ਸਰਕਾਰ ਦੇ ਸਮਾਰਟ ਸਕੂਲ ਅਧਿਆਪਕਾਂ ਤੋਂ ਸੱਖਣੇ
ਸਰਕਾਰ ਦੇ ਸਮਾਰਟ ਸਕੂਲ ਅਧਿਆਪਕਾਂ ਤੋਂ ਸੱਖਣੇ
Publish Date: Mon, 19 Jan 2026 07:12 PM (IST)
Updated Date: Mon, 19 Jan 2026 07:15 PM (IST)

ਪੰਜਵੀਂ ਦੇ ਵਿਦਿਆਰਥੀ ਅਧਿਆਪਕ ਦੀ ਭੂਮਿਕਾ ਨਿਭਾ ਛੋਟੇ ਬੱਚਿਆਂ ਨੂੰ ਪੜ੍ਹਾ ਰਹੇ ਕਰਮਜੀਤ ਸਿੰਘ ਆਜ਼ਾਦ, ਪੰਜਾਬੀ ਜਾਗਰਣ, ਸ੍ਰੀ ਮਾਛੀਵਾੜਾ ਸਾਹਿਬ : ਹਲਕਾ ਸਾਹਨੇਵਾਲ ਦੇ ਪਿੰਡ ਢੋਲਣਵਾਲ ਦਾ ਸਰਕਾਰੀ ਪ੍ਰਾਇਮਰੀ ਸਕੂਲ ਜਿੱਥੇ ਸਮਾਰਟ ਸਕੂਲਾਂ ਵਾਲੀਆਂ ਸਹੂਲਤਾਂ ਨਾਲ ਲੈੱਸ ਹੈ, ਉੱਥੇ ਅਧਿਆਪਕਾਂ ਤੋਂ ਸੱਖਣਾ ਹੋਣ ਕਾਰਨ ਇੱਥੇ ਪੜ੍ਹਦੇ ਗਰੀਬ ਪਰਿਵਾਰਾਂ ਦੇ ਬੱਚੇ ਸਿੱਖਿਆ ਤੋਂ ਪੱਛੜ ਰਹੇ ਹਨ। ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਪੰਜਾਬ ਸਰਕਾਰ ਵਲੋਂ ਢੋਲਣਵਾਲ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਸਮਾਰਟ ਸਕੂਲ ਦਾ ਦਰਜਾ ਦੇ ਕੇ ਇੱਥੇ ਸਹੂਲਤਾਂ ਤਾਂ ਦੇ ਦਿੱਤੀਆਂ ਪਰ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਅਧਿਆਪਕ ਮੁਹੱਈਆ ਕਰਵਾਉਣੇ ਭੁੱਲ ਗਏ। ਸਕੂਲ ਵਿਚ ਤਾਇਨਾਤ ਇੱਕੋ ਅਧਿਆਪਕਾ ਪੂਨਮ ਨੇ ਦੱਸਿਆ ਕਿ 214 ਬੱਚਿਆਂ ਨੂੰ ਇੱਕ ਅਧਿਆਪਕ ਵਲੋਂ ਕੰਟਰੋਲ ਕਰਨਾ ਤੇ 5 ਜਮਾਤਾਂ ਨੂੰ ਪੜ੍ਹਾਉਣਾ ਅਸੰਭਵ ਹੈ। ਹੋਰ ਤਾਂ ਹੋਰ ਸਕੂਲ ਵਿਚ ਕੰਪਿਊਟਰ ਲੈਬ, ਐੱਲਈਡੀ, ਲਾਇਬ੍ਰੇਰੀ, ਸਪੋਰਟਸ ਪਾਰਕ ਤੇ ਸਮਾਰਟ ਸਕੂਲ ਵਾਲੀਆਂ ਸੁਵਿਧਾਵਾਂ ਤਾਂ ਹਨ ਪਰ ਇਨ੍ਹਾਂ ਨੂੰ ਚਲਾਉਣ ਤੇ ਸਿੱਖਿਆਵਾਂ ਦੇਣ ਵਾਲਾ ਕੋਈ ਵੀ ਅਧਿਆਪਕ ਨਹੀਂ ਹੈ। ਸਕੂਲੀ ਬੱਚਿਆਂ ਦੇ ਮਾਪਿਆਂ ਨੇ ਵੀ ਪੱਤਰਕਾਰਾਂ ਨੂੰ ਦੱਸਿਆ ਕਿ ਸਰਕਾਰ ਵਲੋਂ ਦਾਅਵੇ ਤਾਂ ਕੀਤੇ ਜਾਂਦੇ ਹਨ ਕਿ ਉਨ੍ਹਾਂ ਵਲੋਂ ਖੋਲ੍ਹੇ ਸਮਾਰਟ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾਉਂਦੇ ਹਨ ਪਰ ਹਕੀਕਤ ਇਹ ਹੈ ਕਿ ਜੇਕਰ ਅਧਿਆਪਕ ਹੀ ਨਹੀਂ ਹੋਣਗੇ ਤਾਂ ਇਹ ਸਮਾਰਟ ਸਕੂਲ ਕਿਸ ਕੰਮ ਦੇ। ਹੁਣ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇੱਕ ਅਧਿਆਪਕ 5 ਜਮਾਤਾਂ ਨੂੰ ਇੱਕੋ ਸਮੇਂ ਕਿਵੇਂ ਪੜ੍ਹਾ ਸਕਦਾ ਹੈ। ਇਨ੍ਹਾਂ ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਸਕੂਲ ਵਿਚ 4 ਮਹੀਨੇ ਪਹਿਲਾਂ 5 ਅਧਿਆਪਕ ਸਨ ਅਤੇ ਬੱਚਿਆਂ ਦੀ ਪੜ੍ਹਾਈ ਦਾ ਕੰਮ ਬੜੇ ਸੁਚੱਜੇ ਢੰਗ ਨਾਲ ਚੱਲ ਰਿਹਾ ਸੀ ਪਰ ਹੌਲੀ-ਹੌਲੀ ਇੱਥੋਂ 4 ਅਧਿਆਪਕ ਆਪਣਾ ਤਬਾਦਲਾ ਕਰਵਾ ਗਏ ਅਤੇ ਇੱਥੇ ਹੁਣ ਕੇਵਲ 5 ਜਮਾਤਾਂ ਲਈ ਇੱਕ ਅਧਿਆਪਕ ਹੀ ਤਾਇਨਾਤ ਹੈ। ਮਾਪਿਆਂ ਨੇ ਦੱਸਿਆ ਕਿ ਕਈ ਵਾਰ ਤਾਂ ਹਾਲਾਤ ਇਹ ਹੋ ਜਾਂਦੇ ਹਨ ਕਿ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਛੋਟੇ-ਛੋਟੇ ਬੱਚਿਆਂ ਦੀਆਂ ਕਲਾਸਾਂ ਲਗਾਉਣ ਜਾਂ ਉਨ੍ਹਾਂ ਨੂੰ ਚੁੱਪ ਕਰਕੇ ਬਿਠਾਉਣ ਲਈ ਅਧਿਆਪਕ ਦੀ ਭੂਮਿਕਾ ਨਿਭਾਉਣੀ ਪੈ ਰਹੀ ਹੈ। ਸਰਕਾਰ ਦੇ ਹਾਲਾਤ ਇਹ ਹਨ ਕਿ ਜੋ ਪੰਜਵੀਂ ਜਮਾਤ ਦੇ ਬੱਚਿਆਂ ਨੂੰ ਜਿਸ ਸਕੂਲ ਵਿਚ ਸਿੱਖਿਆ ਪ੍ਰਾਪਤ ਕਰਨੀ ਚਾਹੀਦੀ ਹੈ ਉੱਥੇ ਉਹ ਆਪਣੇ ਤੋਂ ਛੋਟੇ ਬੱਚਿਆਂ ਨੂੰ ਪੜ੍ਹਾ ਰਹੇ ਹਨ ਅਤੇ ਆਪਣੀ ਪੜ੍ਹਾਈ ਦਾ ਨੁਕਸਾਨ ਕਰਵਾ ਰਹੇ ਹਨ। ਬਾਕਸ ਸਕੂਲ ’ਚ ਕੇਵਲ ਇੱਕ ਅਧਿਆਪਕ ਬਾਰੇ ਮੈਨੂੰ ਜਾਣਕਾਰੀ ਨਹੀਂ : ਡਿਪਟੀ ਸਿੱਖਿਆ ਅਧਿਕਾਰੀ ਜਦੋਂ ਇਸ ਸਬੰਧੀ ਜ਼ਿਲਾ ਦੇ ਡਿਪਟੀ ਸਿੱਖਿਆ ਅਧਿਕਾਰੀ ਮਨੋਜ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਢੋਲਣਵਾਲ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿਚ ਕੇਵਲ ਇਕ ਅਧਿਆਪਕ ਹੈ, ਉਸ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਹੀਂ। ਉਨ੍ਹਾਂ ਕਿਹਾ ਕਿ ਉਹ ਜਲਦ ਹੀ ਸਕੂਲ ਵਿਚ ਅਧਿਆਪਕਾਂ ਦੀ ਘਾਟ ਸਬੰਧੀ ਜਾਣਕਾਰੀ ਮੰਗਵਾ ਉੱਥੇ ਹੋਰ ਅਧਿਆਪਕ ਨਿਯੁਕਤ ਕਰਵਾ ਦੇਣਗੇ।