ਗਰਿੱਡ ਮੇਂਟੀਨੈਂਸ ਕਰਮਚਾਰੀਆਂ ਨੇ ਕੀਤਾ ਇਕਜੁੱਟ ਦਾ ਪ੍ਰਗਟਾਵਾ, ‘ਵਰਕ ਟੂ ਰੂਲ’ ਦਾ ਕੀਤਾ ਐਲਾਨ
ਗਰਿੱਡ ਮੇਂਟੀਨੈਂਸ ਕਰਮਚਾਰੀਆਂ ਨੇ ਕੀਤਾ ਇਕਜੁੱਟ ਦਾ ਪ੍ਰਗਟਾਵਾ, ‘ਵਰਕ ਟੂ ਰੂਲ’ ਦਾ ਕੀਤਾ ਐਲਾਨ
Publish Date: Wed, 08 Apr 2026 09:38 PM (IST)
Updated Date: Thu, 09 Apr 2026 04:12 AM (IST)

ਫੋਟੋ- 24 ਪ੍ਰਿੰਸ ਸ਼ਰਮਾ, ਪੰਜਾਬੀ ਜਾਗਰਣ, ਲੁਧਿਆਣਾ : ਗਰਿੱਡ ਕਰਮਚਾਰੀਆਂ ਦੇ ਮਸਲਿਆਂ ਨੂੰ ਲੈ ਕੇ ਬੁੱਧਵਾਰ ਨੂੰ ਹੋਈ ਮੀਟਿੰਗ ਦੌਰਾਨ ਗਰਿੱਡ ਮੇਂਟੀਨੈਂਸ ਸੰਘਰਸ਼ ਕਮੇਟੀ ਵੱਲੋਂ 10 ਅਪ੍ਰੈਲ ਤੋਂ ‘ਵਰਕ ਟੂ ਰੂਲ’ ਲਾਗੂ ਕਰਨ ਦਾ ਐਲਾਨ ਕੀਤਾ ਗਿਆ। ਮੀਟਿੰਗ ਦੌਰਾਨ ਕਰਮਚਾਰੀਆਂ ’ਚ ਭਾਰੀ ਰੋਸ ਵੇਖਣ ਨੂੰ ਮਿਲਿਆ ਤੇ ਸਾਰੇ ਸਾਥੀਆਂ ਨੇ ਇਕਜੁੱਟ ਹੋ ਕੇ ਇਸ ਸੰਘਰਸ਼ ਨੂੰ ਪੂਰੀ ਤਨਦੇਹੀ ਨਾਲ ਅੱਗੇ ਵਧਾਉਣ ਦਾ ਫੈਸਲਾ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਮੇਟੀ ਨੇ ਸਪੱਸ਼ਟ ਕੀਤਾ ਕਿ ਇਸ ਦੌਰਾਨ ਕਰਮਚਾਰੀ ਸਿਰਫ਼ ਆਪਣੀ ਨਿਯਮਤ ਡਿਊਟੀ ਹੀ ਨਿਭਾਉਣਗੇ ਅਤੇ ਕਿਸੇ ਵੀ ਤਰ੍ਹਾਂ ਦੀ ਵਾਧੂ ਜ਼ਿੰਮੇਵਾਰੀ ਨਹੀਂ ਲੈਣਗੇ। ਇਸ ਦੇ ਨਾਲ ਹੀ ਇਹ ਵੀ ਫੈਸਲਾ ਕੀਤਾ ਗਿਆ ਕਿ ਕੋਈ ਕਰਮਚਾਰੀ ਆਪਣੀ ਰੈਸਟ ਦੇ ਦਿਨ ਵਿੱਚ ਤਬਦੀਲੀ ਨਹੀਂ ਕਰੇਗਾ ਅਤੇ ਨਾ ਹੀ ਕਿਸੇ ਹੋਰ ਸਟੇਸ਼ਨ ’ਤੇ ਡਿਊਟੀ ਲਈ ਜਾਵੇਗਾ। ਮੀਟਿੰਗ ਵਿੱਚ ਇਹ ਵੀ ਫੈਸਲਾ ਲਿਆ ਗਿਆ ਕਿ ਜੇਕਰ ਕਿਸੇ ਕਰਮਚਾਰੀ ਦੀ ਛੁੱਟੀ ਦੌਰਾਨ ਡਿਊਟੀ ਦੀ ਲੋੜ ਪੈਂਦੀ ਹੈ ਤਾਂ ਹੋਰ ਕਰਮਚਾਰੀ ਵਾਧੂ ਡਿਊਟੀ ਨਹੀਂ ਦੇਣਗੇ। ਸੰਘਰਸ਼ ਨੂੰ ਅਗਲੇ ਪੱਧਰ ’ਤੇ ਲਿਜਾਣ ਲਈ ਮੰਡਲ ਪੱਧਰ ’ਤੇ ਸਾਂਝਾ ਧਰਨਾ ਦੇਣ ਦਾ ਫੈਸਲਾ ਵੀ ਕੀਤਾ ਗਿਆ ਹੈ, ਜਿਸ ’ਚ ਹਰ ਗਰਿੱਡ ਤੋਂ ਘੱਟੋ-ਘੱਟ ਇਕ ਆਗੂ ਦੀ ਹਾਜ਼ਰੀ ਯਕੀਨੀ ਬਣਾਈ ਜਾਵੇਗੀ। ਕਮੇਟੀ ਨੇ ਕਰਮਚਾਰੀਆਂ ਨੂੰ ਭਰੋਸਾ ਦਿਵਾਇਆ ਕਿ ਜੇਕਰ ਕਿਸੇ ਵੀ ਅਧਿਕਾਰੀ ਵੱਲੋਂ ਡਰਾਉਣ-ਧਮਕਾਉਣ ਜਾਂ ਛੁੱਟੀ ਨਾ ਦੇਣ ਲਈ ਦਬਾਅ ਬਣਾਇਆ ਜਾਂਦਾ ਹੈ ਤਾਂ ਸੰਘਰਸ਼ ਕਮੇਟੀ ਦੇ ਨੁਮਾਇੰਦੇ ਤੁਰੰਤ ਮਾਮਲੇ ਵਿੱਚ ਦਖਲ ਦੇ ਕੇ ਉਸ ਨੂੰ ਹੱਲ ਕਰਵਾਉਣਗੇ। ਮੀਟਿੰਗ ’ਚ ਕਰਮਚਾਰੀਆਂ ਨੇ ਇਕਸੁਰ ਹੋ ਕੇ ਕਿਹਾ ਕਿ ਉਹ ਆਪਣੇ ਹੱਕਾਂ ਲਈ ਸੰਘਰਸ਼ ਜਾਰੀ ਰੱਖਣਗੇ ਅਤੇ ਲੋੜ ਪੈਣ ’ਤੇ ਇਸ ਨੂੰ ਹੋਰ ਤੇਜ਼ ਕੀਤਾ ਜਾਵੇਗਾ।