ਪਬਲਿਕ ਸਕੂਲ ਦੇ ਲਾਗੇ ਪਹੁੰਚੇ ਤਾਂ ਪਿੱਛੋਂ ਆ ਰਹੇ ਇੱਕ ਤੇਜ਼ ਰਫਤਾਰ ਟਰੱਕ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।
Publish Date: Sat, 06 Jun 2026 02:47 PM (IST)
Updated Date: Sat, 06 Jun 2026 02:59 PM (IST)
ਸੁਸ਼ੀਲ ਕੁਮਾਰ ਸ਼ਸ਼ੀ ,ਪੰਜਾਬੀ ਜਾਗਰਣ, ਲੁਧਿਆਣਾ : ਲੁਧਿਆਣਾ ਦੇ ਹੰਬੜਾ ਰੋਡ ਤੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਦੇ ਦੌਰਾਨ ਛੇ ਸਾਲਾ ਮਾਸੂਮ ਬੱਚੀ ਦੀ ਮੌਤ ਹੋ ਗਈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਲੜਕੀ ਆਪਣੇ ਮਾਮਾ ਅਤੇ ਮਾਂ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਸਬਜ਼ੀ ਮੰਡੀ ਵੱਲ ਜਾ ਰਹੀ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਥਾਣਾ ਪੀਏਯੂ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਪਿੰਡ ਮਲਕਪੁਰ ਦੀ ਰਹਿਣ ਵਾਲੀ ਰਾਮ ਪਿਆਰੀ ਨੇ ਦੱਸਿਆ ਕਿ ਉਹ ਆਪਣੇ ਭਰਾ ਸੁਰਿੰਦਰ ਲਾਲ ਦੇ ਮੋਟਰਸਾਈਕਲ ਤੇ ਸਵਾਰ ਹੋ ਕੇ ਮਲਕਪੁਰ ਤੋਂ ਛੋਟੀ ਹੈਬੋਵਾਲ ਦੀ ਸਬਜ਼ੀ ਮੰਡੀ ਵਿੱਚ ਸਬਜ਼ੀ ਖਰੀਦਣ ਜਾ ਰਹੀ ਸੀ।
ਔਰਤ ਨੇ ਦੱਸਿਆ ਕਿ ਉਸਨੇ ਆਪਣੀ ਗੋਦੀ ਵਿੱਚ ਛੇ ਸਾਲਾਂ ਦੀ ਬੇਟੀ ਲੱਲੀ ਨੂੰ ਚੁੱਕਿਆ ਹੋਇਆ ਸੀ। ਮਹਿਲਾ ਨੇ ਦੱਸਿਆ ਕਿ ਉਹ ਜਿਵੇਂ ਹੀ ਦਿੱਲੀ ਪਬਲਿਕ ਸਕੂਲ ਦੇ ਲਾਗੇ ਪਹੁੰਚੇ ਤਾਂ ਪਿੱਛੋਂ ਆ ਰਹੇ ਇੱਕ ਤੇਜ਼ ਰਫਤਾਰ ਟਰੱਕ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਭੈਣ-ਭਰਾ ਗੰਭੀਰ ਰੂਪ ਵਿੱਚ ਫੱਟੜ ਹੋ ਗਏ ਜਦਕਿ ਛੇ ਸਾਲਾ ਲੱਲੀ ਦੇ ਸਿਰ ਤੋਂ ਟਰੱਕ ਦਾ ਟਾਇਰ ਲੰਘ ਗਿਆ। ਸਿੱਟੇ ਵਜੋਂ ਬੱਚੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜ਼ਖਮੀ ਹੋਏ ਸੁਰਿੰਦਰ ਅਤੇ ਰਾਮ ਪਿਆਰੀ ਨੂੰ ਇਲਾਜ ਲਈ ਲਾਗੇ ਦੇ ਹਸਪਤਾਲ ਲਿਜਾਂਦਾ ਗਿਆ।
ਇਸ ਮਾਮਲੇ ਵਿੱਚ ਥਾਣਾ ਪੀਏਯੂ ਦੀ ਪੁਲਿਸ ਨੇ ਰਾਮ ਪਿਆਰੀ ਦੀ ਸ਼ਿਕਾਇਤ ਤੇ ਖੰਨਾ ਦੇ ਪਾਇਲ ਇਲਾਕੇ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਬਬਨਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਅਤੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।