ਗੈਰਕਾਨੂੰਨੀ ਕੋਠੀ ’ਤੇ ਜਲਦ ਚੱਲੇਗਾ ਗਲਾਡਾ ਦਾ ਬੁਲਡੋਜ਼ਰ
ਨਸ਼ਾ ਤਸਕਰੀ ਦੇ ਮਾਮਲੇ ਵਿੱਚ ਲਿਪਤ ਸਾਬਕਾ ਸਰਪੰਚ ਗੁਰਦੀਪ ਰਾਣੋ ਦੀ ਗੈਰਕਾਨੂੰਨੀ ਕੋਠੀ ’ਤੇ ਜਲਦ ਚੱਲੇਗਾ ਗਲਾਡਾ ਦਾ ਬੁਲਡੋਜ਼ਰ
Publish Date: Tue, 17 Mar 2026 10:04 PM (IST)
Updated Date: Wed, 18 Mar 2026 04:16 AM (IST)

ਕ੍ਰਾਈਮ ਰਿੁਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ : ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ (ਗਲਾਡਾ) ਵੱਲੋਂ ਮੰਗਲਵਾਰ ਨੂੰ ਸਾਬਕਾ ਸਰਪੰਚ ਗੁਰਦੀਪ ਸਿੰਘ ਰਾਣੋ ਦੀ ਜਾਇਦਾਦ ਦਾ ਸਰਵੇ ਕੀਤਾ ਗਿਆ। ਇਸ ਦੌਰਾਨ ਭਾਰੀ ਪੁਲਿਸ ਬਲ ਦੀ ਮੌਜੂਦਗੀ ਵਿੱਚ ਅਧਿਕਾਰੀਆਂ ਨੇ ਕੋਠੀ ਦੀ ਪੂਰੀ ਮਾਪ-ਤੋਲ ਕਰਦੇ ਹੋਏ ਵੀਡੀਓ ਤੇ ਫੋਟੋਗ੍ਰਾਫੀ ਵੀ ਕੀਤੀ। ਜਾਣਕਾਰੀ ਅਨੁਸਾਰ ਗੁਰਦੀਪ ਰਾਣੋ ਮਲਟੀ-ਕਰੋੜ ਹੈਰੋਇਨ ਤਸਕਰੀ ਮਾਮਲੇ ਦਾ ਮੁੱਖ ਮੁਲਜ਼ਮ ਹੈ ਅਤੇ ਉਸ ਦੇ ਖਿਲਾਫ ਐਨਡੀਪੀਐਸ ਐਕਟ ਸਮੇਤ ਕਰੀਬ 11 ਮਾਮਲੇ ਦਰਜ ਹਨ। ਸਾਲ 2020 ਵਿੱਚ ਐਸਟੀਐਫ ਵੱਲੋਂ ਉਸ ਨੂੰ ਲਗਭਗ 31 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਨਾਲ ਵੱਡੇ ਪੱਧਰ ’ਤੇ ਨਸ਼ਾ ਤਸਕਰੀ ਦਾ ਜਾਲ ਬੇਨਕਾਬ ਹੋਇਆ ਸੀ। ਗਲਾਡਾ ਦੇ ਜੂਨੀਅਰ ਇੰਜੀਨੀਅਰ ਅਮਨਦੀਪ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਸ ਕੋਠੀ ਲਈ ਕੋਈ ਮਨਜ਼ੂਰਸ਼ੁਦਾ ਨਕਸ਼ਾ ਨਹੀਂ ਲਿਆ ਗਿਆ ਅਤੇ ਇਹ ਕੋਠੀ ਗੈਰ ਕਾਨੂੰਨੀ ਤਰੀਕੇ ਨਾਲ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਵੱਲੋਂ ਗਲਾਡਾ ਦੀ ਕਾਰਵਾਈ ਰੋਕਣ ਲਈ ਦਾਖ਼ਲ ਕੀਤੀ ਗਈ ਰਿੱਟ ਪਟੀਸ਼ਨ ਵੀ 9 ਮਈ ਨੂੰ ਖ਼ਾਰਜ ਹੋ ਚੁੱਕੀ ਹੈ, ਜਿਸ ਨਾਲ ਹੁਣ ਕਾਰਵਾਈ ਦਾ ਰਾਹ ਸਾਫ ਹੋ ਗਿਆ ਹੈ। ਸਰਵੇ ਦੌਰਾਨ ਡੀਐੱਸਪੀ (ਹੈੱਡਕੁਆਰਟਰ) ਖੰਨਾ ਪ੍ਰਿਤਪਾਲ ਸਿੰਘ ਸੰਧੂ, ਡੀਐਸਪੀ ਪਾਇਲ ਜਸਵਿੰਦਰ ਸਿੰਘ ਖੈਰਾ, ਐਸਐਚਓ ਪਾਇਲ ਤਰਵਿੰਦਰ ਕੁਮਾਰ ਬੇਦੀ, ਐਸਐਚਓ ਮਲੌਦ ਚਰਨਜੀਤ ਸਿੰਘ ਅਤੇ ਐਸਐਚਓ ਦੋਰਾਹਾ ਆਕਾਸ਼ ਦੱਤ ਸਮੇਤ ਵੱਡੀ ਗਿਣਤੀ ਵਿੱਚ ਪੁਲਿਸ ਅਧਿਕਾਰੀ ਮੌਜੂਦ ਰਹੇ। ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਕੋਠੀ ਦੇ ਹਰ ਕੋਨੇ ’ਤੇ ਪੁਲਿਸ ਤਾਇਨਾਤ ਕੀਤੀ ਗਈ। ਪੁਲਿਸ ਅਨੁਸਾਰ ਗੁਰਦੀਪ ਰਾਣੋ ਪਿਛਲੇ ਕਰੀਬ 5 ਸਾਲ ਤੋਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਰਿਹਾ ਅਤੇ ਲਗਭਗ ਚਾਰ ਮਹੀਨੇ ਪਹਿਲਾਂ ਹੀ ਜ਼ਮਾਨਤ ’ਤੇ ਬਾਹਰ ਆਇਆ ਹੈ।