ਲੁਧਿਆਣਾ ਵਿੱਚ ਗਲਾਡਾ ਦੀ ਵੱਡੀ ਕਾਰਵਾਈ

* 13 ਗੈਰ-ਕਾਨੂੰਨੀ ਇਮਾਰਤਾਂ ਤੇ 3 ਨਾਜਾਇਜ਼ ਕਾਲੋਨੀਆਂ ’ਤੇ ਕੀਤੀ ਕਾਰਵਾਈ
ਫੋਟੋ- 23, 24
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ
ਲੁਧਿਆਣਾ : ਮਹਾਨਗਰ ਲੁਧਿਆਣਾ ’ਚ ਗ਼ੈਰ-ਕਾਨੂੰਨੀ ਤੌਰ ’ਤੇ ਕੱਟੀਆ ਜਾ ਰਹੀਆਂ ਨਾਜਾਇਜ਼ ਕਾਲੋਨੀਆਂ ਤੇ ਬਿਨਾਂ ਮਨਜੂਰੀ ਬਣਾਈਆਂ ਜਾ ਰਹੀਆਂ ਇਮਾਰਤਾਂ ਖ਼ਿਲਾਫ਼ ਸਖ਼ਤ ਰਵੱਈਆ ਅਪਣਾਉਂਦੇ ਹੋਏ ਗਲਾਡਾ ਵੱਲੋਂ ਬੁੱਧਵਾਰ ਨੂੰ ਵੱਡੀ ਕਾਰਵਾਈ ਅਮਲ ’ਚ ਲਿਆਂਦੀ ਗਈ। ਗਲਾਡਾ ਦੇ ਅਧਿਕਾਰੀਆਂ ਵੱਲੋਂ ਇਹ ਕਾਰਵਾਈ ਹਾਊਸਿੰਗ ਤੇ ਅਰਬਨ ਡਿਵੈਲਪਮੈਂਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਤੇ ਗਲਾਡਾ ਦੇ ਮੁੱਖ ਪ੍ਰਸ਼ਾਸਕ ਸੰਦੀਪ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਕੀਤੀ ਗਈ।
ਗਲਾਡਾ ਦੀ ਟੀਮ ਵੱਲੋਂ ਇਸ ਵਿਸ਼ੇਸ਼ ਕਾਰਵਾਈ ਤਹਿਤ ਸਭ ਤੋਂ ਪਹਿਲਾ ਪਿੰਡ ਮਾਣਕਵਾਲ ਤੇ ਮਹਿਮੂਦਪੁਰਾ ਅਤੇ ਫਿਰ ਧਾਂਦਰਾ ਵਿੱਚ ਬਿਨ੍ਹਾਂ ਵਿਭਾਗ ਤੋਂ ਮਨਜੂਰੀ ਲਏ ਬਣਾਈਆਂ 13 ਗੈਰਕਾਨੂੰਨੀ ਇਮਾਰਤਾਂ ਤੇ ਕਾਰਵਾਈ ਕੀਤੀ। ਇਸ ਦੌਰਾਨ ਗਲਾਡਾ ਦੀ ਟੀਮ ਵੱਲੋਂ ਕੁਝ ਇਮਾਰਤਾਂ ਨੂੰ ਤਾਲੇ ਲਗਾ ਕੇ ਸੀਲ ਕਰ ਦਿੱਤਾ ਗਿਆ ਤੇ ਬਾਕੀ ਰਹਿੰਦੀਆਂ ਇਮਾਰਤਾਂ ਦੇ ਨਿਰਮਾਣ ਦੇ ਹਿੱਸੇ ਨੂੰ ਜੇਸੀਬੀ ਮਸ਼ੀਨ ਨਾਲ ਤੋੜ ਦਿੱਤਾ ਗਿਆ। ਇਸ ਤੋਂ ਇਲਾਵਾ ਗਲਾਡਾ ਵੱਲੋਂ 3 ਨਾਜਾਇਜ਼ ਕਾਲੋਨੀਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਗਈ। ਕਾਰਵਾਈ ਦੌਰਾਨ ਟੀਮ ਵੱਲੋਂ ਇਨ੍ਹਾਂ ਨਾਜਾਇਜ਼ ਕਾਲੋਨੀਆਂ ਵਿੱਚ ਬਣਾਈਆਂ ਸੜਕਾਂ, ਸੀਵਰੇਜ ਦੇ ਚੈਂਬਰ ਅਤੇ ਪਾਣੀ ਦੀਆਂ ਲਾਈਨਾਂ ਨੂੰ ਵੀ ਪੱਟ ਦਿੱਤਾ ਗਿਆ। ਗਲਾਡਾ ਦੀ ਟੀਮ ਵੱਲੋਂ ਇਨ੍ਹਾਂ ਕਲੋਨੀਆਂ ਵਿੱਚ ਹੋ ਰਹੀਆਂ ਗੈਰਕਾਨੂੰਨੀ ਉਸਾਰੀਆਂ ਨੂੰ ਵੀ ਰੋਕ ਦਿੱਤਾ ਗਿਆ।
ਕਾਰਵਾਈ ਸਬੰਧੀ ਗਲਾਡਾ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਭਾਗ ਵੱਲੋਂ ਇਨ੍ਹਾਂ ਗੈਰਕਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਕਈ ਵਾਰ ਕਲੋਨੀਆਂ ਦੇ ਡਿਵੈਲਪਰਾਂ ਅਤੇ ਉਸਾਰੀਕਾਰਾਂ ਨੂੰ ਨੋਟਿਸ ਜਾਰੀ ਕੀਤੇ ਗਏ, ਪਰ ਇਸ ਦੇ ਬਾਵਜੂਦ ਡਿਵੈਲਪਰਾਂ ਅਤੇ ਉਸਾਰੀਕਾਰਾਂ ਨੇ ਨਾਜਾਇਜ਼ ਕਲੋਨੀਆਂ ਅਤੇ ਗੈਰਕਾਨੂੰਨੀ ਨਿਰਮਾਣਾਂ ਨੂੰ ਨਹੀਂ ਰੋਕਿਆ, ਜਿਸ ਨੂੰ ਦੇਖਦੇ ਹੋਏ ਗਲਾਡਾ ਦੀ ਟੀਮ ਨੂੰ ਇਹ ਸਖਤ ਕਾਰਵਾਈ ਕਰਨੀ ਪਈ। ਇਹ ਮੁਹਿੰਮ ਡਿਊਟੀ ਮੈਜਿਸਟ੍ਰੇਟ, ਪੁਲਿਸ ਫੋਰਸ ਅਤੇ ਗਲਾਡਾ ਦੀ ਐਨਫੋਰਸਮੈਂਟ ਟੀਮ ਦੀ ਮੌਜੂਦਗੀ ਵਿੱਚ ਬਿਨ੍ਹਾਂ ਕਿਸੇ ਵਿਰੋਧ ਦੇ ਪੂਰੀ ਕੀਤੀ ਗਈ।
ਸਸਤੇ ਪਲਾਟ ਦੇ ਨਾਮ ’ਤੇ ਲੋਕਾਂ ਨਾਲ ਕੀਤੀ ਜਾ ਰਹੀ ਠੱਗੀ : ਸੰਦੀਪ ਕੁਮਾਰ
ਕਾਰਵਾਈ ਸਬੰਧੀ ਜਾਣਕਾਰੀ ਦਿੰਦੇ ਹੋਏ ਗਲਾਡਾ ਦੇ ਮੁੱਖ ਪ੍ਰਸ਼ਾਸਕ ਸੰਦੀਪ ਕੁਮਾਰ ਨੇ ਕਿਹਾ ਕਿ ਅਜਿਹੀਆਂ ਨਾਜਾਇਜ਼ ਕਾਲੋਨੀਆਂ ਵਿੱਚ ਲੋਕਾਂ ਨੂੰ ਸਸਤੇ ਪਲਾਟ ਦੇ ਨਾਮ ’ਤੇ ਠੱਗਿਆ ਜਾ ਰਿਹਾ ਸੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਇਨ੍ਹਾਂ ਨਾਜਾਇਜ਼ ਕਾਲੋਨੀਆਂ ’ਚ ਵਿਭਾਗਾਂ ਵੱਲੋਂ ਪਾਣੀ, ਸੀਵਰੇਜ, ਬਿਜਲੀ ਵਰਗੀਆਂ ਬੁਨਿਆਦੀ ਸੁਵਿਧਾਵਾਂ ਨਹੀਂ ਦਿੱਤੀਆਂ ਜਾਣਗੀਆਂ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਜਾਇਦਾਦ ਖਰੀਦਣ ਤੋਂ ਪਹਿਲਾਂ ਗਲਾਡਾ ਦੀ ਅਧਿਕਾਰਤ ਵੈਬਸਾਈਟ ’ਤੇ ਮਨਜ਼ੂਰਸ਼ੁਦਾ ਕਾਲੋਨੀਆਂ ਦੀ ਸੂਚੀ ਜ਼ਰੂਰ ਚੈੱਕ ਕਰ ਲੈਣ। ਉਨ੍ਹਾਂ ਇਹ ਵੀ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਨਾਜਾਇਜ਼ ਕਲੋਨੀਆਂ ਅਤੇ ਬਿਨ੍ਹਾਂ ਮਟਜ਼ੂਰੀ ਕੀਤੀਆਂ ਜਾਣ ਵਾਲੀਆਂ ਉਸਾਰੀਆਂ ਖਿਲਾਫ ਇਸ ਤਰ੍ਹਾਂ ਦੀਆਂ ਕਾਰਵਾਈਆਂ ਜਾਰੀ ਰਹਿਣਗੀਆਂ ਅਤੇ ਗੈਰਕਾਨੂੰਨੀ ਡਿਵੈਲਪਮੈਂਟ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।