‘ਮੈਨੂੰ ਮੇਰਾ ਪੁੱਤ ਮੋੜ ਦਿਓ, ਧਾਹਾਂ ਮਾਰ ਰੋਈ ਮਾਂ ਦਾ ਦਰਦ ਛਲਕਿਆ’ ਕਬੱਡੀ ਖਿਡਾਰੀ ਦੇ ਸਸਕਾਰ ਮੌਕੇ ਮਾਂ ਦੇ ਵੈਣਾਂ ਨੇ ਹਰ ਅੱਖ ਕੀਤੀ ਨਮ
ਵਿਧਾਇਕਾ ਦੇ ਪਿੰਡ ਮਾਣੂੰਕੇ ਵਿਖੇ ਸਾਬਕਾ ਕਬੱਡੀ ਖਿਡਾਰੀ ਦੇ ਸਸਕਾਰ ਮੌਕੇ ਧਾਹਾਂ ਮਾਰਦੀ ਮਾਂ ਦੀ ਦਰਦਨਾਕ ਪੁਕਾਰ ‘ਮੈਨੂੰ ਮੇਰਾ ਪੁੱਤ ਮੋੜ ਦਿਓ’ ਨੇ ਸਾਰਿਆਂ ਨੂੰ ਗ਼ਮਗੀਨ ਕਰ ਦਿੱਤਾ। ਇਸ ਦੇ ਨਾਲ ਹੀ ਸਾਬਕਾ ਕਬੱਡੀ ਖਿਡਾਰੀ ਗਗਨਦੀਪ ਦੇ ਸਸਕਾਰ ਮੌਕੇ ਪੁੱਜਾ ਵੱਡਾ ਇਕੱਠ ਪੰਜਾਬ ’ਚ ਵਿਗੜੇ ਹਾਲਾਤ ਨੂੰ ਲੈ ਕੇ ਚਿੰਤਤ ਸੀ, ਉਥੇ ਇਸ ਦੌਰਾਨ ਮਾਂ ਦਾ ਵਿਰਲਾਪ, ਪਤਨੀ ਦਾ ਦਰਦ ਤੇ ਪੁੱਤ ਦੀ ਮਾਸੂਮੀਅਤ ’ਤੇ ਹਰ ਅੱਖ ਰੋ ਪਈ।
Publish Date: Thu, 08 Jan 2026 12:07 PM (IST)
Updated Date: Thu, 08 Jan 2026 12:11 PM (IST)
ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ। ਵਿਧਾਇਕਾ ਦੇ ਪਿੰਡ ਮਾਣੂੰਕੇ ਵਿਖੇ ਸਾਬਕਾ ਕਬੱਡੀ ਖਿਡਾਰੀ ਦੇ ਸਸਕਾਰ ਮੌਕੇ ਧਾਹਾਂ ਮਾਰਦੀ ਮਾਂ ਦੀ ਦਰਦਨਾਕ ਪੁਕਾਰ ‘ਮੈਨੂੰ ਮੇਰਾ ਪੁੱਤ ਮੋੜ ਦਿਓ’ ਨੇ ਸਾਰਿਆਂ ਨੂੰ ਗ਼ਮਗੀਨ ਕਰ ਦਿੱਤਾ। ਇਸ ਦੇ ਨਾਲ ਹੀ ਸਾਬਕਾ ਕਬੱਡੀ ਖਿਡਾਰੀ ਗਗਨਦੀਪ ਦੇ ਸਸਕਾਰ ਮੌਕੇ ਪੁੱਜਾ ਵੱਡਾ ਇਕੱਠ ਪੰਜਾਬ ’ਚ ਵਿਗੜੇ ਹਾਲਾਤ ਨੂੰ ਲੈ ਕੇ ਚਿੰਤਤ ਸੀ, ਉਥੇ ਇਸ ਦੌਰਾਨ ਮਾਂ ਦਾ ਵਿਰਲਾਪ, ਪਤਨੀ ਦਾ ਦਰਦ ਤੇ ਪੁੱਤ ਦੀ ਮਾਸੂਮੀਅਤ ’ਤੇ ਹਰ ਅੱਖ ਰੋ ਪਈ।
ਇਕੱਠ ’ਚ ਗੁੰਮਸੁਮ ਤੇ ਹੈਰਾਨ ਢਾਈ ਸਾਲਾ ਪੁੱਤ ਸਿਮਰਜੀਤ ਸਿੰਘ ਨੇ ਆਪਣੇ ਪਿਤਾ ਦੀ ਚਿਖਾ ਨੂੰ ਅਗਨੀ ਵਿਖਾਈ ਤਾਂ ਵਿਰਲਾਪ ਨਾਲ ਇਲਾਕਾ ਗੁੰਜ ਉਠਿਆ। ਜ਼ਿਕਰਯੋਗ ਹੈ ਕਿ ਬੀਤੀ 5 ਜਨਵਰੀ ਨੂੰ ਪਿੰਡ ਮਾਣੂੰਕੇ ਦੀ ਗਰਾਊਂਡ ਨੇੜੇ ਗਗਨਦੀਪ ਸਿੰਘ ਨੂੰ ਵਿਰੋਧੀ ਧਿਰ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ। ਬੁੱਧਵਾਰ ਗਗਨਦੀਪ ਸਿੰਘ ਦੇ ਸਸਕਾਰ ਮੌਕੇ ਪਰਿਵਾਰ ਦਾ ਵਿਰਲਾਪ ਵੇਖਿਆ ਨਹੀਂ ਜਾ ਰਿਹਾ ਸੀ।
ਧਾਹਾਂ ਮਾਰ ਰੋਂਦੀ ਮਾਂ ਜਿੱਥੇ ਸਰਵਨ ਪੁੱਤ ਨੂੰ ਮੋੜਨ ਦੀ ਦੁਹਾਈ ਦੇ ਰਹੀ ਸੀ, ਉਥੇ ਦੋ ਦਿਨ ਤੋਂ ਰੋ-ਰੋ ਅੱਥਰੂ ਮੁਕਾ ਬੈਠੀ ਪਤਨੀ ਲਵਦੀਪ ਕੌਰ ਪਤੀ ਦੇ ਵਿਛੋੜੇ ਦੇ ਨਾਲ-ਨਾਲ ਤਿੰਨ ਬੱਚਿਆਂ ਦੇ ਸਿਰ ਤੋਂ ਪਿਤਾ ਦਾ ਸਾਇਆ ਉਠ ਜਾਣ ’ਤੇ ਉਨ੍ਹਾਂ ਦੇ ਭਵਿੱਖ ਨੂੰ ਲੈ ਕੇ ਚਿੰਤਾ ਦੀਆਂ ਲਕੀਰਾਂ ਮੱਥੇ ’ਤੇ ਸਾਫ ਝਲਕ ਰਹੀਆਂ ਸਨ, ਉਹ ਗੁੰਮਸੁਮ ਬੈਠੀ ਸੋਚਾਂ ’ਚ ਡੁੱਬੀ ਹੋਈ ਸੀ। ਗਗਨਦੀਪ ਦੀਆਂ ਧੀਆਂ ਤੇ ਪੁੱਤ ਛੋਟੀ ਉਮਰ ਵਿਚ ਹੀ ਪਿਤਾ ਦੇ ਵਿਛੋੜੇ ਤੋਂ ਅਣਜਾਣ ਗੁੰਮਸੁਮ ਹੋਏ ਕੀ ਹੋ ਰਿਹਾ ਹੈ, ਦੇਖ ਦੇਖ ਹੈਰਾਨ ਸਨ।
ਇੰਨਾ ਵੱਡਾ ਇਕੱਠ, ਰੋ ਰਿਹਾ ਪਰਿਵਾਰ ਉਨ੍ਹਾਂ ਦੀ ਸਮਝ ਤੋਂ ਪਰੇ ਸੀ। ਅਜਿਹੇ ’ਚ ਪਿੰਡ ਦੀਆਂ ਔਰਤਾਂ, ਆਂਢ ਗੁਆਂਢ ਤੇ ਦਰਦ ਵੰਡਾਉਣ ਪੁੱਜੇ ਲੋਕ ਇਸ ਸਾਰੇ ਦ੍ਰਿਸ਼ ਨੂੰ ਦੇਖ ਕੇ ਭਾਵੁਕ ਹੋਏ ਆਪਣੀ ਅੱਖਾਂ ਦੇ ਅੱਥਰੂ ਨਾ ਰੋਕ ਸਕੇ।