ਨਵੇਂ ਵਰ੍ਹੇ ਦੀ ਆਮਦ ਦੇ ਸਬੰਧ 'ਚ ਗੁਰਦੁਆਰਾ ਮੰਜੀ ਸਾਹਿਬ ਵਿਖੇ ਕਰਵਾਏ ਗੁਰਬਾਣੀ ਕੀਰਤਨ ਅਤੇ ਕਥਾ ਸਮਾਗਮ

ਫੋਟੋ- 16, 17
* ਗੁਰਦੁਆਰਾ ਮੰਜੀ ਸਾਹਿਬ ’ਚ ਕਰਵਾਏ ਗੁਰਬਾਣੀ ਕੀਰਤਨ ਤੇ ਕਥਾ ਸਮਾਗਮ
ਬਿੰਨੀ ਡੇਹਲੋਂ, ਪੰਜਾਬੀ ਜਾਗਰਣ
ਡੇਹਲੋਂ/ਆਲਮਗੀਰ : 30 ਫੱਗਣ ਨਾਨਕਸ਼ਾਹੀ ਸੰਮਤ 557 ਤੇ 1 ਚੇਤ ਨਾਨਕਸ਼ਾਹੀ 558 ਦਰਮਿਆਨ ਦੀ ਰਾਤ ਇਤਿਹਾਸਕ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ 10ਵੀਂ ਆਲਮਗੀਰ ਵਿਖੇ ਨਵੇਂ ਵਰ੍ਹੇ ਦੀ ਆਮਦ ਦੇ ਸਬੰਧ 'ਚ ਗੁਰਬਾਣੀ ਕੀਰਤਨ ਤੇ ਕਥਾ ਦੇ ਸਮਾਗਮ ਦੌਰਾਨ 23:59 ਵਜਦੇ ਸਾਰ ਹੀ ਸੰਗਤ ਵੱਲੋਂ ਖ਼ਾਲਸਾਹੀ ਜਾਹੋ-ਜਲਾਲ ’ਚ ‘ਜੋ ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਦੀ ਗੂੰਜ ਨਾਲ ਨਵੇਂ ਵਰ੍ਹੇ ਨਾਨਕਸ਼ਾਹੀ ਕੈਲੰਡਰ 558 ਦਾ ਸੁਆਗਤ ਕੀਤਾ ਗਿਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਕੀਰਤਨੀਏ ਭਾਈ ਅਰਵਿੰਦਰ ਸਿੰਘ ਨੂਰ, ਭਾਈ ਤਰਲੋਚਨ ਸਿੰਘ, ਭਾਈ ਯੋਗੇਸ਼ ਸਿੰਘ, ਭਾਈ ਪ੍ਰਗਟ ਸਿੰਘ ਦੇ ਰਾਗੀ ਜੱਥਿਆਂ ਨੇ ਮਨੋਹਰ ਰਸਨਾ ਦੁਆਰਾ ਗੁਰਬਾਣੀ ਦਾ ਰਸਭਿੰਨਾ ਕੀਰਤਨ ਕਰਦਿਆਂ ਸੰਗਤ ਨੂੰ ਗੁਰਬਾਣੀ ਨਾਲ ਜੋੜਿਆ। ਗਿਆਨੀ ਬਲਵਿੰਦਰ ਸਿੰਘ ਮੁੱਖ ਗ੍ਰੰਥੀ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਵਕਤ ਦੀਆਂ ਮੁਸ਼ਕਲਾਂ ਤੇ ਭਵਿੱਖ ਦੀਆਂ ਚਣੌਤੀਆਂ ਤੋਂ ਸੁਚੇਤ ਕਰਦਿਆਂ ਕਿਹਾ ਕਿ ਅਸੀਂ ਜਾਣੇ-ਅਣਜਾਣੇ ’ਚ ਬੇਗਾਨੇ ਪ੍ਰਭਾਵਾਂ ਦੇ ਗੁਲਾਮ ਬਣਦੇ ਹੋਏ ਆਪਣੇ ਮਹਾਨ ਵਿਰਸੇ ਤੇ ਨਿਵੇਕਲੇ ਸਿੱਖ ਸੱਭਿਆਚਾਰ ਤੋਂ ਅਵੇਸਲੇ ਹੁੰਦੇ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਜਦ ਤੱਕ ਅਸੀਂ ਆਪਣੇ ਘਰਾਂ ਵਿੱਚ ਅਤੇ ਚਾਰ ਚੁਫੇਰੇ ਗੁਰਬਾਣੀ ਅਤੇ ਗੁਰਮਤੀ ਰੂਪੀ ਦੀਵਾਰ ਵਾਲੇ ਮਾਹੌਲ ਨਹੀਂ ਬਣਾ ਲੈਂਦੇ ਤਦ ਤੱਕ ਅਸੀਂ ਆਪਣੀ ਨਵੀਂ ਪੀੜੀ ਨੂੰ ਗੁਰਬਾਣੀ ਗੁਰਮਤਿ ਨਾਲ ਨਹੀਂ ਜੋੜ ਸਕਾਂਗੇ। ਉਨ੍ਹਾਂ ਸਪੱਸ਼ਟ ਸ਼ਬਦਾਂ ’ਚ ਕਿਹਾ ਕਿ ਅਸੀਂ ਆਪਣੇ ਬੱਚਿਆਂ ਨੂੰ ਕੇਵਲ ਚੰਗੇ ਸਕੂਲਾਂ ਵਿੱਚ ਪੜ੍ਹਾ ਕੇ ਵੱਡੇ ਬੰਦੇ ਤਾਂ ਬਣਾ ਸਕਦੇ ਹਾਂ। ਪਰ ਅਸੀਂ ਉਨ੍ਹਾਂ ਨੂੰ ਚੰਗਾ ਗੁਰਸਿੱਖ ਬਣਾਉਣ ਵਿੱਚ ਨਾਕਾਮ ਹੋ ਰਹੇ ਹਾਂ। ਜੇਕਰ ਸਾਡੇ ਬੱਚੇ ਗੁਰਸਿੱਖ ਹੀ ਨਾ ਬਣ ਸਕੇ ਤਾਂ ਸਾਡਾ ਸਾਰਾ ਜੀਵਨ ਹੀ ਬੇਅਰਥ ਹੋ ਜਾਣਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਗੁਰੂ ਦੀਆਂ ਖੁਸ਼ੀਆਂ ਨੂੰ ਲੋਚਦੇ ਹਾਂ ਤਾਂ ਸਾਨੂੰ ਬੱਚਿਆਂ ਨੂੰ ਜਿੱਥੇ ਵੱਡਾ ਡਾਕਟਰ, ਇੰਜਨੀਅਰ, ਸਾਇੰਸਦਾਨ ਜਾਂ ਵੱਡਾ ਕਾਰੋਬਾਰੀ ਬਣਾਉਣ ਲਈ ਸੰਸਾਰੀ ਗਿਆਨ ਦਿੰਦੇ ਹਾਂ, ਉੱਥੇ ਨਾਲ-ਦੀ-ਨਾਲ ਗੁਰਮਤਿ ਬਾਰੇ ਵੀ ਜਾਣਕਾਰੀ ਜਰੂਰ ਦੇਈਏ। ਨਵੇਂ ਵਰ੍ਹੇ ’ਚ ਸਰਬੱਤ ਦੇ ਭਲੇ ਲਈ ਅਰਦਾਸ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਨੇ ਕੀਤੀ। ਕਾਰ ਸੇਵਾ ਵਾਲੇ ਬਾਬਾ ਹਰਪਿੰਦਰ ਸਿੰਘ ਭਿੰਦਾ ਨੇ ਸਤਿਨਾਮ ਵਾਹਿਗੁਰੂ ਜੀ ਦਾ ਜਾਪ ਕਰਵਾਇਆ। ਸੰਗਤਾਂ ਵੱਲੋਂ ਜਿੱਥੇ ਨਾਨਕਸ਼ਾਹੀ ਸੰਮਤ 558 ਦੀ ਆਮਦ ਸਬੰਧੀ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਕੀਤੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ ਗਈ, ਉੱਥੇ ਹੀ 31 ਦਸੰਬਰ ਤੇ 1 ਜਨਵਰੀ ਦਰਮਿਆਨ ਈਸ਼ਵੀ ਕੈਲੰਡਰ ਦੇ ਅਨੁਪਾਤ ’ਚ ਸੰਗਤਾਂ ਦੀ ਉਮੀਦ ਨਾਲੋਂ ਘੱਟ ਆਮਦ ਅਤੇ ਨਾਨਕਸ਼ਾਹੀ ਕੈਲੰਡਰ ਸਬੰਧੀ ਸੰਗਤਾਂ ਨੂੰ ਜਾਣਕਾਰੀ ਦੇਣ ਵਾਲੇ ਪ੍ਰਚਾਰਕ ਅਤੇ ਸਿੱਖ ਆਗੂ ਦੀ ਹਾਜ਼ਰੀ ਵਾਲੀ ਘਾਟ ਵੀ ਰੜਕਦੀ ਰਹੀ। ਸੰਗਤਾਂ ਨਾਨਕਸ਼ਾਹੀ ਕਲੰਡਰ ਲੈਣ ਲਈ ਪੁੱਛਦੀਆਂ ਰਹੀਆਂ, ਪਰ ਨਾਨਕਸ਼ਾਹੀ ਕੈਲੰਡਰ ਨਾ ਮਿਲਣ ਕਰਕੇ ਮਾਯੂਸ ਵੀ ਹੋਈਆਂ। ਇਸ ਦੌਰਾਨ ਛਬੀਲ ਵਾਲੇ ਸੇਵਾਦਾਰ ਪਰਮਜੀਤ ਸਿੰਘ ਤੇ ਉਨ੍ਹਾਂ ਦੇ ਸਹਿਯੋਗੀ ਸੇਵਾਦਾਰਾਂ ਵੱਲੋਂ ਗਰਮ ਦੁੱਧ ਤੇ ਪਕੌੜੇਆਂ ਦੇ ਲੰਗਰ ਅਟੁੱਟ ਵਰਤਾਏ ਗਏ।