ਵਿਭਾਗ ਦੇ ਫੂਡ ਸੇਫਟੀ ਵਿੰਗ ਵੱਲੋਂ ਸੈਂਪਲਿੰਗ ਮੁਹਿੰਮ ਤੇਜ਼
ਵਿਭਾਗ ਦੇ ਫੂਡ ਸੇਫਟੀ ਵਿੰਗ ਵੱਲੋਂ ਸੈਂਪਲਿੰਗ ਮੁਹਿੰਮ ਤੇਜ਼
Publish Date: Wed, 18 Mar 2026 07:43 PM (IST)
Updated Date: Thu, 19 Mar 2026 04:11 AM (IST)

- ਖਾਣ-ਪੀਣ ਦਾ ਘਟੀਆ ਕੁਆਲਿਟੀ ਦਾ ਸਮਾਨ ਵੇਚਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ : ਡਾਕਟਰ ਸੰਦੀਪ ਸਿੰਘ ਫੋਟੋ ਨੰਬਰ-31 ਬਸੰਤ ਸਿੰਘ ਰੋੜੀਆਂ, ਪੰਜਾਬੀ ਜਾਗਰਣ ਲੁਧਿਆਣਾ : ਲੁਧਿਆਣਾ ਸ਼ਹਿਰ ਤੇ ਦਿਹਾਤੀ ਇਲਾਕੇ ਦੇ ਵਸਨੀਕਾਂ ਨੂੰ ਸੁਰੱਖਿਅਤ ਅਤੇ ਮਿਆਰੀ ਖਾਦ ਪਦਾਰਥ ਮੁਹੱਈਆ ਕਰਵਾਉਣ ਲਈ ਸਿਹਤ ਵਿਭਾਗ ਦਾ ਫੂਡ ਸੇਫਟੀ ਵਿਭਾਗ ਵਚਨਬੱਧ ਹੈ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਸੰਦੀਪ ਸਿੰਘ ਨੇ ਦੱਸਿਆ ਕਿ ਘਟੀਆ ਕੁਆਲਿਟੀ ਦਾ ਖਾਣ-ਪੀਣ ਵਾਲਾ ਸਾਮਾਨ ਵੇਚਣ ਵਾਲੇ ਦੁਕਾਨਦਾਰਾਂ ਤੇ ਫੜ੍ਹੀ-ਰੇਹੜੀ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਉਨ੍ਹਾਂ ਉੱਪਰ ਫੂਡ ਸੇਫਟੀ ਵਿਭਾਗ ਦੀ ਕਾਰਵਾਈ ਨਿਰੰਤਰ ਜਾਰੀ ਰਹੇਗੀ। ਇਸੇ ਕੜੀ ਤਹਿਤ ਫੂਡ ਸੇਫਟੀ ਅਫਸਰ ਯੋਗੇਸ਼ ਕੁਮਾਰ ਦੀ ਅਗਵਾਈ ਹੇਠ ਫੂਡ ਸੇਫਟੀ ਟੀਮ ਵੱਲੋਂ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਸੰਦੀਪ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਸੈਂਪਲਿੰਗ ਮੁਹਿੰਮ ਚਲਾਈ ਗਈ। ਜਾਣਕਾਰੀ ਦਿੰਦਿਆਂ ਡਾ. ਸੰਦੀਪ ਸਿੰਘ ਨੇ ਦੱਸਿਆ ਕਿ ਟੀਮ ਵੱਲੋਂ ਬੀਆਰਐੱਸ ਨਗਰ, ਸੁਨੇਤ ਤੇ ਪੱਖੋਵਾਲ ਰੋਡ ਖੇਤਰਾਂ ’ਚੋਂ ਕੁੱਲ ਪੰਜ ਸੈਂਪਲ ਇਕੱਠੇ ਕੀਤੇ ਗਏ, ਜਿਨ੍ਹਾਂ ’ਚ ਸ਼ੱਕਰ, ਦੁੱਧ, ਪਨੀਰ, ਮੋਜ਼ਰੇਲਾ ਚੀਜ਼ ਅਤੇ ਆਈਸਕ੍ਰੀਮ ਸ਼ਾਮਲ ਹਨ। ਇਹ ਪਦਾਰਥ ਆਮ ਵਰਤੋਂ ਵਿੱਚ ਹੋਣ ਕਰਕੇ ਨਿਯਮਿਤ ਤੌਰ ‘ਤੇ ਜਾਂਚ ਹੇਠ ਰੱਖੇ ਜਾਂਦੇ ਹਨ। ਉਨ੍ਹਾਂ ਅਗੇ ਦੱਸਿਆ ਕਿ ਮਾਛੀਵਾੜਾ ਸਾਹਿਬ ਅਤੇ ਕੋਹਾੜਾ ਰੋਡ ਇਲਾਕਿਆਂ ਵਿੱਚ ਕੀਤੀ ਗਈ ਵੱਖਰੀ ਕਾਰਵਾਈ ਦੌਰਾਨ ਟੀਮ ਵੱਲੋਂ ਹੋਰ ਛੇ ਸੈਂਪਲ ਇਕੱਠੇ ਕੀਤੇ ਗਏ। ਇਨ੍ਹਾਂ ਵਿੱਚ ਮਸੂਰ ਦੀ ਦਾਲ, ਵੈਜੀਟੇਬਲ ਆਇਲ, ਪਨੀਰ, ਸ਼ੂਗਰ ਬਾਇਲਡ ਕੰਫੈਕਸ਼ਨਰੀ, ਗੁੜ ਅਤੇ ਸਰੋਂ ਦਾ ਤੇਲ ਸ਼ਾਮਲ ਹਨ। ਕੁੱਲ 11 ਸੈਂਪਲ ਇਕੱਠੇ ਕਰਕੇ ਪ੍ਰਮਾਣਿਤ ਲੈਬੋਰਟਰੀ ਵਿੱਚ ਜਾਂਚ ਲਈ ਲਈ ਭੇਜੇ ਗਏ ਹਨ। ਡਾ. ਸੰਦੀਪ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਫੂਡ ਸੇਫਟੀ ਐਕਟ ਦੀਆਂ ਦੀਆਂ ਹਦਾਇਤਾਂ ਅਨੁਸਾਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਐਫਐਸਐਸਏਆਈ ਵੱਲੋਂ ਖਾਦ ਪਦਾਰਥਾਂ ਦੀ ਗੁਣਵੱਤਾ, ਸਫਾਈ ਅਤੇ ਲੇਬਲਿੰਗ ਲਈ ਸਖ਼ਤ ਮਾਪਦੰਡ ਨਿਰਧਾਰਤ ਕੀਤੇ ਗਏ ਹਨ ਅਤੇ ਕਿਸੇ ਵੀ ਕਿਸਮ ਦੀ ਮਿਲਾਵਟ ਜਾਂ ਘਟੀਆ ਮਿਆਰ ਪਾਏ ਜਾਣ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਖਾਣ-ਪੀਣ ਦਾ ਸਾਮਾਨ ਮਹੀਆ ਕਰਵਾਉਣ ਵਾਲੇ ਕਾਰੋਬਾਰੀਆਂ ਨੂੰ ਅਪੀਲ ਕੀਤੀ ਕਿ ਉਹ ਸਫਾਈ ਦੇ ਮਿਆਰਾਂ ਦੀ ਪਾਲਣਾ ਕਰਨ, ਸਿਰਫ਼ ਮਨਜ਼ੂਰਸ਼ੁਦਾ ਸਮੱਗਰੀ ਦੀ ਵਰਤੋਂ ਕਰਨ ਅਤੇ ਐਫਐਸਐਸਏਆਈ ਦੇ ਲਾਇਸੈਂਸ ਅਤੇ ਰਜਿਸਟ੍ਰੇਸ਼ਨ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ। ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਖਾਦ ਪਦਾਰਥ ਖਰੀਦਦੇ ਸਮੇਂ ਲੇਬਲਿੰਗ ਅਤੇ ਗੁਣਵੱਤਾ ਦੀ ਜਾਂਚ ਕਰਨ ਅਤੇ ਕਿਸੇ ਵੀ ਸ਼ੱਕੀ ਮਾਮਲੇ ਦੀ ਸੂਚਨਾ ਸੰਬੰਧਿਤ ਅਧਿਕਾਰੀਆਂ ਨੂੰ ਦੇਣ। ਫੂਡ ਸੇਫਟੀ ਆਫਟਰ ਅਫਸਰ ਯੋਗੇਸ਼ ਕੁਮਾਰ ਨੇ ਦੱਸਿਆ ਕਿ ਸੇਫਟੀ ਵਿਭਾਗ ਲੁਧਿਆਣਾ ਵੱਲੋਂ ਲੋਕਾਂ ਦੀ ਸਿਹਤ ਦੀ ਰੱਖਿਆ ਲਈ ਅਜਿਹੀਆਂ ਕਾਰਵਾਈਆਂ ਅੱਗੇ ਵੀ ਜਾਰੀ ਰਹਿਣਗੀਆਂ। ਲੈਬੋਰਟਰੀ ਰਿਪੋਰਟਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਕਾਨੂੰਨ ਅਨੁਸਾਰ ਕੀਤੀ ਜਾਵੇਗੀ।