ਖਹਿਰਾ ਬੇਟ ’ਚ ਰੇਤ ਮਾਈਨਿੰਗ ਖ਼ਿਲਾਫ਼ ਇਕੱਠ ਨੇ ਮਾਫੀਆ ਨੂੰ ਲਲਕਾਰਿਆ
ਖਹਿਰਾ ਬੇਟ ’ਚ ਰੇਤ ਮਾਈਨਿੰਗ ਖ਼ਿਲਾਫ਼ ਇਕੱਠ ਨੇ ਮਾਫੀਆ ਨੂੰ ਲਲਕਾਰਿਆ
Publish Date: Sun, 15 Feb 2026 07:22 PM (IST)
Updated Date: Mon, 16 Feb 2026 04:12 AM (IST)

‘ਪਿੰਡ ਬਚਾਓ ਹੋਂਦ ਬਚਾਓ’ ਧਰਨਾ 11ਵੇਂ ਦਿਨ ’ਚ ਸ਼ਾਮਲ -ਜ਼ਿਲ੍ਹਾ ਪ੍ਰਸ਼ਾਸਨ ਦਾ ਰੇਤ ਮਾਫ਼ੀਆ ਨੂੰ ਥਾਪੜੇ ਖ਼ਿਲਾਫ਼ ਨਾਅਰੇਬਾਜ਼ੀ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਬੇਟ ਇਲਾਕੇ ਦੇ ਪਿੰਡ ਖਹਿਰਾ ਬੇਟ ’ਚ ਸਤਲੁਜ ਦਰਿਆ ’ਚੋਂ ਨਜਾਇਜ ਮਾਈਨਿੰਗ ਖ਼ਿਲਾਫ਼ ਅਣਮਿੱਥੇ ਸਮੇਂ ਲਈ ਪਿੰਡ ਵਾਸੀਆਂ ਦਾ ਧਰਨਾ ਅੱਜ 11ਵੇਂ ਦਿਨ ’ਚ ਸ਼ਾਮਲ ਹੋਇਆ। ਅੱਜ ਦੇ ਧਰਨੇ ਵਿਚ ਵੱਡੇ ਇਕੱਠ ਨੇ ਰੇਤ ਮਾਫੀਆ ਨੂੰ ਲਲਕਾਰਦਿਆਂ ਆਰ ਪਾਰ ਦੀ ਲੜਾਈ ਲੜਨ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਨਾਜਾਇਜ਼ ਮਾਈਨਿੰਗ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡੀਸੈਲਟਿਗ ਕਹਿਣ ’ਤੇ ਨਿੰਦਾ ਕਰਦਿਆਂ ਇਸ ਨੂੰ ਰੇਤ ਮਾਫੀਆ ਦੀ ਸਰਪ੍ਰਸਤੀ ਕਰਨਾ ਕਰਾਰ ਦਿੰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਸਤਲੁਜ ਦਰਿਆ ’ਚ ਥਾਂ ਥਾਂ ਸ਼ਰੇਆਮ ਧੜੱਲੇ ਨਾਲ ਰੇਤ ਮਾਫੀਆ ਨਾਜਾਇਜ ਮਾਈਨਿੰਗ ਕਰ ਰਿਹਾ ਹੈ। ਇਸ ਨੂੰ ਰੋਕਣ ਦੀ ਥਾਂ ਸਰਕਾਰੀ ਸਰਪ੍ਰਸਤੀ ਹੇਠ ਜ਼ਿਲ੍ਹਾ ਪ੍ਰਸ਼ਾਸਨ ਸਾਥ ਦੇ ਰਿਹਾ ਹੈ ਪਰ ਇਨ੍ਹਾਂ ਦੀ ਇਸ ਗਲਵਕੜੀ ਨੇ ਪਿੰਡਾਂ ਦੇ ਪਿੰਡ ਖ਼ਤਰੇ ਵਿਚ ਪਾ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਸਤਲੁਜ ਦਰਿਆ ਦਾ ਵਹਾਅ ਪਿੰਡ ਵਲੀਪੁਰ ਵੱਲ ਨੂੰ ਹੈ। ਨਾਜਾਇਜ ਮਾਈਨਿੰਗ ਨਾ ਰੋਕੀ ਜਾਂਦੀ ਤਾਂ ਪਾਣੀ ਦੇ ਸਿੱਧੇ ਵਹਾਅ ਕਾਰਨ ਬੰਨ੍ਹ ਨੂੰ ਖ਼ਤਰਾ ਸੀ। ਅਜਿਹੇ ਵਿਚ ਉਨ੍ਹਾਂ ਦਾ ਇਕੱਲਾ ਪਿੰਡ ਨਹੀਂ, ਬਲਕਿ ਹੰਬੜਾਂ ਤਕ ਦਰਜਨਾਂ ਪਿੰਡ ਖ਼ਤਰੇ ਵਿਚ ਸਨ। ਹੁਣ ਵੀ ਇਹ ਖ਼ਤਰਾ ਟਲਿਆ ਨਹੀਂ, ਲੋਕਾਂ ਦੇ ਸੰਘਰਸ਼ ਨੇ ਟਾਲਿਆ ਹੈ। ਇਕੱਠ ਨੂੰ ਸੰਬੋਧਨ ਕਰਦਿਆਂ ਸ਼ਹੀਦ ਭਗਤ ਸਿੰਘ ਕਲੱਬ ਦੇ ਪ੍ਰਧਾਨ ਅਤੇ ਕੌਂਸਲਰ ਐਡਵੋਕੇਟ ਰਵਿੰਦਰਪਾਲ ਰਾਜੂ ਨੇ ਕਿਹਾ ਕਿ ਸਰਕਾਰੀ ਸਰਪ੍ਰਸਤੀ ਹੇਠ ਰੇਤ ਮਾਫੀਆ 176 ਕਿੱਲੇ ਵਿਚ ਨਾਜਾਇਜ ਮਾਈਨਿੰਗ ਲਈ ਮਸ਼ੀਨਰੀ ਲਈ ਬੈਠਾ ਹੈ, ਜਿਸ ਨੇ 100 ਕਰੋੜ ਦਾ ਰੇਤਾ ਕੱਢਣਾ ਹੈ। ਪਰ ਇਸ ਦੇ ਨਾਲ ਹਕੀਕਤ ਇਹ ਵੀ ਹੈ ਕਿ ਰੁਪਇਆਂ ਦੇ ਇਨ੍ਹਾਂ ਭੁੱਖਿਆਂ ਦੀ ਭੁੱਖ ਨਹੀਂ ਮਿਟਣੀ ਪਰ ਨਾਜਾਇਜ ਮਾਈਨਿੰਗ ਕਾਰਨ ਪਿੰਡਾਂ ਦੇ ਪਿੰਡ ਰੁੜ੍ਹ ਜਾਣਗੇ। ਇਸੇ ਲਈ ਖਹਿਰਾ ਬੇਟ ਵਿਚ 11 ਦਿਨ ਤੋਂ ਅਣਮਿੱਥੇ ਸਮੇਂ ਲਈ ਇਹ ਧਰਨਾ ਚੱਲ ਰਿਹਾ ਹੈ ਅਤੇ ਸੰਘਰਸ਼ ਦੀ ਜਿੱਤ ਤਕ ਇਹ ਆਰ ਪਾਰ ਦੀ ਲੜਾਈ ਇਸੇ ਤਰ੍ਹਾਂ ਜਾਰੀ ਤੇ ਤਿੱਖੀ ਕੀਤੀ ਜਾਵੇਗੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਖੋਸਾ, ਹਰਦੀਪ ਸਿੰਘ ਲੱਕੀ, ਚਮਕੌਰ ਸਿੰਘ ਗੋਰਾ, ਚਰਨਜੀਤ ਸਿੰਘ ਬਾਸੀ, ਅਮਨਦੀਪ ਸਿੰਘ ਘੋਨਾ, ਲਖਵੀਰ ਸ਼ਰਮਾ, ਬਲਰਾਜ ਸਿੰਘ ਕੋਟਉਮਰਾ, ਕੁਲਵੰਤ ਸਿੰਘ, ਐਡਵੋਕੇਟ ਗੁਰਦੇਵ ਸਿੰਘ, ਸਰਪੰਚ ਅੰਗਰੇਜ ਸਿੰਘ, ਰਣਜੋਧ ਸਿੰਘ ਜੱਗਾ, ਰਾਜੂ ਸਿੰਘ ਰਜਾਪੁਰ, ਕੁਲਵੰਤ ਸਿੰਘ ਆਦਿ ਹਾਜ਼ਰ ਸਨ।