ਗੁਰਬਾਣੀ ਕੰਠ ਤੇ ਸ਼ੁੱਧ ਉਚਾਰਨ ਮੁਕਾਬਲੇ 6 ਤੋਂ 8 ਫਰਵਰੀ ਤੱਕ
ਪਿੰਡ ਦੌਲਤਪੁਰ ਵਿਖੇ ਗੁਰਬਾਣੀ ਕੰਠ ਅਤੇ ਸ਼ੁੱਧ ਉਚਾਰਨ ਮੁਕਾਬਲੇ 6 ਤੋਂ 8 ਫਰਵਰੀ ਤੱਕ
Publish Date: Mon, 02 Feb 2026 06:37 PM (IST)
Updated Date: Tue, 03 Feb 2026 04:11 AM (IST)

ਸੰਤੋਸ਼ ਕੁਮਾਰ ਸਿੰਗਲਾ, ਪੰਜਾਬੀ ਜਾਗਰਣ, ਮਲੌਦ : ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਿਸ਼ਾਹੀ ਛੇਵੀਂ ਵਿਖੇ ਨਵੇਂ ਦਰਬਾਰ ਸਾਹਿਬ ਦੇ ਉਦਘਾਟਨ ਨੂੰ ਮੁੱਖ ਰੱਖਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਿਖਾਰੀ ਵਿੱਦਿਆ ਮਾਰਤੰਡ ਭਾਈ ਗੁਰਦਾਸ ਜੀ ਦੀ ਯਾਦ ਨੂੰ ਸਮਰਪਿਤ ਜਪੁਜੀ ਸਾਹਿਬ ਕੰਠ ਅਤੇ ਸ਼ੁੱਧ ਉਚਾਰਣ ਮੁਕਾਬਲੇ 6 ਤੋਂ 8 ਫਰਵਰੀ ਤੱਕ ਕਰਵਾਏ ਜਾ ਰਹੇ ਹਨ। ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਇਹ ਮੁਕਾਬਲੇ ਵੱਖ ਵੱਖ ਉਮਰ ਵਰਗਾਂ ਵਿੱਚ ਕਰਵਾਏ ਜਾ ਰਹੇ ਹਨ ਜਿਸ ਵਿੱਚ ਪਹਿਲੇ ਦਿਨ 6 ਫਰਵਰੀ ਦਿਨ ਸ਼ੁੱਕਰਵਾਰ ਨੂੰ 12 ਸਾਲ ਉਮਰ ਤੱਕ ਦੇ ਬੱਚਿਆਂ ਦੇ ਪੰਜ ਪਉੜੀਆਂ ਜੁਪਜੀ ਸਾਹਿਬ ਦੇ ਪਾਠ ਦੇ ਮੁਕਾਬਲੇ ਹੋਣਗੇ ਜਿਸ ਦੇ ਪਹਿਲੇ 25 ਜੇਤੂ ਬੱਚਿਆਂ ਨੂੰ 500 ਰੁਪਏ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ। ਮਿਤੀ 7 ਫਰਵਰੀ ਦਿਨ ਸ਼ਨੀਵਾਰ ਨੂੰ 25 ਸਾਲ ਤੱਕ ਦੇ ਨੌਜੁਆਨਾਂ ਦੇ ਜਪੁਜੀ ਸਾਹਿਬ ਪੜ੍ਹ ਕੇ ਸ਼ੁੱਧ ਉਚਾਰਨ ਕਰਨ ਦੇ ਮੁਕਾਬਲੇ ਹੋਣਗੇ ਜਿਸ ਵਿੱਚ ਪਹਿਲਾ ਇਨਾਮ 11000 ਰੁਪਏ, ਦੂਸਰਾ ਇਨਾਮ 5100 ਰੁਪਏ ਅਤੇ ਤੀਸਰਾ ਇਨਾਮ 2100 ਰੁਪਏ ਨਾਲ ਸਨਮਾਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸ਼ੁੱਧ ਕੰਠ ਉਚਾਰਨ ਕਰਨ ਦੇ ਮੁਕਾਬਲੇ ਦੇ ਜੇਤੂ ਨੂੰ 21000 ਰੁਪਏ ਨਗਦ ਇਨਾਮ ਦਿੱਤਾ ਜਾਵੇਗਾ। ਮਿਤੀ 8 ਫਰਵਰੀ ਦਿਨ ਐਤਵਾਰ ਨੂੰ 40 ਸਾਲ ਤੱਕ ਉਮਰ ਦੇ ਵਿਅਕਤੀਆਂ ਦੇ ਜੁਪਜੀ ਸਾਹਿਬ ਅਤੇ ਅਨੰਦੁ ਸਾਹਿਬ ਦਾ ਸ਼ੁੱਧ ਅਤੇ ਕੰਠ ਉਚਾਰਨ ਮੁਕਾਬਲਾ ਹੋਵੇਗਾ ਜਿਸ ਦੇ ਜੇਤੂ ਦਾ 51000 ਰੁਪਏ ਨਗਦ ਇਨਾਮ ਨਾਲ ਸਨਮਾਨ ਕੀਤਾ ਜਾਵੇਗਾ। ਤਿੰਨੋ ਦਿਨਾਂ ਦੇ ਮੁਕਾਬਲਿਆਂ ਦੇ ਜੇਤੂਆਂ ਦੇ ਨਾਲ ਨਾਲ ਭਾਗ ਲੈਣ ਵਾਲੇ ਸਮੂਹ ਪ੍ਰਤੀਯੋਗੀਆਂ ਦਾ 8 ਫਰਵਰੀ ਨੂੰ ਸਮਾਗਮ ਦੌਰਾਨ ਸਨਮਾਨ ਕੀਤਾ ਜਾਵੇਗਾ। ਇਸ ਉਪਰੰਤ 8 ਫਰਵਰੀ ਨੂੰ ਸੰਤ ਗਿਆਨੀ ਮਹਿੰਦਰ ਸਿੰਘ ਜੀ ਖਾਲਸਾ ਭੜੀ ਵਾਲੇ ਭੋਗ ਉਪਰੰਤ ਕਥਾ ਕੀਰਤਨ ਰਾਹੀਂ ਹਾਜ਼ਰੀ ਭਰਨਗੇ। ਪ੍ਰਬੰਧਕਾਂ ਨੇ ਦੱਸਿਆ ਕਿ ਇੰਨ੍ਹਾ ਸਮਾਗਮਾਂ ਦੌਰਾਨ ਵੱਖ ਵੱਖ ਗੁਰੂ ਘਰਾਂ, ਸੰਪਰਦਾਵਾਂ ਅਤੇ ਧਾਰਮਿਕ ਸੰਸਥਾਵਾਂ ਤੋਂ ਸੰਤ ਮਹਾਂਪੁਰਖ ਅਤੇ ਸ਼ਖ਼ਸ਼ੀਅਤਾਂ ਸ਼ਮੂਲੀਅਤ ਕਰਨਗੀਆਂ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਅਪੀਲ ਕੀਤੀ ਕਿ ਭਾਗ ਲੈਣ ਦੇ ਇੱਛੁੱਕ ਪ੍ਰਤੀਯੋਗੀ ਮਿਤੀ 4 ਫਰਵਰੀ ਤੱਕ ਆਪਣੀ ਰਜਿਟ੍ਰੇਸ਼ਨ ਜ਼ਰੂਰ ਕਰਵਾਉਣ।