ਪੀਏਯੂ ਦੇ ਸਾਬਕਾ ਵਿਗਿਆਨੀ ਡਾ. ਪੁਸ਼ਪ ਸ਼ਰਮਾ ਐਮੀਰਟਸ ਪ੍ਰੋਫੈਸਰ ਨਿਯੁਕਤ
ਪੀਏਯੂ ਦੇ ਸਾਬਕਾ ਵਿਗਿਆਨੀ ਡਾ. ਪੁਸ਼ਪ ਸ਼ਰਮਾ ਐਮੀਰਟਸ ਪ੍ਰੋਫੈਸਰ ਨਿਯੁਕਤ
Publish Date: Fri, 10 Apr 2026 06:15 PM (IST)
Updated Date: Fri, 10 Apr 2026 06:17 PM (IST)

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਬਾਟਨੀ ਵਿਭਾਗ ਪੀਏਯੂ ਦੀ ਸਾਬਕਾ ਮੁਖੀ ਡਾ. ਪੁਸ਼ਪ ਸ਼ਰਮਾ ਨੂੰ ਤਿੰਨ ਸਾਲ ਦੇ ਵਕਫ਼ੇ ਲਈ ਭਾਰਤੀ ਖੇਤੀ ਖੋਜ ਪ੍ਰੀਸ਼ਦ ਨੇ ਐਮੀਰਟਸ ਪ੍ਰੋਫੈਸਰ ਨਿਯੁਕਤ ਕੀਤਾ ਹੈ। ਡਾ. ਸ਼ਰਮਾ ਦੀ ਇਹ ਨਿਯੁਕਤੀ ਸਰ੍ਹੋਂ ਦੇ ਖੇਤਰ ਵਿਚ ਅਧਿਆਪਨ ਦੇ ਨਾਲ-ਨਾਲ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਦੇ ਖੇਤਰ ’ਚ ਈ-ਸਰੋਤ ਵਿਕਸਿਤ ਕਰਨ, ਪ੍ਰਕਾਸ਼ਨਾਵਾਂ ਅਤੇ ਤਣਾਅ ਦੇ ਹਾਲਾਤ ਵਿਚ ਫਸਲ ਦੇ ਪ੍ਰਭਾਵ ਬਾਰੇ ਖੋਜ ਕਰਨ ਲਈ ਕੀਤੀ ਗਈ ਹੈ। ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਤੇ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਵਿਸ਼ਵਜੀਤ ਸਿੰਘ ਹਾਂਸ ਨੇ ਡਾ. ਪੁਸ਼ਪ ਸ਼ਰਮਾ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਹੈ। ਡਾ. ਸ਼ਰਮਾ ਨੂੰ ਮਿਲ ਚੁਕੈ ਲਾਈਫ ਟਾਈਮ ਅਚੀਵਮੈਂਟ ਐਵਾਰਡ ਜ਼ਿਕਰਯੋਗ ਹੈ ਕਿ ਡਾ. ਸ਼ਰਮਾ ਨੂੰ 2026 ਲਈ ਸੰਯੁਕਤ ਰਾਜ ਦੇ ਖੇਤੀਬਾੜੀ ਵਿਭਾਗ ਵੱਲੋਂ ਮੂੰਗਫਲੀ ਦੀ ਖੋਜ ਵਾਸਤੇ ਲਾਈਫ ਟਾਈਮ ਅਚੀਵਮੈਂਟ ਐਵਾਰਡ ਦਿੱਤਾ ਗਿਆ। ਇਸਦੇ ਨਾਲ ਹੀ ਉਨ੍ਹਾਂ ਨੂੰ 2007 ਵਿਚ ਆਈਆਈਪੀਆਰ ਕਾਨਪੁਰ ਵੱਲੋਂ ਸਰਬੋਤਮ ਟੀਮ ਪੁਰਸਕਾਰ ਅਤੇ 2010-11 ਵਿੱਚ ਡੀਆਰਐੱਮਆਰ ਭਰਤਪੁਰ ਵੱਲੋਂ ਵੀ ਇਸੇ ਪੁਰਸਕਾਰ ਨਾਲ ਨਿਵਾਜ਼ਿਆ ਗਿਆ ਸੀ, 2024 ਵਿਚ ਉਨ੍ਹਾਂ ਨੂੰ ਸਰ੍ਹੋਂ ਦੀ ਖੋਜ ਬਾਰੇ ਭਾਰਤੀ ਸੁਸਾਇਟੀ ਨੇ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ। ਵੱਖ-ਵੱਖ ਕਾਨਫਰੰਸਾਂ ਵਿੱਚ 6 ਵਾਰ ਉਹ ਪੇਪਰ ਪੇਸ਼ ਕਰਨ ’ਚ ਅੱਵਲ ਰਹੇ। ਨਰਮਾ, ਦਾਲਾਂ ਅਤੇ ਤੇਲਬੀਜਾਂ ਤੋਂ ਇਲਾਵਾ ਛੋਲਿਆਂ ਵਿੱਚ ਸਰਦੀ ਦੀ ਸ਼ਹਿਣਸ਼ੀਲਤਾ ਪੱਖੋਂ ਉਨਾਂ ਕੋਲ ਖੋਜ ਦਾ ਲੰਮੇਰਾ ਤਜਰਬਾ ਹੈ। ਇਸੇ ਤਰ੍ਹਾਂ ਉਨ੍ਹਾਂ ਸਰ੍ਹੋਂ ਦੀ ਫਸਲ ਵਿਚ ਗਰਮੀ ਅਤੇ ਖੁਸ਼ਕੀ ਦੇ ਤਣਾਅ ਦੀ ਸਹਿਣਸ਼ੀਲਤਾ ਬਾਰੇ ਵੀ ਕੰਮ ਕੀਤਾ। ਉਨ੍ਹਾਂ ਦੇ ਯੋਗਦਾਨ ਸਦਕਾ 12 ਕਿਸਮਾਂ ਜਾਰੀ ਹੋਈਆਂ ਅਤੇ ਅਨੇਕ ਸਿਫ਼ਾਰਸ਼ਾਂ ਵਿਚ ਵੀ ਉਨਾਂ ਦਾ ਭਰਪੂਰ ਖੋਜ ਯੋਗਦਾਨ ਰਿਹਾ। ਆਪਣੀਆਂ ਖੋਜ ਲੱਭਤਾਂ ਪੇਸ਼ ਕਰਨ ਲਈ ਉਹ ਪਰਾਗ, ਸਾਸਕਾਤੂਨ, ਬਰਲਿਨ ਅਤੇ ਸਿਡਨੀ ਦੀਆਂ ਕਾਨਫਰੰਸਾਂ ਵਿਚ ਸ਼ਾਮਿਲ ਹੋਏ। ਪਲਾਂਟ ਫਿਜਿਆਲੋਜੀ ਬਾਰੇ ਸਰਵ ਭਾਰਤੀ ਸਾਂਝੇ ਖੋਜ ਪ੍ਰਾਜੈਕਟ ਦੇ ਮੁੱਖ ਨਿਗਰਾਨ ਅਤੇ ਸਰ੍ਹੋਂ ਦੀ ਖੋਜ ਬਾਰੇ ਭਾਰਤੀ ਸੁਸਾਇਟੀ ਦੇ ਫੈਲੋ ਹੋਣ ਦਾ ਮਾਣ ਵੀ ਉਨਾਂ ਨੂੰ ਹਾਸਲ ਹੋਇਆ, 104 ਖੋਜ ਪੇਪਰ ਅਤੇ 24 ਕਿਤਾਬਾਂ ਦੇ ਅਧਿਆਇ, 4 ਬੁਲਿਟਨ, 65 ਪਸਾਰ ਲੇਖ, 2 ਸੰਪਾਦਕ ਕਿਤਾਬਾਂ ਵੀ ਉਨਾਂ ਦੇ ਨਾਂ ਹੇਠ ਪ੍ਰਕਾਸ਼ਿਤ ਹੋਈਆਂ, 12 ਐੱਮਐੱਸੀ ਅਤੇ 6 ਪੀਐੱਚਡੀ ਵਿਦਿਆਰਥੀ ਉਨਾਂ ਦੀ ਅਗਵਾਈ ਵਿਚ ਆਪਣਾ ਖੋਜ ਕਾਰਜ ਕਰਨ ਵਿਚ ਸਫਲ ਰਹੇ।