ਇੰਗਲੈਂਡ ’ਚ ਵਰਕ ਪਰਮਿਟ ਦਵਾਉਣ ਦਾ ਝਾਂਸਾ ਦੇ ਕੇ ਕੀਤੀ ਲੱਖਾਂ ਰੁਪਏ ਦੀ ਧੋਖਾਧੜੀ
ਇੰਗਲੈਂਡ ਵਿੱਚ ਵਰਕ ਪਰਮਿਟ ਦਵਾਉਣ ਦਾ ਝਾਂਸਾ ਦੇ ਕੇ ਕੀਤੀ ਲੱਖਾਂ ਰੁਪਏ ਦੀ ਧੋਖਾਧੜੀ
Publish Date: Sat, 28 Feb 2026 06:40 PM (IST)
Updated Date: Sat, 28 Feb 2026 06:43 PM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਟਰੈਵਲ ਏਜੈਂਟਾਂ ਨੇ ਇਕ ਵਿਅਕਤੀ ਨੂੰ ਵਿਦੇਸ਼ ਜਾਣ ਦੇ ਅਜਿਹੇ ਸਬਜਬਾਗ ਦਿਖਾਏ ਕਿ ਉਸ ਨੇ ਘਰ ਗਿਰਵੀ ਰੱਖ ਕੇ ਟਰੈਵਲ ਏਜੈਂਟਾਂ ਨੂੰ 22 ਲੱਖ ਰੁਪਏ ਦੇ ਦਿੱਤੇ। ਇੱਕ ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਜਦ ਮੁਲਜ਼ਮਾਂ ਨੇ ਪਰਿਵਾਰ ਨੂੰ ਇੰਗਲੈਂਡ ਨਾ ਭੇਜਿਆ, ਤਾਂ ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ। ਇਸ ਮਾਮਲੇ ਵਿਚ ਟਰੈਵਲ ਏਜੈਂਟਾਂ ਨੇ ਫਿਰ ਤੋਂ ਚਾਲ ਖੇਡੀ ਅਤੇ ਸ਼ਿਕਾਇਤਕਰਤਾ ਦੇ ਖਾਤੇ ਵਿਚ 8 ਲੱਖ ਰੁਪਏ ਟ੍ਰਾਂਸਫਰ ਕਰ ਦਿੱਤੇ। ਸ਼ਿਕਾਇਤਕਰਤਾ ਪ੍ਰਭਜੋਤ ਕੌਰ ਦੇ ਪਤੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੇ ਇਸੇ ਟਰਾਂਜੈਕਸ਼ਨ ਦਾ ਸਹਾਰਾ ਲੈ ਕੇ ਉਨ੍ਹਾਂ ਦਾ ਇਕ ਫਰਜ਼ੀ ਹਲਫੀਆ ਬਿਆਨ ਤਿਆਰ ਕਰਵਾਇਆ। ਜਿਸ ਵਿਚ ਇਹ ਲਿਖ ਦਿੱਤਾ ਕਿ ਦੋਵਾਂ ਧਿਰਾਂ ਦਾ ਆਪਸ ਵਿਚ ਰਾਜ਼ੀਨਾਮਾ ਹੋ ਗਿਆ ਹੈ। ਉਸੇ ਹਲਫੀਆ ਬਿਆਨ ਦੇ ਆਧਾਰ ’ਤੇ ਮੁਲਜ਼ਮਾਂ ਨੇ ਸ਼ਿਕਾਇਤ ਬੰਦ ਕਰਵਾ ਦਿੱਤੀ। ਆਪਣਾ ਸਭ ਕੁੱਝ ਗਵਾਈ ਬੈਠੇ ਜੋੜੇ ਨੇ ਇਸ ਸਬੰਧੀ ਪੰਜਾਬ ਦੇ ਡੀਜੀਪੀ ਨੂੰ ਜੁਲਾਈ 2025 ਵਿਚ ਇੱਕ ਲਿਖਤ ਸ਼ਿਕਾਇਤ ਦਿੱਤੀ। ਡੀਜੀਪੀ ਨੇ ਇਹ ਮਾਮਲਾ ਲੁਧਿਆਣਾ ਪੁਲਿਸ ਭੇਜਿਆ ਏਡੀਸੀਪੀ 3 ਦੀ ਪੜਤਾਲ ਤੋਂ ਬਾਅਦ ਪੁਲਿਸ ਨੇ ਸ਼ਿਮਲਾਪੁਰੀ ਦੀ ਰਹਿਣ ਵਾਲੀ ਪ੍ਰਭਜੋਤ ਕੌਰ ਦੀ ਸ਼ਿਕਾਇਤ ’ਤੇ ਮੋਹਾਲੀ ਦੇ ਰਹਿਣ ਵਾਲੇ ਮਨਧੀਰ ਬਜਾਜ ਅਤੇ ਖਰੜ ਦੇ ਵਾਸੀ ਨਵਜੋਤ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਇੰਝ ਹੋਈ ਸੀ ਸਾਰੀ ਡੀਲ ਪ੍ਰਭਜੋਤ ਕੌਰ ਦੇ ਪਤੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਕਾਰਪੈਂਟਰ ਹੈ। ਮਿਹਨਤ ਮਜ਼ਦੂਰੀ ਕਰ ਕੇ ਉਹ ਆਪਣੇ ਪਰਿਵਾਰ ਨੂੰ ਪਾਲ ਰਿਹਾ ਸੀ। ਸਾਲ 2024 ਵਿਚ ਉਸਨੇ ਇੰਸਟਾਗਰਾਮ ’ਤੇ ਇਕ ਵੀਡੀਓ ਦੇਖੀ, ਜਿਸ ਵਿਚ ਲੁਧਿਆਣਾ ਦੇ ਸਰਾਭਾ ਨਗਰ ਦੀ ਇੱਕ ਫਰਮ ਬੜੀ ਆਸਾਨੀ ਨਾਲ ਵਿਦੇਸ਼ ਭੇਜਣ ਦਾ ਦਾਅਵਾ ਕਰ ਰਹੀ ਸੀ। ਉਨਾਂ ਨੇ ਇਸ਼ਤਿਆਰ ਦਿੱਤਾ ਸੀ ਕਿ ਉਹ ਬਹੁਤ ਹੀ ਘੱਟ ਰੇਟ ’ਤੇ ਪੂਰੇ ਪਰਿਵਾਰ ਨੂੰ ਵਰਕ ਪਰਮਿਟ ’ਤੇ ਇੰਗਲੈਂਡ ਭੇਜ ਦੇਣਗੇ। ਪ੍ਰਭਜੋਤ ਕੌਰ ਤੇ ਹਰਪ੍ਰੀਤ ਸਿੰਘ ਨੇ ਤੁਰੰਤ ਉਹਨਾਂ ਨਾਲ ਸੰਪਰਕ ਕੀਤਾ ਅਤੇ ਸਰਾਭਾ ਨਗਰ ਜਾ ਕੇ ਮੁਲਾਕਾਤ ਕਰ ਲਈ। ਮੁਲਜ਼ਮਾਂ ਨੇ ਝਾਂਸੇ ਵਿਚ ਲੈ ਕੇ ਜੋੜੇ ਨੂੰ ਆਖਿਆ ਕਿ ਉਹ ਦੋਵਾਂ ਨੂੰ ਉਨ੍ਹਾਂ ਦੇ ਬੇਟੇ ਸਮੇਤ ਇੰਗਲੈਂਡ ਜਲਦੀ ਹੀ ਭੇਜ ਦੇਣਗੇ। ਵਿਦੇਸ਼ ਭੇਜਣ ਦੀ ਏਵਜ ਵਿਚ ਉਨਾਂ ਨੇ ਪ੍ਰਭਜੋਤ ਕੌਰ ਅਤੇ ਹਰਪ੍ਰੀਤ ਸਿੰਘ ਕੋਲੋਂ 22 ਲੱਖ ਰੁਪਏ ਦੀ ਰਕਮ ਹਾਸਿਲ ਕਰ ਲਈ। ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਮੁਲਜ਼ਮ ਸ਼ਿਕਾਇਤ ਕਰਤਾ ਨੂੰ ਲਾਰੇ ਲਗਾਉਂਦੇ ਰਹੇ। ਕੁੱਝ ਮਹੀਨਿਆਂ ਬਾਅਦ ਮੁਲਜ਼ਮਾਂ ਨੇ ਉਨ੍ਹਾਂ ਦਾ ਮੋਬਾਈਲ ਫੋਨ ਚੁੱਕਣਾ ਬੰਦ ਕਰ ਦਿੱਤਾ। ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਗਹਿਣੇ ਅਤੇ ਘਰ ਗਿਰਵੀ ਰੱਖ ਕੇ ਰਕਮ ਦਾ ਪ੍ਰਬੰਧ ਕੀਤਾ ਸੀ। ਹੁਣ ਉਹਨਾਂ ਨੂੰ ਲਗਾਤਾਰ ਵਿਆਜ ਪੈ ਰਿਹਾ ਸੀ। ਬੇਹੱਦ ਪਰੇਸ਼ਾਨ ਹੋਈ ਪ੍ਰਭਜੋਤ ਕੌਰ ਨੇ ਪੁਲਿਸ ਅਧਿਕਾਰੀਆਂ ਨੂੰ ਲਿਖਿਤ ਸ਼ਿਕਾਇਤ ਦਿੱਤੀ, ਪਰ ਤੇਜ਼ ਤਰਾਰ ਮੁਲਜ਼ਮਾਂ ਨੇ 8 ਲੱਖ ਰੁਪਏ ਟ੍ਰਾਂਸਫਰ ਕਰਕੇ ਫਰਜ਼ੀ ਦਸਤਾਵੇਜ਼ਾਂ ਦਾ ਸਹਾਰਾ ਲਿਆ ਅਤੇ ਉਹ ਸ਼ਿਕਾਇਤ ਵੀ ਬੰਦ ਕਰਵਾ ਦਿੱਤੀ। ਬੁਰੀ ਤਰ੍ਹਾਂ ਹਤਾਸ਼ ਹੋਏ ਇਸ ਜੋੜੇ ਨੇ ਡੀਜੀਪੀ ਦਫਤਰ ਪਹੁੰਚ ਕਰਕੇ ਸ਼ਿਕਾਇਤ ਦਿੱਤੀ। ਜਿਸ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਮਨਧੀਰ ਬਜਾਜ ਅਤੇ ਨਵਜੋਤ ਸਿੰਘ ਦੇ ਖਿਲਾਫ਼ ਅਪਰਾਧਿਕ ਸਾਜਿਸ਼, ਧੋਖਾਧੜੀ ਅਤੇ ਇਮੀਗ੍ਰੇਸ਼ਨ ਐਕਟ ਦੀਆਂ ਧਰਾਵਾਂ ਤਹਿਤ ਮੁਕਦਮਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕੀਤਾ ਜਾਵੇਗਾ।