ਗੈਸ ਏਜੰਸੀਆਂ ਨੇ ਬੁਕਿੰਗ ਫ਼ੋਨ ਕੀਤੇ ਬੰਦ, ਲੋਕਾਂ ’ਚ ਮਚੀ ਹਾਹਾਕਾਰ
ਗੈਸ ਏਜੰਸੀਆਂ ਨੇ ਬੁਕਿੰਗ ਫ਼ੋਨ ਕੀਤੇ ਬੰਦ,ਲੋਕਾਂ ਵਿੱਚ ਮੱਚੀ ਹਾਹਾਕਾਰ
Publish Date: Fri, 13 Mar 2026 06:31 PM (IST)
Updated Date: Fri, 13 Mar 2026 06:33 PM (IST)

- ਇੰਡਕਸ਼ਨ ਚੁੱਲ੍ਹੇ ਖ਼ਰੀਦਣ ਲਈ ਲੋਕ ਹੋਏ ਮਜਬੂਰ ਸੁਖਦੇਵ ਸਲੇਮਪਰੀ, ਪੰਜਾਬੀ ਜਾਗਰਣ ਲੁਧਿਆਣਾ : ਇਰਾਨ-ਅਮਰੀਕਾ/ਇਜਰਾਈਲ ਜੰਗ ਦਾ ਅਸਰ ਭਾਰਤ ਦੀਆਂ ਸੁਆਣੀਆਂ ਦੇ ਚੁੱਲ੍ਹਿਆਂ ਉੱਪਰ ਆ ਕੇ ਦਿਖਾਈ ਦੇਣ ਲੱਗ ਪਿਆ ਹੈ ਅਤੇ ਲੋਕਾਂ ਵਿੱਚ ਹਾਹਾਕਾਰ ਮੱਚ ਗਈ ਹੈ। ਲਾਢੋਵਾਲ ਅਤੇ ਹੰਬੜਾਂ ਇਲਾਕੇ ਵਿੱਚ ਲੋਕਾਂ ਦੇ ਘਰਾਂ ਦੀਆਂ ਰਸੋਈਆਂ ਵਿੱਚ ਕੁਕਿੰਗ ਗੈਸ ਦੇ ਸਿਲੰਡਰ ਖਾਲੀ ਪਏ ਹਨ, ਜਿਸ ਕਰ ਕੇ ਖਾਣਾ ਬਣਾਉਣ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੱਖ ਵੱਖ-ਵੱਖ ਗੈਸ ਕੰਪਨੀਆਂ ਵੱਲੋਂ ਆਪਣੇ ਗਾਹਕਾਂ ਨੂੰ ਜਿਹੜੇ ਮੋਬਾਈਲ ਫ਼ੋਨ ਨੰਬਰ ਦਿੱਤੇ ਗਏ ਹਨ, ਸਾਰੇ ਹੀ ਬੰਦ ਪਏ ਹਨ, ਜਿਸ ਕਰ ਕੇ ਗੈਸ ਬੁੱਕ ਨਹੀਂ ਹੋ ਰਹੀ। ਜਸਪਾਲ ਸਿੰਘ ਜੱਸਾ ਨੂਰਪੁਰ ਬੇਟ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗਾਹਕਾਂ ਤੱਕ ਗੈਸ ਦੀ ਸਪਲਾਈ ਬਿਨਾਂ ਕਿਸੇ ਰੁਕਾਵਟ ਤੋਂ ਨਿਰਵਿਘਨ ਪਹੁੰਚਾਉਣ ਲਈ ਭਾਵੇਂ ਵੱਖ-ਵੱਖ ਅਧਿਕਾਰੀਆਂ ਦੀ ਇੱਕ ਕਮੇਟੀ ਗਠਿਤ ਕੀਤੀ ਗਈ ਹੈ, ਪਰ ਫਿਰ ਵੀ ਲੋਕਾਂ ਨੂੰ ਗੈਸ ਨਹੀਂ ਮਿਲ ਰਹੀ। ਇਸੇ ਤਰ੍ਹਾਂ ਹੀ ਚਰਨਦਾਸ ਤਲਵੰਡੀ ਅਤੇ ਸਮਾਜ ਸੇਵਕ ਡਾ. ਅਰੁਣ ਸਿੱਧੂ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਹਿਮਾਸ਼ੂੰ ਜੈਨ ਵੱਲੋਂ ਇਹ ਆਖਿਆ ਜਾ ਰਿਹਾ ਹੈ ਕਿ ਗੈਸ ਅਤੇ ਤੇਲ ਏਜੰਸੀਆਂ ਕੋਲ ਗੈਸ/ਤੇਲ ਦੀ ਕੋਈ ਕਮੀ ਨਹੀਂ ਹੈ, ਜਦਕਿ ਗਲਤ ਅਨਸਰਾਂ ਵੱਲੋਂ ਇਹ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਗੈਸ ਨਹੀਂ ਮਿਲ ਰਹੀ ਅਤੇ ਲੋਕਾਂ ਨੂੰ ਨਿਰਵਿਘਨ ਗੈਸ ਦੀ ਸਪਲਾਈ ਕਰਨ ਲਈ ਡਿਪਟੀ ਕਮਿਸ਼ਨਰ ਵੱਲੋਂ ਗੈਸ ਏਜੰਸੀਆਂ ਦੇ ਪ੍ਰਬੰਧਕਾਂ ਨਾਲ ਮੀਟਿੰਗ ਕਰ ਕੇ ਆਦੇਸ਼ ਦਿੱਤੇ ਗਏ ਹਨ ਕਿ ਸੁਚਾਰੂ ਅਤੇ ਬਿਨਾਂ ਪੱਖਪਾਤ ਤੋਂ ਗੈਸ ਦੀ ਸਪਲਾਈ ਯਕੀਨੀ ਬਣਾਈ ਜਾਵੇ, ਪਰ ਫਿਰ ਵੀ ਲੋਕਾਂ ਨੂੰ ਗੈਸ ਨਹੀ ਮਿਲ ਰਹੀ, ਕਿਉਂਕਿ ਸਾਰੀਆਂ ਗੈਸ ਏਜੰਸੀਆਂ ਵੱਲੋਂ ਗੈਸ ਬੁਕਿੰਗ ਲਈ ਦਿੱਤੇ ਟੈਲੀਫ਼ੋਨ/ਮੋਬਾਈਲ ਫੋਨ ਨੰਬਰ ਬੰਦ ਕਰ ਦਿੱਤੇ ਗਏ ਹਨ, ਇਸ ਤਰ੍ਹਾਂ ਹੀ ਇਲਾਕੇ ਦੇ ਲੋਕਾਂ ਨੇ ਕਿਹਾ ਕਿ ਜੇਕਰ ਸਰਕਾਰ ਕੋਲ ਗੈਸ ਦੀ ਕਮੀ ਨਹੀਂ ਹੈ ਤਾਂ ਫਿਰ ਗੈਸ ਦੀ ਸਪਲਾਈ ਕਿਉਂ ਰੋਕੀ ਗਈ ਹੈ। ਗੈਸ ਉਪਭੋਗਤਾ ਸੁਆਣੀ ਤੇਜ਼ੀ ਸੰਧੂ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਇਹ ਕਹਿ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ ਕਿ ਕੁਕਿੰਗ ਗੈਸ ਦੀ ਕੋਈ ਸਮੱਸਿਆ ਨਹੀਂ ਹੈ, ਪਰ ਉਪਭੋਗਤਾਵਾਂ ਨੂੰ ਗੈਸ ਲੈਣ ਲਈ ਕਤਾਰਾਂ ਵਿੱਚ ਖੜ੍ਹੇ ਹੋ ਕੇ ਧੱਕੇ ਖਾਣੇ ਪੈ ਰਹੇ ਹਨ। ਇਸ ਮੌਕੇ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪਹਿਲਾਂ ਤਾਂ ਗੈਸ ਕੰਪਨੀਆਂ ਵੱਲੋਂ ਬੰਦ ਕੀਤੇ ਟੈਲੀਫ਼ੋਨ/ਮੋਬਾਈਲ ਫੋਨ ਨੰਬਰ ਖੁੱਲ੍ਹਵਾਏ ਜਾਣ ਤਾਂ ਜੋ ਉਪਭੋਗਤਾ ਗੈਸ ਬੁੱਕ ਕਰਵਾ ਸਕਣ ਜਦਕਿ ਦੂਜਾ ਡਲਿਵਰੀ ਵਾਲਾ ਪੋਰਟਲ ਜੋ ਪਿਛਲੇ ਕਈ ਦਿਨਾਂ ਤੋਂ ਬੰਦ ਪਿਆ ਹੈ, ਖੁਲਵਾਇਆ ਜਾਵੇ ਤਾਂ ਜੋ ਲੋਕਾਂ ਦੀ ਰੋਟੀ ਪੱਕਦੀ ਹੋ ਜਾਵੇ। ਉਨ੍ਹਾਂ ਕਿਹਾ ਕਿ ਗੈਸ ਦੀ ਸਪਲਾਈ ਬੰਦ ਹੋਣ ਕਾਰਨ ਲੋਕ ਇੰਡਕਸ਼ਨ ਚੁੱਲ੍ਹੇ ਖ਼ਰੀਦਣ ਲਈ ਮਜਬੂਰ ਹੋ ਰਹੇ ਹਨ, ਜੋ ਲੋਕਾਂ ਦੀ ਜੇਬ ਉੱਪਰ ਵਾਧੂ ਬੋਝ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇੰਡਕਸ਼ਨ ਚੁੱਲ੍ਹੇ ਵੀ ਬਿਜਲੀ ਨਾਲ ਚੱਲਣਗੇ ਪਰ ਬਿਜਲੀ ਦੇ ਲੱਗ ਰਹੇ ਕੱਟਾਂ ਨੇ ਲੋਕਾਂ ਨੂੰ ਪਹਿਲਾਂ ਹੀ ਪ੍ਰੇਸ਼ਾਨੀ ਦਿੱਤੀ ਹੋਈ ਹੈ। ਉਨ੍ਹਾਂ ਕਿਹਾ ਕਿ ਜੇਕਰ ਗ਼ਰੀਬ ਪਰਿਵਾਰ ਇੰਡਕਸ਼ਨ ਚੁੱਲ੍ਹੇ ਦੀ ਵਰਤੋਂ ਕਰਨਗੇ ਤਾਂ ਉਨ੍ਹਾਂ ਨੂੰ ਬਿਜਲੀ ਦਾ ਬਿੱਲ ਦੇਣਾ ਪਵੇਗਾ, ਜਿਸ ਦੀ ਅਦਾਇਗੀ ਨਹੀਂ ਕਰ ਸਕਣਗੇ, ਇਸ ਲਈ ਗੈਸ ਦੀ ਸਪਲਾਈ ਕਰਵਾਈ ਜਾਵੇ।