ਲਗਜ਼ਰੀ ਗੱਡੀਆਂ ਜਲਦੀ ਦਿਵਾਉਣ ਦਾ ਝਾਂਸਾ ਦੇ ਕੇ ਲੱਖਾਂ ਠੱਗੇ
ਲਗਜ਼ਰੀ ਗੱਡੀਆਂ ਜਲਦੀ ਦਵਾਉਣ ਦਾ ਝਾਂਸਾ ਦੇ ਕੇ ਕੀਤੀ ਲੱਖਾਂ ਰੁਪਏ ਦੀ ਧੋਖਾਧੜੀ
Publish Date: Wed, 18 Feb 2026 07:48 PM (IST)
Updated Date: Thu, 19 Feb 2026 04:10 AM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਮਹਿੰਗੀਆਂ ਗੱਡੀਆਂ ਜਲਦੀ ਦਿਵਾਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਖੁਦ ਨੂੰ ਆਟੋਮੋਬਾਈਲ ਕੰਪਨੀਆਂ ਵਿਚ ਰਸੂਖਦਾਰ ਦੱਸਣ ਵਾਲੇ ਇਕ ਵਿਅਕਤੀ ਨੇ ਬ੍ਰਾਂਡ ਨਿਊ ਲਗਜ਼ਰੀ ਗੱਡੀਆਂ ਬਿਨਾਂ ਵੇਟਿੰਗ ਤੋਂ ਦਿਵਾਉਣ ਦਾ ਦਾਅਵਾ ਕਰ ਕੇ ਵਿਅਕਤੀ ਕੋਲੋਂ 11 ਲੱਖ 76 ਹਜ਼ਾਰ 500 ਰੁਪਏ ਹੜੱਪ ਲਏ। ਥਾਣਾ ਦਰੇਸੀ ਦੀ ਪੁਲਿਸ ਨੇ ਨਿਊ ਸ਼ਿਵਪੁਰੀ ਵਾਸੀ ਚੇਤਨਪੁਰੀ ਦੀ ਸ਼ਿਕਾਇਤ ’ਤੇ ਜੱਸੀਆਂ ਰੋਡ ਸਥਿਤ ਰਜੌਰੀ ਗਾਰਡਨ ਵਾਸੀ ਸੰਜੇ ਮੌਰਿਆ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਸ਼ਿਕਾਇਤਕਰਤਾ ਚੇਤਨਪੁਰੀ ਨੇ ਪੁਲਿਸ ਨੂੰ ਦੱਸਿਆ ਕਿ ਮੁਲਜ਼ਮ ਨੇ ਦਾਅਵਾ ਕੀਤਾ ਸੀ ਕਿ ਉਸ ਦੀ ਆਟੋ ਮੋਬਾਈਲ ਕੰਪਨੀਆਂ ’ਚ ਚੰਗੀ ਪਕੜ ਹੈ ਅਤੇ ਉਹ ਸਕਾਰਪੀਓ ਤੇ ਫੋਰਚੂਨਰ ਕਾਰ ਵਰਗੀਆਂ ਡਿਮਾਂਡ ਵਾਲੀਆਂ ਗੱਡੀਆਂ ਬਿਨਾਂ ਲੰਬੀ ਵੇਟਿੰਗ ਤੋਂ ਦਿਵਾ ਸਕਦਾ ਹੈ। ਮੁਲਜ਼ਮ ਦੀਆਂ ਗੱਲਾਂ ’ਚ ਆ ਕੇ ਸ਼ਿਕਾਇਤਕਰਤਾ ਨੇ ਵੱਖ-ਵੱਖ ਕਿਸ਼ਤਾਂ ’ਚ ਮੁਲਜ਼ਮ ਨੂੰ 11 ਲੱਖ 76 ਹਜ਼ਾਰ 500 ਦੇ ਦਿੱਤੇ। ਪੈਸੇ ਹੜੱਪਣ ਤੋਂ ਬਾਅਦ ਮੁਲਜ਼ਮ ਗੱਡੀਆਂ ਦਿਵਾਉਣ ਲਈ ਲਗਾਤਾਰ ਲਾਅਰੇ ਲਗਾਉਣ ਲੱਗਾ। ਕਾਫੀ ਸਮਾਂ ਬੀਤਣ ਦੇ ਬਾਵਜੂਦ ਨਾ ਤਾਂ ਉਸਨੇ ਰਕਮ ਵਾਪਸ ਕੀਤੀ ਹ ਤੇ ਨਾ ਹੀ ਗੱਡੀਆਂ ਦਵਾਈਆਂ। ਸ਼ਿਕਾਇਤ ਕਰਤਾ ਨੂੰ ਜਦ ਅਹਿਸਾਸ ਹੋਇਆ ਕਿ ਉਸ ਨਾਲ ਠੱਗੀ ਹੋਈ ਹੈ ਤਾਂ 12 ਦਸੰਬਰ 2024 ਨੂੰ ਉਸਨੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ। ਲੰਬੀ ਤਫਤੀਸ਼ ਤੋਂ ਬਾਅਦ ਥਾਣਾ ਨਰੇਸ਼ੀ ਦੀ ਪੁਲਿਸ ਨੇ ਮੁਲਜ਼ਮ ਦੇ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮੁਕਦਮਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਦਵਿੰਦਰ ਸਿੰਘ ਨੇ ਦੱਸਿਆ ਕਿ ਫਿਲਹਾਲ ਮੁਲਜਮ ਪੁਲਿਸ ਦੀ ਗ੍ਰਿਫਤ ਚੋਂ ਬਾਹਰ ਹੈ ਜਲਦੀ ਹੀ ਉਸਨੂੰ ਗ੍ਰਿਫਤਾਰ ਕੀਤਾ ਜਾਵੇਗਾ।