ਜੂਡੋ ਖਿਡਾਰੀ ਕੋਲੋਂ ਦਾਤਰਾਂ ਦੀ ਨੋਕ ’ਤੇ ਬਾਈਕ ਲੁੱਟਣ ਵਾਲਾ ਗਿਰੋਹ ਬੇਨਕਾਬ
ਜੂਡੋ ਖਿਡਾਰੀ ਕੋਲੋਂ ਦਾਤਰਾਂ ਦੀ ਨੋਕ 'ਤੇ ਮੋਟਰਸਾਈਕਲ ਲੁੱਟਣ ਵਾਲਾ ਗਿਰੋਹ ਬੇਨਕਾਬ
Publish Date: Wed, 10 Jun 2026 07:16 PM (IST)
Updated Date: Wed, 10 Jun 2026 07:17 PM (IST)

-ਸੀਸੀਟੀਵੀ ਤੇ ਤਕਨੀਕੀ ਜਾਂਚ ਦੀ ਮਦਦ ਨਾਲ ਤਿੰਨ ਮੁਲਜ਼ਮ ਕਾਬੂ, ਲੁੱਟਿਆ ਬਾਈਕ ਤੇ ਹਥਿਆਰ ਬਰਾਮਦ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਦੇਰ ਰਾਤ ਦਾਤਰਾਂ ਦੀ ਨੋਕ ਤੇ ਜੂਡੋ ਖਿਡਾਰੀ ਦਾ ਮੋਟਰਸਾਈਕਲ ਲੁੱਟਣ ਦੀ ਸੰਨਸਨੀਖੇਜ਼ ਵਾਰਦਾਤ ਨੂੰ ਲੁਧਿਆਣਾ ਪੁਲਿਸ ਨੇ ਸੁਲਝਾ ਲਿਆ ਹੈ। ਕੁਝ ਦਿਨ ਪਹਿਲਾਂ ਦੇਰ ਰਾਤ ਰੱਖਬਾਗ ਦੀ ਪਾਰਕਿੰਗ ਨੇੜੇ ਆਪਣੇ ਦੋਸਤ ਨੂੰ ਹਸਪਤਾਲ ਲਿਜਾ ਰਹੇ ਜੂਡੋ ਖਿਡਾਰੀ ਨੂੰ ਨਿਸ਼ਾਨਾ ਬਣਾਉਣ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ’ਚੋਂ ਲੁੱਟਿਆ ਗਿਆ ਮੋਟਰਸਾਈਕਲ, ਵਾਰਦਾਤ ਵਿੱਚ ਵਰਤਿਆ ਗਿਆ ਦੂਜਾ ਮੋਟਰਸਾਈਕਲ ਅਤੇ ਦੋ ਦਾਤਰ ਵੀ ਬਰਾਮਦ ਕੀਤੇ ਗਏ ਹਨ, ਜਦਕਿ ਇਕ ਮੁਲਜ਼ਮ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਏਸੀਪੀ ਸਰਬਜੀਤ ਸਿੰਘ ਚੀਮਾ ਅਤੇ ਥਾਣਾ ਡਵੀਜ਼ਨ ਨੰਬਰ-8 ਦੇ ਮੁਖੀ ਅੰਮ੍ਰਿਤਪਾਲ ਸ਼ਰਮਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਰਾਤ ਵੇਲੇ ਬਟਾਲਾ ਦਾ ਵਾਸੀ ਜੂਡੋ ਦਾ ਖਿਡਾਰੀ ਅਮਨ ਸ਼ਰਮਾ ਆਪਣੇ ਦੋਸਤ ਸਾਹਿਬਾਜ਼ ਸਿੰਘ ਨੂੰ ਚੈਕਅਪ ਲਈ ਡੀਐਮਸੀ ਹਸਪਤਾਲ ਲਿਜਾ ਰਿਹਾ ਸੀ। ਜਿਵੇਂ ਹੀ ਉਹ ਰੱਖਬਾਗ ਦੀ ਪਾਰਕਿੰਗ ਨੇੜੇ ਪੁੱਜੇ ਤਾਂ ਦੋ ਮੋਟਰਸਾਈਕਲਾਂ ਤੇ ਸਵਾਰ ਚਾਰ ਨੌਜਵਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ। ਮੁਲਜ਼ਮਾਂ ਨੇ ਦਾਤਰਾਂ ਨਾਲ ਧਮਕਾਉਂਦਿਆਂ ਹਮਲਾ ਕੀਤਾ ਤੇ ਮੌਕੇ ਤੋਂ ਉਸ ਦਾ ਮੋਟਰਸਾਈਕਲ ਖੋਹ ਕੇ ਫ਼ਰਾਰ ਹੋ ਗਏ। ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਥਾਣਾ ਡਵੀਜ਼ਨ ਨੰਬਰ-8 ਦੀ ਪੁਲਿਸ ਨੇ ਤੁਰੰਤ ਕਾਰਵਾਈ ਸ਼ੁਰੂ ਕਰਦੇ ਹੋਏ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ। ਇਸ ਵਾਰਦਾਤ ਨੂੰ ਹੱਲ ਕਰਨ ਲਈ ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ, ਜਿਸ ਤੋਂ ਬਾਅਦ ਪੁਲਿਸ ਦੀਆਂ ਟੀਮਾਂ ਵੱਲੋਂ ਵਾਰਦਾਤ ਵਾਲੀ ਥਾਂ ਦੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕੀਤੀ ਗਈ। ਤਕਨੀਕੀ ਜਾਂਚ ਅਤੇ ਮਨੁੱਖੀ ਸੂਚਨਾ ਤੰਤਰ ਦੀ ਮਦਦ ਨਾਲ ਪੁਲਿਸ ਨੇ ਵਾਰਦਾਤ ਨੂੰ ਟਰੇਸ ਕਰਦਿਆਂ ਕਰਨ ਕੁਮਾਰ ਉਰਫ਼ ਮੋਟਾ, ਤੀਰਥ ਸਿੰਘ, ਅਕਾਸ਼ ਕੁਮਾਰ ਉਰਫ਼ ਇੰਨੂ ਅਤੇ ਰੋਹਨ ਨੂੰ ਗ੍ਰਿਫ਼ਤਾਰ ਕੀਤਾ। ਪੁੱਛਗਿੱਛ ਦੌਰਾਨ ਮੁਲਜ਼ਮਾਂ ਦੀ ਨਿਸ਼ਾਨਦੇਹੀ ਤੇ ਪੁਲਿਸ ਨੇ ਲੁੱਟਿਆ ਗਿਆ ਮੋਟਰਸਾਈਕਲ, ਵਾਰਦਾਤ ਲਈ ਵਰਤਿਆ ਗਿਆ ਮੋਟਰਸਾਈਕਲ ਅਤੇ ਦੋ ਦਾਤਰ ਬਰਾਮਦ ਕੀਤੇ ਹਨ। ਗ੍ਰਿਫ਼ਤਾਰ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਜੋ ਗਿਰੋਹ ਦੇ ਹੋਰ ਅਪਰਾਧਿਕ ਸਬੰਧਾਂ ਬਾਰੇ ਹੋਰ ਜਾਣਕਾਰੀ ਇਕੱਠੀ ਕੀਤੀ ਜਾ ਸਕੇ।