ਮੁੱਖ ਮੰਤਰੀ ਦੇ ਨਿਰਦੇਸ਼ਾਂ ਤੇ ਚੱਲ ਰਹੀ ਵਿਜੀਲੈਂਸ ਜਾਂਚ ਵਿੱਚ ਫਸੇ ਸਾਬਕਾ ਡੀਡੀਪੀਆਈ ਤੇ ਉੱਚ ਸਿੱਖਿਆ ਮਹਿਕਮਾ ਹੋਇਆ ਮੇਹਰਬਾਨ- ਏਯੂਸੀਟੀ

ਸਟਾਫ ਪ੍ਰਤੀਨਿੱਧ, ਪੰਜਾਬੀ ਜਾਗਰਣ ਲੁਧਿਆਣਾ
ਐਸੋਸੀਏਸ਼ਨ ਆਫ਼ ਯੂਨਾਈਟਡ ਕਾਲਜ ਟੀਚਰਜ਼ ਪੰਜਾਬ ਤੇ ਚੰਡੀਗੜ੍ਹ ਦੇ ਪ੍ਰਧਾਨ ਪ੍ਰੋ. ਤਰੁਣ ਘਈ ਅਤੇ ਜਨਰਲ ਸਕੱਤਰ ਪ੍ਰੋ. ਜਸਪਾਲ ਸਿੰਘ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੱਤਰ ਲਿੱਖ ਕੇ ਦੱਸਿਆ ਗਿਆ ਹੈ ਕਿ ਤੁਹਾਡੀ ਸਰਕਾਰ ਦੇ ਪੱਤਰ ਨੰਬਰ ਡੀਪੀਆਈਐਚਈ-ਐਸਆਰਵੀਸੀਓਐਸਜੀ/1/2022-ਸਰਵਸਿਸ ਮਿਤੀ 25-09-2023 ਰਾਹੀਂ ਪ੍ਰਿੰਸੀਪਲ, ਐਸਸੀਡੀ ਸਰਕਾਰੀ ਕਾਲਜ ਲੁਧਿਆਣਾ ਨੂੰ ਗੰਭੀਰ ਮਾਮਲਾ ਲਿਖ ਕੇ ਭੇਜਿਆ ਗਿਆ ਸੀ ਜਿਸ ਵਿਚ ਡਾਇਰੈਕਟਰ ਉੱਚ ਸਿੱਖਿਆ ਪੰਜਾਬ ਵੱਲੋਂ ਉਸ ਕਾਲਜ ਦੇ ਅਧਿਆਪਕ ਅਸ਼ਵਨੀ ਭੱਲਾ ਨੂੰ ਦਿੱਤੀਆਂ ਗਈਆਂ ਇੰਕ੍ਰਿਮੈਂਟਾਂ ਦੀ ਜਾਇਜ਼ਤਾ ਤੇ ਸਵਾਲ ਉਠਾਇਆ ਗਿਆ ਸੀ ਅਤੇ ਉਸ ਤੋਂ ਲੱਖਾਂ ਰੁਪਏ ਦੀ ਰਕਮ ਦੀ ਵਸੂਲੀ ਕਰਕੇ ਜਮ੍ਹਾਂ ਕਰਵਾਉਣ ਦੇ ਆਦੇਸ਼ ਜਾਰੀ ਕੀਤੇ ਗਏ ਸਨ। ਪ੍ਰੋ. ਘਈ ਨੇ ਦੱਸਿਆ ਕਿ ਹੈਰਾਨੀ ਦੀ ਗੱਲ ਹੈ ਕਿ ਲੱਖਾਂ ਰੁਪਿਆਂ ਦੀ ਰਕਮ ਦੀ ਵਸੂਲੀ ਬਕਾਇਆ ਹੋਣ ਦੇ ਬਾਵਜੂਦ ਅਸ਼ਵਨੀ ਭੱਲਾ ਨੂੰ ਉਸੇ ਡਾਇਰੈਕਟੋਰੇਟ ਉੱਚ ਸਿੱਖਿਆ ਪੰਜਾਬ ਵਿਚ ਤੀਜੇ ਡੀਡੀਪੀਆਈ ਵਜੋਂ ਨਿਯੁਕਤ ਕਰ ਦਿੱਤਾ ਗਿਆ, ਜਿੱਥੇ ਨਿਯਮਾਂ ਮੁਤਾਬਿਕ ਦੋ ਹੀ ਪੋਸਟਾਂ ਹੁੰਦੀਆਂ ਹਨ, ਜਿਸ ਡਾਇਰੈਕਟੋਰੇਟ ਨੇ ਉਨ੍ਹਾਂ ਖ਼ਿਲਾਫ਼ ਜਾਂਚ ਸ਼ੁਰੂ ਕੀਤੀ ਸੀ। ਇਸ ਤੋਂ ਬਾਅਦ 21.08.2024 ਨੂੰ ਪੰਜਾਬ ਦੇ ਇੱਕ ਅਖ਼ਬਾਰ ਵਿੱਚ ਪ੍ਰਕਾਸ਼ਿਤ ਖ਼ਬਰ ਦੇ ਅਨੁਸਾਰ ਮੁੱਖ ਮੰਤਰੀ ਨੇ ਅਸ਼ਵਨੀ ਭੱਲਾ ਨੂੰ ਤੁਰੰਤ ਪ੍ਰਭਾਵ ਨਾਲ ਡੀਡੀਪੀਆਈ ਦੇ ਅਹੁਦੇ ਤੋਂ ਹਟਾਉਣ ਅਤੇ ਉਸਦੇ ਖ਼ਿਲਾਫ਼ ਵਿਜੀਲੈਂਸ ਜਾਂਚ ਸ਼ੁਰੂ ਕਰਨ ਦੇ ਆਦੇਸ਼ ਦਿੱਤੇ ਸਨ। ਪਰ ਇਸ ਤੋਂ ਬਾਅਦ ਵੀ ਜਦੋਂ ਕਿ ਲੱਖਾਂ ਰੁਪਏ ਦੀ ਵਸੂਲੀ ਅਤੇ ਵਿਜੀਲੈਂਸ ਜਾਂਚ ਦੋਵੇਂ ਹੀ ਲੰਬਿਤ ਹਨ, ਤੁਹਾਡੀ ਸਰਕਾਰ ਵੱਲੋਂ ਅਸ਼ਵਨੀ ਭੱਲਾ ਨੂੰ ਸਰਕਾਰੀ ਕਾਲਜ ਗੁਰਦਾਸਪੁਰ ਦੇ ਪ੍ਰਿੰਸੀਪਲ ਵਜੋਂ ਨਿਯੁਕਤ ਕਰ ਦਿੱਤਾ ਗਿਆ ਜੋ ਕਿ ਇੱਕ ਵੱਡਾ ਕਾਲਜ ਹੈ ਅਤੇ ਜਿੱਥੇ ਪ੍ਰਿੰਸੀਪਲ ਦੇ ਅਧਿਕਾਰਾਂ ਨਾਲ ਵੱਡੇ ਆਰਥਿਕ ਮਾਮਲੇ ਵੀ ਜੁੜੇ ਹੋਏ ਹਨ। ਪ੍ਰੋ.ਜਸਪਾਲ ਸਿੰਘ ਨੇ ਦੱਸਿਆ ਕਿ ਅਸੀਂ ਮੁੱਖ ਮੰਤਰੀ ਨੂੰ ਲਿਖਿਆ ਹੈ ਕਿ ਅਸ਼ਵਨੀ ਭੱਲਾ ਤੇ ਬਣਦੀ ਕਾਰਵਾਈ ਜਲਦ ਕਰਨ ਦੀ ਬਜਾਏ ਇਸ ਦੇ ਉਲਟ ਉਸ ਬੰਦੇ ਨੂੰ ਇੱਕ ਵੱਡੇ ਸਰਕਾਰੀ ਕਾਲਜ ਗੁਰਦਾਸਪੁਰ ਦੇ ਪ੍ਰਿੰਸੀਪਲ ਦੇ ਅਹੁਦੇ ਨਾਲ ਜੁੜੀਆਂ ਵਿੱਤੀ ਸ਼ਕਤੀਆਂ ਵੀ ਪ੍ਰਦਾਨ ਕਰ ਦਿੱਤੀਆਂ ਗਈਆਂ ਹਨ ਜਿਸ ਉੱਤੇ ਲੱਖਾਂ ਰੁਪਏ ਦੀ ਰਿਕਵਰੀ ਲੰਬਿਤ ਹੈ। ਪ੍ਰੋ.ਤਰੁਣ ਘਈ ਨੇ ਦੱਸਿਆ ਅਸੀਂ ਲੰਮੇ ਸਮੇਂ ਤੋਂ ਉੱਚ ਸਿੱਖਿਆ ਮੰਤਰੀ ਦੇ ਧਿਆਨ ਵਿੱਚ ਇਹ ਮੁੱਦਾ ਲਿਆ ਚੁੱਕੇ ਹਾਂ, ਪਰ ਹੁਣ ਮੁੱਖ ਮੰਤਰੀ ਨੂੰ ਅਪੀਲ ਕਰ ਰਹੇ ਹਾਂ ਕਿ ਅਸ਼ਵਨੀ ਭੱਲਾ ਤੋਂ ਬਕਾਇਆ ਰਕਮ ਦੀ ਵਸੂਲੀ ਤੁਰੰਤ ਕੀਤੀ ਜਾਵੇ ਅਤੇ ਉਨ੍ਹਾਂ ਖ਼ਿਲਾਫ਼ ਚੱਲ ਰਹੀ ਵਿਜੀਲੈਂਸ ਜਾਂਚ ਦੇ ਨਤੀਜੇ ਵੀ ਜਲਦੀ ਤੋਂ ਜਲਦੀ ਸਰਵਜਨਿਕ ਕੀਤੇ ਜਾਣ।