ਪਿੰਡ ਕੱਕਾ ਦੇ ਨੇੜੇ ਖੇਤਾਂ ’ਚੋਂ ਅੱਧਸੜੀ ਲਾਸ਼ ਬਰਾਮਦ
ਪਿੰਡ ਕੱਕਾ ਦੇ ਨਜ਼ਦੀਕ ਖੇਤਾਂ ਵਿੱਚੋਂ ਅੱਧਜਲੀ ਲਾਸ਼ ਬਰਾਮਦ
Publish Date: Tue, 06 Jan 2026 10:35 PM (IST)
Updated Date: Wed, 07 Jan 2026 04:09 AM (IST)

2 ਹਿੱਸਿਆਂ ’ਚ ਮਿਲੀ ਲਾਸ਼, ਮ੍ਰਿਤਕ ਦੀ ਸ਼ਨਾਖਤ ਬਾਕੀ ਐੱਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ ਸਥਾਨਕ ਮਿਹਰਬਾਨ ਰੋਡ ਤੋਂ ਪਿੰਡ ਕੱਕਾ ਵੱਲ ਜਾਂਦੀ ਸੜਕ ਕਿਨਾਰੇ ਖੇਤਾਂ ’ਚ ਅਧੇੜ ਉਮਰ ਵਿਅਕਤੀ ਦੀ ਲਾਵਾਰਸ ਹਾਲਤ ’ਚ ਅੱਧਸੜੀ ਲਾਸ਼ ਬਰਾਮਦ ਹੋਈ ਹੈ। ਖੇਤ ’ਚ ਪਈ ਲਾਸ਼ ਵੇਖ ਕੇ ਕੋਲੋਂ ਲੰਘਦੇ ਰਾਹਗੀਰ ਨੇ ਇਸ ਮਾਮਲੇ ਦੀ ਜਾਣਕਾਰੀ ਥਾਣਾ ਮਿਹਰਬਾਨ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਮੌਕੇ ’ਤੇ ਪੁੱਜੀ ਪੁਲਿਸ ਪਾਰਟੀ ਨੇ ਉਕਤ ਅੱਧਸੜੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਘਟਨਾ ਮੰਗਲਵਾਰ ਦੀ ਹੈ ਜਦੋਂ ਪਿੰਡ ਕੱਕਾ ਨੂੰ ਜਾਂਦੀ ਸੜਕ ਕਿਨਾਰੇ ਖੇਤਾਂ ’ਚ ਕੁਝ ਆਵਾਰਾ ਕੁੱਤੇ ਮਰਨ ਵਾਲੇ ਦੀ ਲਾਸ਼ ਦੇ ਟੁਕੜਿਆਂ ਦੀ ਖਿੱਚ-ਧੂਹ ਕਰਦੇ ਆਪਸ ’ਚ ਲੜ ਰਹੇ ਸਨ। ਕੋਲੋਂ ਲੰਘਦੇ ਰਾਹਗੀਰ ਨੇ ਰੁਕ ਕੇ ਵੇਖਿਆ ਤਾਂ ਪਤਾ ਲੱਗਾ ਕਿ ਇੱਕ ਅਧੇੜ ਉਮਰ ਦੇ ਵਿਅਕਤੀ ਦੀ ਅੱਧਸੜੀ ਲਾਸ਼ ਦੇ 2 ਟੁਕੜੇ ਸਨ, ਜਿਸ ਨੂੰ ਕੁੱਤੇ ਬੁਰੀ ਤਰ੍ਹਾਂ ਨਾਲ ਨੋਚ ਰਹੇ ਸਨ। ਰਾਹਗੀਰ ਨੇ ਤੁਰੰਤ ਥਾਣਾ ਮਿਹਰਬਾਨ ਪੁਲਿਸ ਨੂੰ ਸੂਚਿਤ ਕੀਤਾ ਤਾਂ ਸਹਾਇਕ ਥਾਣੇਦਾਰ ਰਾਜੇਸ਼ ਕੁਮਾਰ ਦੀ ਅਗਵਾਈ ’ਚ ਪੁਲਿਸ ਪਾਰਟੀ ਨੇ ਮੌਕੇ ’ਤੇ ਪੁੱਜ ਕੇ ਪੜਤਾਲ ਸ਼ੁਰੂ ਕਰ ਦਿੱਤੀ। ਪੁਲਿਸ ਅਧਿਕਾਰੀਆਂ ਮੁਤਾਬਕ ਲਾਸ਼ 2 ਟੁਕੜਿਆਂ ’ਚ ਅੱਧਸੜੀ ਹਾਲਤ ’ਚ ਬਰਾਮਦ ਹੋਈ ਹੈ। ਮੌਕਾ ਵਾਰਦਾਤ ’ਤੇ ਨਾ ਤਾਂ ਲਾਸ਼ ਨੂੰ ਵੱਢਣ ਮੌਕੇ ਖੂਨ ਦੇ ਨਿਸ਼ਾਨ ਮਿਲੇ ਤੇ ਨਾ ਹੀ ਅੱਗ ਨੂੰ ਸਾੜਨ ਵੇਲੇ ਆਸ-ਪਾਸ ਕੋਈ ਘਾਹ ਫੂਸ ਸੜਨ ਦੇ ਸੁਰਾਗ ਮਿਲੇ, ਜਿਸ ਤੋਂ ਅੰਦਾਜ਼ ਲਾਇਆ ਜਾ ਰਿਹਾ ਹੈ ਕਿ ਲਾਸ਼ ਨੂੰ ਕਿਸੇ ਹੋਰ ਥਾਂ ’ਤੇ ਵੱਢ ਕੇ ਸਾੜਨ ਦੀ ਕੋਸ਼ਿਸ਼ ਕੀਤੀ ਗਈ ਹੋਵੇਗੀ ਤੇ ਸਬੂਤ ਮਿਟਾਉਣ ਲਈ ਮੁਲਜ਼ਮ ਉਕਤ ਲਾਸ਼ ਨੂੰ ਖੇਤਾਂ ’ਚ ਸੁੱਟ ਕੇ ਮੌਕੇ ਤੋਂ ਫਰਾਰ ਹੋ ਗਏ। ਬਾਕਸ-- ਕਈ ਕੋਣਾਂ ਤੋਂ ਪੁਲਿਸ ਪੜਤਾਲ ਜਾਰੀ ਪੁਲਿਸ ਅਧਿਕਾਰੀਆਂ ਮੁਤਾਬਕ ਕਤਲ ਦੇ ਇਸ ਮਾਮਲੇ ’ਚ ਸਭ ਤੋਂ ਵੱਡਾ ਸਵਾਲ ਮ੍ਰਿਤਕ ਦੀ ਸ਼ਨਾਖਤ ਹੈ, ਜਿਸ ਲਈ ਆਸ-ਪਾਸ ਦੇ ਇਲਾਕਿਆਂ ’ਚ ਲੋਕਾਂ ਨਾਲ ਸੰਪਰਕ ਕਰ ਕੇ ਮ੍ਰਿਤਕ ਦੀ ਸ਼ਨਾਖਤ ਲਈ ਉੱਦਮ ਸ਼ੁਰੂ ਕਰ ਦਿੱਤੇ ਗਏ ਹਨ। ਆਸ-ਪਾਸ ਦੇ ਪੁਲਿਸ ਥਾਣਿਆਂ ਤੋਂ ਬੀਤੇ ਕੁਝ ਦਿਨਾਂ ਤੋਂ ਗੁੰਮਸ਼ੁਦਾ ਹੋਏ ਅਧੇੜ ਵਿਅਕਤੀ ਸਬੰਧੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਫੋਰੈਂਸਿਕ ਟੀਮਾਂ ਵੱਲੋਂ ਮੌਕੇ ਤੇ ਸੁਰਾਗ ਇਕੱਠੇ ਕਰ ਕੇ ਮ੍ਰਿਤਕ ਦੀ ਡੀਐੱਨਏ ਜਾਂਚ ਵੀ ਕਰਵਾਈ ਜਾਵੇਗੀ, ਜਿਸ ਥਾਂ ਤੋਂ ਖੇਤਾਂ ’ਚ ਸੁੱਟੀ ਲਾਸ਼ ਬਰਾਮਦ ਹੋਈ, ਉਸ ਤੋਂ ਚੰਦ ਕਦਮ ਦੂਰ ਹੀ ਪਿੰਡ ਸ਼ੁਰੂ ਹੋ ਜਾਂਦਾ ਹੈ। ਇਸ ਲਈ ਅੰਦਾਜ਼ ਲਾਇਆ ਜਾ ਰਿਹਾ ਹੈ ਕਿ ਕਾਤਲ ਉਕਤ ਲਾਸ਼ ਨੂੰ ਖੁਰਦ-ਬੁਰਦ ਕਰਨ ਦੀ ਨੀਅਤ ਨਾਲ ਲਿਜਾ ਰਿਹਾ ਹੋਵੇਗਾ ਪਰ ਹੋ ਸਕਦਾ ਹੈ ਕਿ ਕਿਸੇ ਨੂੰ ਪਿੰਡ ਵੱਲੋਂ ਆਉਂਦਾ ਜਾਂਦਾ ਵੇਖ ਕੇ ਘਬਰਾਹਟ ’ਚ ਹੀ ਲਾਸ਼ ਖੇਤਾਂ ’ਚ ਸੁੱਟ ਕੇ ਆਪ ਫਰਾਰ ਹੋ ਗਿਆ ਹੋਵੇ। ਬਹਿਰਹਾਲ ਘਟਨਾ ਵਾਲੀ ਥਾਂ ਵੱਲ ਨੂੰ ਆਉਂਦੇ ਜਾਂਦੇ ਰਸਤਿਆਂ ਤੋਂ ਸੀਸੀਟੀਵੀ ਫੁਟੇਜ ਇਕੱਠੀਆਂ ਕੀਤੀਆਂ ਜਾ ਰਹੀਆਂ ਹਨ ਤੇ ਪੁਲਿਸ ਦਾ ਦਾਅਵਾ ਹੈ ਕਿ ਜਲਦੀ ਹੀ ਮਾਮਲਾ ਹੱਲ ਕਰ ਲਿਆ ਜਾਵੇਗਾ।