ਰਿਸ਼ਤਿਆਂ ਦੀ ਆੜ 'ਚ ਲੱਖਾਂ ਦੀ ਠੱਗੀ, ਮਾਸੀ ਦੇ ਪੁੱਤਰ ਨੇ ਟਰੱਕ ਹੜੱਪ ਕੇ ਮੁਨਾਫ਼ਾ ਵੀ ਨਾ ਦਿੱਤਾ
ਰਿਸ਼ਤਿਆਂ ਦੀ ਆੜ 'ਚ ਲੱਖਾਂ ਦੀ ਠੱਗੀ, ਮਾਸੀ ਦੇ ਪੁੱਤਰ ਨੇ ਟਰੱਕ ਹੜੱਪ ਕੇ ਮੁਨਾਫ਼ਾ ਵੀ ਨਾ ਦਿੱਤਾ
Publish Date: Wed, 18 Feb 2026 09:03 PM (IST)
Updated Date: Thu, 19 Feb 2026 04:12 AM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਦੁਗਰੀ ਇਲਾਕੇ ’ਚ ਰਿਸ਼ਤਿਆਂ ਦੀ ਆੜ ਹੇਠ ਠੱਗੀ ਦਾ ਇਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਨੌਜਵਾਨ ਨੇ ਆਪਣੇ ਹੀ ਮਾਸੀ ਦੇ ਪੁੱਤਰ ਤੇ ਟਰੱਕ ਹੜੱਪਣ ਤੇ ਮੁਨਾਫ਼ੇ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਕਰਨ ਦੇ ਦੋਸ਼ ਲਗਾਏ ਹਨ। ਪੀੜਤ ਜਸਕਰਨਜੀਤ ਸਿੰਘ ਵਾਸੀ ਬਸੰਤ ਐਵੇਨਿਊ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਮਾਸੀ ਦਾ ਪੁੱਤਰ ਨਵਦੀਪ ਸਿੰਘ ਭੇਰੋਂ ਮੁੰਨਾ ਰੋਡ ਤੇ ਇੱਟਾਂ ਦਾ ਭੱਠਾ ਚਲਾਉਂਦਾ ਹੈ। ਭੱਠੇ ਦੀ ਸ਼ੁਰੂਆਤ ਸਮੇਂ ਦੋਹਾਂ ਨੇ ਮਿਲ ਕੇ ਪੈਸਾ ਲਗਾਇਆ ਸੀ ਅਤੇ ਇਸ ਦੇ ਬਦਲੇ ਮੁਨਾਫ਼ੇ ’ਚ ਹਿੱਸੇਦਾਰੀ ਤੈਅ ਹੋਈ ਸੀ। ਜਸਕਰਨਜੀਤ ਸਿੰਘ ਮੁਤਾਬਕ, ਨਵਦੀਪ ਸਿੰਘ ਨੇ ਇਹ ਕਹਿ ਕੇ ਉਸ ਦਾ ਟਰੱਕ ਨੰਬਰ ਪੀਬੀ 10 ਐਚਵੀ 6868 ਆਪਣੇ ਕੋਲ ਲੈ ਲਿਆ ਕਿ ਭੱਠੇ ਦੇ ਕੰਮ ਲਈ ਟਰੱਕ ਚਲਾ ਕੇ ਉਸ ਨੂੰ ਨਿਯਮਿਤ ਮੁਨਾਫ਼ਾ ਦਿੱਤਾ ਜਾਵੇਗਾ। ਪਰ ਕਰੀਬ ਡੇਢ ਸਾਲ ਬੀਤ ਜਾਣ ਦੇ ਬਾਵਜੂਦ ਨਾ ਤਾਂ ਕੋਈ ਮੁਨਾਫ਼ਾ ਦਿੱਤਾ ਗਿਆ ਅਤੇ ਨਾ ਹੀ ਟਰੱਕ ਵਾਪਸ ਕੀਤਾ ਗਿਆ। ਪੀੜਤ ਨੇ ਦੋਸ਼ ਲਗਾਇਆ ਕਿ ਟਰੱਕ ਦੀਆਂ ਕਿਸ਼ਤਾਂ ਵੀ ਉਸ ਨੇ ਖੁਦ ਭਰੀਆਂ, ਜਦਕਿ ਟਰੱਕ ਲਗਾਤਾਰ ਦੋਸ਼ੀ ਕੋਲ ਚਲਦਾ ਰਿਹਾ। ਜਦੋਂ ਉਸ ਨੇ ਆਪਣਾ ਟਰੱਕ ਅਤੇ ਮੁਨਾਫ਼ਾ ਵਾਪਸ ਮੰਗਿਆ ਤਾਂ ਨਵਦੀਪ ਸਿੰਘ ਨੇ ਸਾਫ਼ ਇਨਕਾਰ ਕਰ ਦਿੱਤਾ। ਆਖ਼ਰਕਾਰ ਮਜਬੂਰ ਹੋ ਕੇ ਪੀੜਤ ਨੇ ਪੁਲਿਸ ਦੀ ਸਹਾਇਤਾ ਲਈ। ਦੁਗਰੀ ਥਾਣਾ ਪੁਲਿਸ ਨੇ ਦੋਸ਼ੀ ਨਵਦੀਪ ਸਿੰਘ ਵਾਸੀ ਅਰਬਨ ਸਟੇਟ, ਦੁਗਰੀ ਖ਼ਿਲਾਫ਼ ਧੋਖਾਧੜੀ ਦੀਆਂ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਦੋਹਾਂ ਪੱਖਾਂ ਨੂੰ ਬੁਲਾ ਕੇ ਪੁੱਛਗਿੱਛ ਕੀਤੀ ਜਾਵੇਗੀ ਅਤੇ ਜਾਂਚ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।