ਸਰਵੇ ਫਾਰਮਾਂ ’ਚ ਹਿੰਦੀ ਤੇ ਅੰਗਰੇਜ਼ੀ ਨੂੰ ਤਰਜੀਹ ਦੇਣੀ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਧੋਖਾ : ਸੋਖੀ
ਸਰਵੇ ਫਾਰਮਾਂ ਵਿੱਚ ਮਾਂ ਬੋਲੀ ਨੂੰ ਅਣਦੇਖਿਆ ਕਰਕੇ ਹਿੰਦੀ ਤੇ ਅੰਗਰੇਜ਼ੀ ਨੂੰ ਤਰਜੀਹ ਦੇਣੀ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਧੋਖਾ-ਸੋਖੀ
Publish Date: Wed, 18 Feb 2026 07:39 PM (IST)
Updated Date: Thu, 19 Feb 2026 04:10 AM (IST)

- ਕਿਹਾ, ਬਾਕੀ ਵਾਅਦਿਆਂ ਦੀ ਤਰ੍ਹਾਂ ਮਾਂ ਬੋਲੀ ਨੂੰ ਲਾਜ਼ਮੀ ਕਰਨ ਦੇ ਦਾਅਵੇ ਵੀ ਖੋਖਲੇ ਸਾਬਤ ਹੋਏ ਫੋਟੋ ਨੰਬਰ-21 ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਜਨਰਲ ਸਕੱਤਰ ਅਤੇ ਹਲਕਾ ਆਤਮ ਨਗਰ ਦੇ ਇੰਚਾਰਜ ਜਗਬੀਰ ਸਿੰਘ ਸੋਖੀ ਨੇ ਆਮ ਆਦਮੀ ਪਾਰਟੀ ਦੇ ਸਰਵੇ ਫਾਰਮ ਦਿਖਾਉਂਦੇ ਹੋਏ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਲਾਜ਼ਮੀ ਕਰਨ ਦੇ ਦਾਅਵੇ ਕਰਨ ਵਾਲੀ ਆਪ ਸਰਕਾਰ ਵੱਲੋਂ ਆਪਣੇ ਹੀ ਸਰਵੇ ਫਾਰਮ ਪੰਜਾਬੀ ਭਾਸ਼ਾ ਦੀ ਬਜਾਏ ਹਿੰਦੀ ਅਤੇ ਅੰਗਰੇਜ਼ੀ ਵਿੱਚ ਛਾਪਣੇ ਬਹੁਤ ਹੀ ਨਿੰਦਣ ਯੋਗ ਹੈ। ਜੋ ਕਿ ਆਪ ਸਰਕਾਰ ਦੀ ਕਹਿਣੀ ਅਤੇ ਕਥਨੀ ਦੇ ਵਿੱਚ ਵੱਡੇ ਫਰਕ ਦਾ ਸਬੂਤ ਵੀ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਸਰਵੇ ਫਾਰਮਾਂ ਵਿੱਚ ਪੰਜਾਬੀ ਨੂੰ ਅਣਦੇਖਿਆ ਕਰਕੇ ਹਿੰਦੀ ਅਤੇ ਅੰਗਰੇਜ਼ੀ ਨੂੰ ਤਰਜੀਹ ਦਿੱਤੀ ਗਈ ਹੈ, ਜੋ ਪੰਜਾਬੀਆਂ ਦੀ ਭਾਵਨਾਵਾਂ ਨਾਲ ਧੋਖਾ ਹੈ।ਕਿਉਂਕਿ ਆਪ ਸਰਕਾਰ ਵੱਲੋਂ ਪੰਜਾਬੀ ਨੂੰ ਹਰ ਵਿਭਾਗ ਵਿੱਚ ਲਾਜ਼ਮੀ ਬਣਾਉਣ ਦੇ ਵਾਅਦੇ ਕੀਤੇ ਗਏ ਸਨ। ਪਰ ਹਕੀਕਤ ਵਿੱਚ ਜਦੋਂ ਸਰਕਾਰੀ ਫਾਰਮਾਂ ਵਿੱਚ ਪੰਜਾਬੀ ਦੀ ਥਾਂ ਹਿੰਦੀ ਅਤੇ ਅੰਗਰੇਜ਼ੀ ਨੂੰ ਅੱਗੇ ਰੱਖਿਆ ਜਾਂਦਾ ਹੈ, ਤਾਂ ਇਹ ਸਰਕਾਰ ਦੀ ਨੀਅਤ ‘ਤੇ ਸਵਾਲ ਖੜੇ ਕਰਦਾ ਹੈ। ਉਨਾਂ ਕਿਹਾ ਕਿ ਪੰਜਾਬੀਆਂ ਦੀ ਮਾਂ-ਬੋਲੀ ਨੂੰ ਨਜ਼ਰ ਅੰਦਾਜ਼ ਕਰਨਾ ਸੂਬੇ ਦੀ ਸੱਭਿਆਚਾਰਕ ਪਹਿਚਾਣ ਨੂੰ ਕਮਜ਼ੋਰ ਕਰਨ ਦੇ ਬਰਾਬਰ ਹੈ। ਉਨ੍ਹਾਂ ਸਰਕਾਰ ਤੋਂ ਸਪੱਸ਼ਟੀਕਰਨ ਮੰਗਦਿਆਂ ਕਿਹਾ ਕਿ ਪੰਜਾਬੀ ਮਾਂ ਬੋਲੀ ਨੂੰ ਲਾਜਮੀ ਕਰਨ ਦੇ ਫੋਕੇ ਦਾਅਵੇ ਕਰਨ ਵਾਲੇ ਮਾਨ ਸਰਕਾਰ ਦੇ ਆਪਣੇ ਸਰਵੇ ਫਾਰਮਾਂ ਵਿੱਚ ਇਸ ਦੀ ਪ੍ਰਮੁੱਖਤਾ ਕਿਉਂ ਨਹੀਂ ਦਿਖਾਈ ਦਿੱਤੀ। ਸੋਖੀ ਨੇ ਕਿਹਾ ਕਿ ਆਪ ਸਰਕਾਰ ਨੇ ਸੱਤਾ ਸੰਭਾਲਣ ਤੋਂ ਬਾਅਦ ਹੀ ਕੰਮ ਕਰਨ ਦੀ ਬਜਾਏ ਹੁਣ ਤੱਕ ਵਾਅਦਿਆਂ ਨੂੰ ਵੱਧ ਤਰਜੀਹ ਦਿੱਤੀ ਹੈ ਅਤੇ ਇਸੇ ਤਰ੍ਹਾਂ ਪੰਜਾਬੀ ਮਾਂ ਬੋਲੀ ਨੂੰ ਲਾਜਮੀ ਕਰਨ ਦੇ ਦਾਅਵੇ ਅਤੇ ਵਾਅਦੇ ਵੀ ਖੋਖਲੇ ਸਾਬਤ ਨਜ਼ਰ ਆ ਰਹੇ ਹਨ। ਕਿਉਂਕਿ ਇੱਕ ਪਾਸੇ ਸਰਕਾਰ ਵੱਲੋਂ ਦੁਕਾਨਦਾਰਾਂ ਨੂੰ ਪੰਜਾਬੀ ਭਾਸ਼ਾ ਨੂੰ ਤਰਜੀਹ ਦੇਣ ਦੇ ਫਰਮਾਨ ਜਾਰੀ ਕੀਤੇ ਗਏ ਸਨ ਤੇ ਦੂਸਰੇ ਪਾਸੇ ਖੁਦ ਸਰਕਾਰ ਦੇ ਵੱਲੋਂ ਹੀ ਪੰਜਾਬੀ ਭਾਸ਼ਾ ਦੀ ਪੂਰੀ ਤਰਾਂ ਨਾਲ ਕੀਤੀ ਗਈ ਅਣਦੇਖੀ, ਜਿੱਥੇ ਪੰਜਾਬ, ਪੰਜਾਬੀਅਤ ਅਤੇ ਪੰਜਾਬੀਆਂ ਦੀ ਮਾਂ ਬੋਲੀ ਪ੍ਰਤੀ ਸਰਕਾਰ ਦੀ ਨੀਅਤ ਨੂੰ ਉਜਾਗਰ ਕਰਦੀ ਹੈ, ਉੱਥੇ ਹੀ ਕੇਜਰੀਵਾਲ ਦੇ ਹੱਥਾਂ ਦੀ ਕਠਪੁਤਲੀ ਬਣੀ ਮਾਨ ਸਰਕਾਰ ਦੇ ਦਾਅਵਿਆਂ ਨੂੰ ਹੋਰ ਮਜਬੂਤ ਕਰਦੀ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਸਰਕਲ ਪ੍ਰਧਾਨ ਪ੍ਰਵੀਨ ਭਾਰਤੀ, ਜਤਿੰਦਰ ਸਿੰਘ ਖਾਲਸਾ ਵੀ ਹਾਜ਼ਰ ਸਨ।