ਸਰਕਾਰੀ ਕਾਲਜ ਲੜਕੀਆਂ ਦੀਆਂ ਵਿਦਿਆਰਥਣਾਂ ਵੱਲੋਂ ਪਾਵਰਲਿਫਟਿੰਗ ’ਚ ਸ਼ਾਨਦਾਰ ਪ੍ਰਾਪਤੀਆਂ
ਸਰਕਾਰੀ ਕਾਲਜ ਲੜਕੀਆਂ ਦੀਆਂ ਵਿਦਿਆਰਥਣਾਂ ਵੱਲੋਂ ਪਾਵਰਲਿਫਟਿੰਗ ਵਿੱਚ ਸ਼ਾਨਦਾਰ ਪ੍ਰਾਪਤੀਆਂ
Publish Date: Thu, 26 Feb 2026 06:11 PM (IST)
Updated Date: Thu, 26 Feb 2026 06:13 PM (IST)

ਸਟਾਫ ਪ੍ਰਤੀਨਿੱਧ, ਪੰਜਾਬੀ ਜਾਗਰਣ ਲੁਧਿਆਣਾ ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਦੀਆਂ ਵਿਦਿਆਰਥਣਾਂ ਨੇ ਹਿਮਾਚਲ ਪ੍ਰਦੇਸ਼ ਦੇ ਮੁਬਾਰਕਪੁਰ ਵਿਖੇ ਹੋਈ ਪਾਵਰਲਿਫਟਿੰਗ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਇੱਕ ਵਾਰ ਫਿਰ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। ਕਾਲਜ ਵੇਟਲਿਫਟਿੰਗ ਟੀਮ ਦੀ ਸਾਬਕਾ ਵਿਦਿਆਰਥਣ ਅਤੇ ਮੌਜੂਦਾ ਕੋਚ ਸੰਦੀਪ ਕੌਰ ਨੂੰ 202.5 ਕਿਲੋਗ੍ਰਾਮ ਦੀ ਸ਼ਾਨਦਾਰ ਡੈੱਡਲਿਫਟ ਨਾਲ ਓਵਰਆਲ ਸਟ੍ਰੌਂਗ ਵੂਮੈਨ ਦਾ ਵੱਕਾਰੀ ਖਿਤਾਬ ਦਿੱਤਾ ਗਿਆ। ਬੀਏ ਭਾਗ ਤੀਜਾ ਦੀ ਵਿਦਿਆਰਥਣ ਸ਼੍ਰੇਆ ਸਹਾਰਨ ਨੇ ਸਬ ਜੂਨੀਅਰ ਸ਼੍ਰੇਣੀ (75 ਕਿਲੋਗ੍ਰਾਮ) ਵਿੱਚ ਗੋਲਡ ਮੈਡਲ ਹਾਸਲ ਕੀਤਾ। ਬੀਏ ਭਾਗ ਤੀਜਾ ਦੀ ਵਿਦਿਆਰਥਣ ਕਮਲਜੋਤ ਕੌਰ ਨੇ ਜੂਨੀਅਰ ਸ਼੍ਰੇਣੀ (75 ਕਿਲੋਗ੍ਰਾਮ) ਵਿਚ ਗੋਲਡ ਮੈਡਲ ਜਿੱਤਿਆ। ਬੀਏ ਭਾਗ ਦੂਜਾ ਦੀ ਵਿਦਿਆਰਥਣ ਨੀਟੋ ਰਾਣੀ ਨੇ ਜੂਨੀਅਰ ਸ਼੍ਰੇਣੀ (75 ਕਿਲੋਗ੍ਰਾਮ) ਵਿਚ ਸਿਲਵਰ ਮੈਡਲ ਹਾਸਲ ਕੀਤਾ। ਬੀਏ ਭਾਗ ਤੀਜਾ ਦੀ ਵਿਦਿਆਰਥਣ ਸਾਕਸ਼ੀ ਨੇ ਜੂਨੀਅਰ ਸ਼੍ਰੇਣੀ (65 ਕਿਲੋਗ੍ਰਾਮ) ਵਿੱਚ ਚਾਂਦੀ ਦਾ ਤਗਮਾ ਹਾਸਿਲ ਕੀਤਾ। ਵਿਦਿਆਰਥਣਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਉਨ੍ਹਾਂ ਦੇ ਸਮਰਪਣ, ਅਨੁਸ਼ਾਸਨ ਅਤੇ ਅਣਥੱਕ ਮਿਹਨਤ ਨੂੰ ਦਰਸਾਉਂਦੀਆਂ ਹਨ। ਕਾਲਜ ਨੂੰ ਉਨ੍ਹਾਂ ਦੀ ਸਫਲਤਾ ਤੇ ਬਹੁਤ ਮਾਣ ਹੈ, ਜਿਸ ਨੇ ਰਾਜ ਪੱਧਰ ਤੇ ਸੰਸਥਾ ਦਾ ਨਾਮ ਉੱਚਾ ਕੀਤਾ ਹੈ। ਕਾਲਜ ਦੇ ਪ੍ਰਿੰਸੀਪਲ ਸੁਮਨ ਲਤਾ ਜੀ ਨੇ ਸਾਰੇ ਜੇਤੂਆਂ ਨੂੰ ਦਿਲੋਂ ਆਸ਼ੀਰਵਾਦ ਅਤੇ ਵਧਾਈਆਂ ਦਿੱਤੀਆਂ। ਵਾਈਸ ਪ੍ਰਿੰਸੀਪਲ ਸ੍ਰੀਮਤੀ ਸਰਿਤਾ ਜੀ ਅਤੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਸ੍ਰੀਮਤੀ ਨਿਵੇਦਿਤਾ ਸ਼ਰਮਾ ਜੀ ਨੇ ਖਿਡਾਰਨਾ ਦੇ ਦ੍ਰਿੜ ਇਰਾਦੇ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਭਵਿੱਖ ਦੇ ਮੁਕਾਬਲਿਆਂ ਵਿਚ ਹਮੇਸ਼ਾ ਹੀ ਉੱਤਮ ਪ੍ਰਦਰਸ਼ਨ ਕਰਦੇ ਰਹਿਣ ਲਈ ਉਤਸ਼ਾਹਿਤ ਕੀਤਾ।