ਕਰੋੜਾਂ ਰੁਪਏ ਦਾ ਲੋਨ ਵਾਪਸ ਨਾ ਕਰ ਕੇ ਬੈਂਕਾਂ ਨਾਲ ਕੀਤੀ ਧੋਖਾਧੜੀ
ਕਰੋੜਾਂ ਰੁਪਏ ਦਾ ਲੋਨ ਵਾਪਸ ਨਾ ਕਰਕੇ ਬੈਂਕਾਂ ਨਾਲ ਕੀਤੀ ਧੋਖਾਧੜੀ
Publish Date: Sat, 28 Feb 2026 06:41 PM (IST)
Updated Date: Sat, 28 Feb 2026 06:43 PM (IST)

ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ ਲੁਧਿਆਣਾ ਪ੍ਰੋਪਰਟੀਆਂ ਗਿਰਵੀ ਰੱਖ ਕੇ 18 ਕਰੋੜ ਰੁਪਏ ਦਾ ਲੋਨ ਹਾਸਲ ਕਰਨ ਵਾਲੇ ਕਾਰੋਬਾਰੀ ਅਤੇ ਉਸ ਦੇ ਪਰਿਵਾਰਿਕ ਮੈਂਬਰਾਂ ਦੇ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਇਹ ਐਫਆਈਆਰ ਏਯੂ ਸਮਾਲ ਫਾਈਨੈਂਸ ਬੈਂਕ ਦੇ ਅਧਿਕਾਰੀ ਗੌਰਵ ਗੁਪਤਾ ਦੀ ਸ਼ਿਕਾਇਤ ’ਤੇ ਦਰਜ ਕੀਤੀ ਹੈ। ਪੁਲਿਸ ਦੇ ਮੁਤਾਬਕ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਜਗਰਾਉਂ ਰੋਡ ਮੁੱਲਾਂਪੁਰ ਦੇ ਵਾਸੀ ਆਸ਼ੀਸ਼ ਮੋਦੀ, ਮੋਦੀ ਇਨਕਲੇਵ ਬਾੜੇਵਾਲ ਰੋਡ ਦੇ ਰਹਿਣ ਅਨੁਭਵ ਮੋਦੀ, ਸਾਰੀਕਾ ਮੋਦੀ, ਰਾਜਗੁਰੂ ਨਗਰ ਦੀ ਰੋਹਿਣੀ ਮੋਦੀ, ਬਾੜੇਵਾਲ ਰੋਡ ਗੁਰਦੇਵ ਨਗਰ ਦੇ ਸਾਹਿਲ ਮੋਦੀ ਅਤੇ ਵਿਜੇ ਮੋਦੀ ਵਜੋਂ ਹੋਈ ਹੈ। ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਗੁਪਤਾ ਨੇ ਦੱਸਿਆ ਕਿ ਉਹ ਏਯੂ ਸਮਾਲ ਫਾਈਨੈਂਸ ਬੈਂਕ ਲਿਮਿਟਡ ਲੁਧਿਆਣਾ ਦੇ ਅਧਿਕਾਰੀ ਹਨ। ਸ਼ਿਕਾਇਤਕਰਤਾ ਦੇ ਮੁਤਾਬਕ ਮੁਲਜ਼ਮਾਂ ਨੇ ਬੈਂਕ ਕੋਲ ਆਪਣੀਆਂ ਤਿੰਨ ਪ੍ਰਾਪਰਟੀਆਂ ਗਿਰਵੀ ਰੱਖ ਕੇ ਆਪਣੀਆਂ ਫਰਮਾਂ ਮੋਦੀ ਸੈਲ ਵੈਕਸ ਦੇ ਨਾਮ ਤੇ 9 ਕਰੋੜ 55 ਲੱਖ 96 ਹਜ਼ਾਰ ਅਤੇ ਐਮਜੀਐਮ ਸੋਲਵੈਕਸ ਦੇ ਨਾਮ ’ਤੇ 8 ਕਰੋੜ 44 ਲੱਖ 4 ਹਜ਼ਾਰ ਰੁਪਏ ਦਾ ਲੋਨ ਹਾਸਿਲ ਕੀਤਾ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਮੁਲਜ਼ਮਾਂ ਨੇ ਬੈਂਕ ਦੇ ਪੈਸੇ ਨਾ ਮੋੜ ਕੇ ਬੈਂਕ ਨਾਲ ਧੋਖਾਧੜੀ ਕੀਤੀ ਹੈ। ਇਸ ਮਾਮਲੇ ਦੀ ਪੜਤਾਲ ਉਪਰੰਤ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੂੰ ਮੁਕੱਦਮਾ ਦਰਜ ਕਰਨ ਦੇ ਆਦੇਸ਼ ਜਾਰੀ ਕੀਤੇ। ਜਾਂਚ ਅਧਿਕਾਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਐਫਆਈਆਰ ਦਰਜ ਕਰਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ।