ਵਾਹਿਗੁਰੂ ਦੀ ਵਿਸਰਨ ਹੀ ਸਭ ਤੋਂ ਵੱਡਾ ਰੋਗ: ਨਾਨਕਸ਼ਾਹੀ ਸੰਮਤ 558 ਦੀ ਆਰੰਭਤਾ ਮੌਕੇ ਸੰਤ ਅਮੀਰ ਸਿੰਘ ਜੀ ਦਾ ਸੰਦੇਸ਼
ਜਵੱਦੀ ਟਕਸਾਲ ਵਿਚ ਨਾਨਕਸ਼ਾਹੀ ਸੰਮਤ 558 ਦੀ ਆਰੰਭਤਾ ਨੂੰ ਸਮਰਪਿਤ ਮਹੀਨਾਵਾਰ ਸਮਾਗਮ ਹੋਇਆ। ਇਸ ਦੌਰਾਨ ਜੁੜੀਆਂ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਸੰਤ ਬਾਬਾ ਅਮੀਰ ਸਿੰਘ ਨੇ ਗੁਰਬਾਣੀ ਸ਼ਬਦਾਂ ਦੇ ਦ੍ਰਿਸ਼ਟਾਂਤ ਦਿੰਦਿਆਂ ਸਮਝਾਇਆ ਕਿ ਮਨੁੱਖੀ ਜੀਵਨ ਰੂਪੀ ਚੇਤ ਮਹੀਨੇ ਵਿਚ ਜੇਕਰ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰੀਏ ਤਾਂ ਡੂੰਘਾ ਅਨੰਦ ਮਿਲਦਾ ਹੈ।
Publish Date: Sun, 15 Mar 2026 09:13 AM (IST)
Updated Date: Sun, 15 Mar 2026 09:15 AM (IST)
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ : ਜਵੱਦੀ ਟਕਸਾਲ ਵਿਚ ਨਾਨਕਸ਼ਾਹੀ ਸੰਮਤ 558 ਦੀ ਆਰੰਭਤਾ ਨੂੰ ਸਮਰਪਿਤ ਮਹੀਨਾਵਾਰ ਸਮਾਗਮ ਹੋਇਆ। ਇਸ ਦੌਰਾਨ ਜੁੜੀਆਂ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਸੰਤ ਬਾਬਾ ਅਮੀਰ ਸਿੰਘ ਨੇ ਗੁਰਬਾਣੀ ਸ਼ਬਦਾਂ ਦੇ ਦ੍ਰਿਸ਼ਟਾਂਤ ਦਿੰਦਿਆਂ ਸਮਝਾਇਆ ਕਿ ਮਨੁੱਖੀ ਜੀਵਨ ਰੂਪੀ ਚੇਤ ਮਹੀਨੇ ਵਿਚ ਜੇਕਰ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰੀਏ ਤਾਂ ਡੂੰਘਾ ਅਨੰਦ ਮਿਲਦਾ ਹੈ।
ਪਰਮੇਸ਼ਰ ਨਾਲ ਜੁੜੀਆਂ ਰੂਹਾਂ ਨਾਲ ਮਿਲ ਬੈਠ ਕੇ, ਜੀਭਾ ਨਾਲ ਗੁਰਬਾਣੀ ਨਾਮ ਸਿਮਰਨ ਕਰਨਾ ਸੌਖਾ ਤੇ ਸੰਭਵ ਹੋ ਜਾਂਦਾ ਹੈ। ਮਹਾਂਪੁਰਸ਼ਾਂ ਨੇ ਬਾਰਹ ਮਾਹਾ ਸ਼ਬਦ ਦੇ ਅੰਤਰੀਵ ਭਾਵ ਸਮਝਾਉਂਦਿਆਂ ਜ਼ੋਰ ਦਿੱਤਾ ਕਿ ਪ੍ਰਭੂ ਭਗਤੀ ਦੇ ਵਾਸਤੇ ਚੰਗੀ ਸੰਗਤ ਲੱਭਣ ਦੀ ਲੋੜ ਹੈ। ਜਿੱਥੋਂ ਮਨੁੱਖ ਨੂੰ ਭੜਕਣ ਤੋਂ ਬਚਾਅ ਹੋਵੇ ਅਤੇ ਰੂਹਾਨੀ ਮੰਜ਼ਿਲ ਵੱਲ ਤੋਰਨ ਦੀ ਜਾਂਚ ਆਵੇ। ਮਹਾਂਪੁਰਸ਼ਾਂ ਨੇ ਸਪੱਸ਼ਟ ਕੀਤਾ ਕਿ ਜਿਸ ਮਨੁੱਖ ਨੇ ਪਰਮੇਸ਼ਰ ਨੂੰ ਪਾ ਲਿਆ ਉਸ ਨੂੰ ਹੀ ਇਸ ਸੰਸਾਰ ਅੰਦਰ ਆਇਆ ਗਿਣੀਏ। ਉਹ ਵਾਹਿਗੁਰੂ ਦੀ ਯਾਦ ਬਿਨਾਂ, ਉਸ ਨੂੰ ਚਿਤਵਣ ਬਿਨਾ ਨਹੀਂ ਰਹਿੰਦਾ। ਉਹ ਚਾਰ-ਚੁਫੇਰੇ ਜਲ-ਥਲ ਅਤੇ ਬਨਸਪਤੀ ਵਿੱਚ ਵਾਹਿਗੁਰੂ ਦਾ ਪਸਾਰਾ ਵੇਖਦਾ ਹੈ। ਵਾਹਿਗੁਰੂ ਦੀ ਯਾਦ ਨਾ ਆਉਣਾ ਉਸ ਲਈ ਸਭ ਤੋਂ ਵੱਡਾ ਦੁੱਖ ਹੁੰਦਾ ਹੈ।
ਇਸ ਲਈ ਵਾਹਿਗੁਰੂ ਨੂੰ ਸਿਮਰਨ ਵਾਲਿਆਂ ਦੇ ਵੱਡੇ ਭਾਗ ਹੁੰਦੇ ਹਨ। ਮਹਾਂਪੁਰਸ਼ਾਂ ਨੇ ਸਮੁੱਚੇ ਸਿੱਖ ਭਾਈਚਾਰੇ ਨੂੰ ਨਾਨਕਸ਼ਾਹੀ ਸੰਮਤ 558ਦੀ ਆਮਦ ਮੌਕੇ ਵਧਾਈ ਦਿੰਦਿਆਂ ਜੋਰ ਦਿੱਤਾ ਕਿ ਗੁਰਬਾਣੀ ਨਾਮ-ਸਿਮਰਨ ਕਰਦਿਆਂ ਜੀਵਨ ਨੂੰ ਸਫਲ ਕਰੀਏ ਤਦ ਹੀ ਨਵਾਂ ਵਰ੍ਹਾ ਜਾਂ ਸੰਗਰਾਂਦ ਦਾ ਦਿਹਾੜਾ ਮਨਾਉਣਾ ਸਹੀ ਅਰਥਾਂ ਵਿੱਚ ਪ੍ਰਵਾਨ ਹੋਵੇਗਾ।