ਤੀਜੀ ਅਲੂਮਨੀ ਮੀਟ ਮੌਕੇ ਇਕੱਤਰ ਹੋਏ ਪੁਰਾਣੇ ਵਿਦਿਆਰਥੀ ਅਤੇ ਮਾਹਿਰ
ਤੀਜੀ ਅਲੂਮਨੀ ਮੀਟ ਮੌਕੇ ਇਕੱਤਰ ਹੋਏ ਪੁਰਾਣੇ ਵਿਦਿਆਰਥੀ ਅਤੇ ਮਾਹਿਰ
Publish Date: Fri, 27 Feb 2026 07:39 PM (IST)
Updated Date: Sat, 28 Feb 2026 04:05 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੁਧਿਆਣਾ ਪੀਏਯੂ ਦੇ ਬਾਗਬਾਨੀ ਅਤੇ ਖੇਤੀ ਜੰਗਲਾਤ ਕਾਲਜ ਦੀ ਤੀਜੀ ਅਲੂਮਨੀ ਮੀਟ ਮੌਕੇ ਪੁਰਾਣੇ ਵਿਦਿਆਰਥੀ ਅਤੇ ਮਾਹਿਰ ਇਕੱਤਰ ਹੋਏ। ਮੁੱਖ ਮਹਿਮਾਨ ਦੇ ਤੌਰ ਤੇ ਫੁੱਲਾਂ ਦੀ ਖੇਤੀ ਨਾਲ ਜੁੜੇ ਉੱਘੇ ਵਿਗਿਆਨੀ ਡਾ. ਏਪੀ ਐੱਸ ਗਿੱਲ ਨੇ ਸ਼ਿਰਕਤ ਕੀਤੀ, ਜਦਕਿ ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਸਮਾਰੋਹ ਦੀ ਪ੍ਰਧਾਨਗੀ ਲਈ ਮੌਜੂਦ ਰਹੇ। ਆਪਣੇ ਭਾਸ਼ਣ ਵਿਚ ਡਾ. ਏਪੀਐੱਸ ਗਿੱਲ ਨੇ ਵਿਦਿਆਰਥੀ ਜੀਵਨ ਦੀਆਂ ਕਾਲਜ ਨਾਲ ਜੁੜੀਆਂ ਯਾਦਾਂ ਤਾਜ਼ਾ ਕੀਤੀਆਂ। ਪ੍ਰਧਾਨਗੀ ਭਾਸ਼ਣ ਵਿੱਚ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਥੋੜੇ ਸਮੇਂ ਵਿੱਚ ਹੀ ਕਾਲਜ ਵੱਲੋਂ ਅਕਾਦਮਿਕ, ਸੱਭਿਆਚਾਰਕ ਤੇ ਹੋਰ ਖੇਤਰਾਂ ਵਿਚ ਬਣਾਈ ਪਛਾਣ ਉੱਪਰ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਜਿਵੇਂ ਅਜੋਕੇ ਖੇਤੀ ਦੇ ਖੇਤਰ ਨੂੰ ਬਾਗਬਾਨੀ ਤੋਂ ਬਿਨਾਂ ਕਿਆਸਿਆ ਨਹੀਂ ਜਾ ਸਕਦਾ ਇਸੇ ਤਰ੍ਹਾਂ ਪੀਏਯੂ. ਦੀ ਕਲਪਨਾ ਇਸ ਕਾਲਜ ਵੱਲੋਂ ਅਕਾਦਮਿਕ, ਖੋਜ ਅਤੇ ਪਸਾਰ ਦੇ ਖੇਤਰ ਵਿਚ ਪਾਏ ਯੋਗਦਾਨ ਦਾ ਜ਼ਿਕਰ ਕੀਤੇ ਬਿਨਾਂ ਸੰਭਵ ਨਹੀਂ ਹੋ ਸਕਦੀ। ਉਨਾਂ ਕਿਹਾ ਕਿ ਮੌਜੂਦਾ ਸਮੇਂ ਪੋਸ਼ਣ ਪ੍ਰਤੀ ਵਧ ਰਹੀ ਜਾਗਰੂਕਤਾ ਦੇ ਮੱਦੇਨਜ਼ਰ ਇਸ ਕਾਲਜ ਦੀਆਂ ਖੋਜਾਂ ਦੀ ਅਹਿਮੀਅਤ ਵਧੀ ਹੈ, ਨਾਲ ਹੀ ਖੇਤੀ ਵਿਭਿੰਨਤਾ ਦੇ ਖੇਤਰ ਵਿੱਚ ਫਲਾਂ, ਸਬਜ਼ੀਆਂ ਅਤੇ ਵਣ ਖੇਤੀ ਦੀ ਵਧਦੀ ਮਹੱਤਤਾ ਬਾਰੇ ਵੀ ਡਾ. ਗੋਸਲ ਨੇ ਵਿਸਥਾਰ ਨਾਲ ਗੱਲ ਕੀਤੀ। ਡਾ. ਗੋਸਲ ਨੇ ਕਿਹਾ ਕਿ ਅੱਜ ਦਾ ਸਮਾਂ ਹਰ ਖੇਤਰ ਵਿੱਚ ਅੰਤਰ ਅਨੁਸ਼ਾਸਨੀ ਖੋਜ ਨੂੰ ਅੱਗੇ ਵਧਾਉਣ ਅਤੇ ਵੱਖ-ਵੱਖ ਸੰਸਥਾਵਾਂ ਨਾਲ ਸੰਪਰਕ ਬਣਾ ਕੇ ਨਵੇਂ ਖੇਤਰਾਂ ਦੀ ਤਲਾਸ਼ ਦਾ ਹੈ। ਉਨਾਂ ਕਾਲਜ ਦੇ ਨੌਜਵਾਨ ਵਿਦਿਆਰਥੀਆਂ ਅਤੇ ਵਿਗਿਆਨੀਆਂ ਨੂੰ ਇਸ ਦਿਸ਼ਾ ਵਿੱਚ ਹੋਰ ਕਾਰਜ ਕਰਨ ਦਾ ਸੱਦਾ ਦਿੱਤਾ। ਕਾਲਜ ਦੇ ਡੀਨ ਅਤੇ ਅਲੂਮਨੀ ਐਸੋਸੀਏਸ਼ਨ ਦੇ ਪ੍ਰਧਾਨ ਡਾ. ਰਿਸ਼ੀਇੰਦਰਾ ਸਿੰਘ ਗਿੱਲ ਨੇ ਬੀਤੇ ਸਾਲਾਂ ਵਿਚ ਕਾਲਜ ਦੀਆਂ ਅਕਾਦਮਿਕ, ਖੋਜ ਅਤੇ ਸਹਿ ਸਭਿਆਚਾਰਕ ਗਤੀਵਿਧੀਆਂ ਵਿਚ ਕੀਤੀਆਂ ਪ੍ਰਾਪਤੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਕਾਲਜ ਦੇ ਇੱਕ ਸਮਾਰਕ ‘ਲੀਡ ਪੁਆਇੰਟ’ ਦਾ ਉਦਘਾਟਨ ਕੀਤਾ ਗਿਆ। ਇਸ ਸਮਾਰੋਹ ਨੂੰ ਅਲੂਮਨੀ ਐਸੋਸੀਏਸ਼ਨ ਵੱਲੋਂ ਸਥਾਪਿਤ ਕੀਤੀ ਕਮੇਟੀ ਨੇ ਉਸਾਰੂ ਢੰਗ ਨਾਲ ਨੇਪਰੇ ਚਾੜ੍ਹਿਆ। ਸਮਾਰੋਹ ਦਾ ਸੰਚਾਲਨ ਡਾ. ਕਰਨਵੀਰ ਸਿੰਘ ਗਿੱਲ, ਡਾ. ਗਗਨਦੀਪ ਕੌਰ ਅਤੇ ਡਾ. ਹੀਰਾ ਸਿੰਘ ਨੇ ਕੀਤਾ।