ਪਾਕਿਸਤਾਨ ਤੋਂ ਪਰਤੇ ਹਰਵਿੰਦਰ ਸਿੰਘ ਦੀ ਹੋ ਰਹੀ ਪੁੱਛਗਿੱਛ, ਪਰਿਵਾਰ ਸਹਿਮਿਆ
ਪਾਕਿਸਤਾਨ ਤੋਂ ਪਰਤੇ ਹਰਵਿੰਦਰ ਸਿੰਘ ਦੀ ਹੋ ਰਹੀ ਪੁੱਛਗਿੱਛ ਕਾਰਨ ਉਸਦਾ ਪਰਿਵਾਰ ਸਹਿਮ ਦੇ ਮਾਹੌਲ ’ਚ
Publish Date: Mon, 02 Feb 2026 08:07 PM (IST)
Updated Date: Tue, 03 Feb 2026 04:14 AM (IST)
ਕੁਲਵਿੰਦਰ ਸਿੰਘ ਵਿਰਦੀ, ਪੰਜਾਬੀ ਜਾਗਰਣ, ਸਿੱਧਵਾਂ ਬੇਟ : 26 ਜੁਲਾਈ 2023 ਨੂੰ ਦਰਿਆ ਸਤਲੁਜ ਰਾਹੀਂ ਰੁੜ੍ਹ ਕੇ ਪਾਕਿਸਤਾਨ ਗਿਆ ਨੌਜਵਾਨ ਹਰਵਿੰਦਰ ਸਿੰਘ ਪੁੱਤਰ ਸਵ. ਮੁਖਤਿਆਰ ਸਿੰਘ ਹੁਣ ਭਾਵੇਂ ਵਾਹਗਾ ਬਾਰਡਰ ਰਾਹੀਂ ਵਾਪਿਸ ਆਪਣੇ ਘਰ ਪਿੰਡ ਪਰਜੀਆਂ ਬਿਹਾਰੀਪੁਰ ਪਰਤ ਆਇਆ ਹੈ ਪਰ ਇੱਕ ਪਾਸੇ ਤਾਂ ਉਹ ਪਾਕਿਸਤਾਨ ਵਿੱਚ ਹੋਏ ਤਸ਼ੱਦਦ ਦਾ ਸ਼ਿਕਾਰ ਹੋ ਕੇ ਸਦਮੇ ਵਿੱਚ ਵਿਚਰ ਰਿਹਾ ਹੈ, ਦੂਜੇ ਪਾਸੇ ਉਸ ਦੇ ਘਰ ਆ ਰਹੇ ਵੱਖ-ਵੱਖ ਜਾਂਚ ਕਰਮਚਾਰੀਆਂ ਵੱਲੋਂ ਪੁੱਛੇ ਜਾ ਰਹੇ ਸਵਾਲਾਂ ਨੇ ਉਸਨੂੰ ਹੋਰ ਡਰਾ ਦਿੱਤਾ ਹੈ। ਹਰਵਿੰਦਰ ਸਿੰਘ ਨਾਲ ਗੱਲਬਾਤ ਕਰਨ ਲਈ ਜਦੋਂ ਅੱਜ ਪੱਤਰਕਾਰਾਂ ਦੀ ਟੀਮ ਉਸ ਦੇ ਘਰ ਪੁੱਜੀ ਤਾਂ ਜਗਰਾਓਂ ਸੀਆਈਏ ਸਟਾਫ਼ ਦੇ ਦੋ ਕਰਮਚਾਰੀ ਉਸ ਦਾ ਸਾਰਾ ਰਿਕਾਰਡ ਖੰਗਾਲ ਰਹੇ ਸਨ ਤੇ ਉਸ ਦੇ ਨਜਦੀਕੀ ਰਿਸ਼ਤੇਦਾਰਾਂ ਦਾ ਪਤਾ ਵਗੈਰਾ ਲੈ ਰਹੇ ਸਨ। ਜਿਸ ਨਾਲ ਹਰਵਿੰਦਰ ਸਿੰਘ ਅਤੇ ਉਸਦੀ ਪਤਨੀ ਸਿਕੰਦਰ ਕੌਰ ਮੁੜ ਘਬਰਾਹਟ ਮਹਿਸੂਸ ਕਰ ਰਹੇ ਹਨ।
ਇਸ ਮੌਕੇ ਹਰਵਿੰਦਰ ਸਿੰਘ ਦੇ ਪਰਿਵਾਰ ਨੇ ਆਖਿਆ ਕਿ ਜਦੋਂ ਸਾਰੀਆਂ ਏਜੰਸੀਆਂ ਨੇ ਹਰਵਿੰਦਰ ਸਿੰਘ ਕੋਲੋਂ ਵਾਹਗਾ ਬਾਰਡਰ ਪਾਰ ਕਰਨ ਸਮੇਂ ਹੀ 3 ਤੋਂ 4 ਘੰਟੇ ਤੱਕ ਪੁੱਛਗਿੱਛ ਕਰ ਲਈ ਹੈ ਤਾਂ ਹੁਣ ਇਸ ਨੂੰ ਬੁਲਾਉਣ ਦਾ ਕੀ ਮਕਸਦ ਹੈ। ਮੌਕੇ ’ਤੇ ਮੌਜੂਦ ਸਰਪੰਚ ਜਸਵੀਰ ਸਿੰਘ ਜੱਸਾ ਨੇ ਵੀ ਆਖਿਆ ਕਿ ਹਰਵਿੰਦਰ ਸਿੰਘ ਅਤੇ ਉਸ ਦੇ ਨਾਲ ਆਏ ਸਾਥੀ ਰਤਨਪਾਲ ਸਿੰਘ ਕੋਲੋਂ 3 ਘੰਟੇ ਦੇ ਕਰੀਬ ਪੁੱਛਗਿੱਛ ਕੀਤੀ ਗਈ ਪਰ ਹੁਣ ਹਰਵਿੰਦਰ ਸਿੰਘ ਨੂੰ ਕਿਉਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਹ ਤਾਂ ਕੱਲ੍ਹ ਤੋਂ ਪਹਿਲਾਂ ਹੀ ਸਦਮੇ ਵਿੱਚ ਹੈ, ਕਿਉਂਕਿ ਉਸ ਦੇ ਪਿਤਾ ਮੁਖਤਿਆਰ ਸਿੰਘ ਦੀ ਕੁਝ ਮਹੀਨੇ ਪਹਿਲਾਂ ਮੌਤ ਹੋ ਚੁੱਕੀ ਹੈ ਜਿਸ ਦਾ ਉਸ ਨੂੰ ਹੁਣ ਪਤਾ ਲੱਗਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੀ ਹਰਵਿੰਦਰ ਸਿੰਘ ਪਾਕਿਸਤਾਨ ਪੁਲਿਸ ਵੱਲੋਂ ਕੀਤੇ ਗਏ ਤਸ਼ੱਦਦ ਬਾਰੇ ਘੱਟ ਅਤੇ ਹੁਣ ਏਧਰਲੇ ਪੁਲਿਸ ਅਧਿਕਾਰੀਆਂ ਵੱਲੋਂ ਉਸਦੀ ਕੀਤੀ ਜਾ ਰਹੀ ਪੁੱਛਗਿੱਛ ਦਾ ਡਰ ਵੱਧ ਬਿਆਨ ਕਰ ਰਿਹਾ ਹੈ।