ਬਿਨਾਂ ਮਨਜ਼ੂਰੀ ਬਣੀ ਇਮਾਰਤ ‘ਤੇ ਗਲਾਡਾ ਦੀ ਕਾਰਵਾਈ, ਪਿੰਡ ਆਯਾਲੀ ਖੁਰਦ ’ਚ ਢਾਇਆ ਨਿਰਮਾਣ
ਬਿਨਾਂ ਮਨਜ਼ੂਰੀ ਬਣੀ ਇਮਾਰਤ ‘ਤੇ ਗਲਾਡਾ ਦੀ ਕਾਰਵਾਈ, ਪਿੰਡ ਆਯਾਲੀ ਖੁਰਦ ਵਿੱਚ ਢਹਾਇਆ ਨਿਰਮਾਣ
Publish Date: Tue, 03 Mar 2026 06:57 PM (IST)
Updated Date: Wed, 04 Mar 2026 04:09 AM (IST)

ਫੋਟੋ ਨੰਬਰ-11 ਸੁਸ਼ੀਲ ਕੁਮਾਰ ਸ਼ਸ਼ੀ ,ਪੰਜਾਬੀ ਜਾਗਰਣ ਲੁਧਿਆਣਾ : ਗ੍ਰੇਟਰ ਲੁਧਿਆਣਾ ਅਰਬਨ ਡਿਵੈਲਪਮੈਂਟ ਅਥਾਰਟੀ (ਗਲਾਡਾ) ਨੇ ਗ਼ੈਰ-ਕਾਨੂੰਨੀ ਉਸਾਰੀਆਂ ਖ਼ਿਲਾਫ਼ ਆਪਣੀ ਕਾਰਵਾਈ ਜਾਰੀ ਰੱਖਦਿਆਂ ਮੰਗਲਵਾਰ ਨੂੰ ਪਿੰਡ ਆਯਾਲੀ ਖੁਰਦ, ਸਾਊਥ ਸਿਟੀ ਇਲਾਕੇ ਵਿੱਚ ਇਕ ਗੈਰ-ਕਾਨੂੰਨੀ ਤੌਰ ‘ਤੇ ਬਣ ਰਹੀ ਇਮਾਰਤ ਨੂੰ ਢਹਾ ਦਿੱਤਾ। ਇਹ ਕਾਰਵਾਈ ਮੁੱਖ ਪ੍ਰਸ਼ਾਸਕ ਸੰਦੀਪ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕੀਤੀ ਗਈ। ਜਾਣਕਾਰੀ ਮੁਤਾਬਕ ਵਿਕਾਸਕਾਰਾਂ ਨੂੰ ਪਹਿਲਾਂ ਨੋਟਿਸ ਜਾਰੀ ਕਰਕੇ ਗੈਰ-ਕਾਨੂੰਨੀ ਨਿਰਮਾਣ ਰੋਕਣ ਲਈ ਕਿਹਾ ਗਿਆ ਸੀ ਪਰ ਉਨ੍ਹਾਂ ਵੱਲੋਂ ਕੰਮ ਬੰਦ ਨਾ ਕਰਨ ‘ਤੇ ਗਲਾਡਾ ਦੀ ਵਿਸ਼ੇਸ਼ ਟੀਮ ਨੇ ਮੌਕੇ ’ਤੇ ਪਹੁੰਚ ਕੇ ਡਿਮੋਲਿਸ਼ਨ ਮੁਹਿੰਮ ਚਲਾਈ। ਇਹ ਕਾਰਵਾਈ ਬਿਨਾਂ ਕਿਸੇ ਵਿਰੋਧ ਦੇ ਅਮਲ ਵਿੱਚ ਲਿਆਂਦੀ ਗਈ। ਮੁੱਖ ਪ੍ਰਸ਼ਾਸਕ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਬਿਨਾਂ ਮਨਜ਼ੂਰੀ ਜਾਂ ਬਿਲਡਿੰਗ ਪਲਾਨ ਪਾਸ ਕਰਵਾਏ ਕੋਈ ਵੀ ਨਿਰਮਾਣ ਨਾ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਗੈਰ-ਅਧਿਕ੍ਰਿਤ ਕਾਲੋਨੀਆਂ ਵਿੱਚ ਬਣੀਆਂ ਇਮਾਰਤਾਂ ਨੂੰ ਪਾਣੀ ਸਪਲਾਈ, ਸੀਵਰੇਜ, ਬਿਜਲੀ ਕਨੈਕਸ਼ਨ ਆਦਿ ਜਿਹੀਆਂ ਸਹੂਲਤਾਂ ਮੁਹੱਈਆ ਨਹੀਂ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਮਨਜ਼ੂਰਸ਼ੁਦਾ ਅਤੇ ਰੈਗੂਲਰਾਈਜ਼ਡ ਕਾਲੋਨੀਆਂ ਦੀ ਸੂਚੀ ਅਤੇ ਮਨਜ਼ੂਰਸ਼ੁਦਾ ਨਕਸ਼ੇ ਗਲਾਡਾ ਦੀ ਅਧਿਕਾਰਿਕ ਵੈਬਸਾਈਟ ’ਤੇ ਉਪਲਬਧ ਹਨ, ਜਿਸ ਦੀ ਜਾਂਚ ਪ੍ਰਾਪਰਟੀ ਖਰੀਦਣ ਤੋਂ ਪਹਿਲਾਂ ਜ਼ਰੂਰ ਕਰਨੀ ਚਾਹੀਦੀ ਹੈ। ਵਧੀਕ ਮੁੱਖ ਪ੍ਰਸ਼ਾਸਕ-3 ਵਿਕਾਸ ਹੀਰਾ ਨੇ ਕਿਹਾ ਕਿ ਡਿਮੋਲਿਸ਼ਨ ਮੁਹਿੰਮ ਤੋਂ ਇਲਾਵਾ ਲੁਧਿਆਣਾ ਜ਼ਿਲ੍ਹੇ ’ਚ ਗ਼ੈਰ-ਕਾਨੂੰਨੀ ਡਿਵੈਲਪਮੈਂਟ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਅਤੇ ਕਾਨੂੰਨੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਜਾਵੇਗੀ।