ਫੂਡ ਸੇਫਟੀ ਟੀਮ ਨੇ ਲੁਧਿਆਣਾ ’ਚ ਜਾਂਚ ਲਈ ਭਰੇ 17 ਸੈਂਪਲ
ਫੂਡ ਸੇਫਟੀ ਟੀਮ ਵੱਲੋਂ ਲੁਧਿਆਣਾ ਵਿੱਚ ਚੈਕਿੰਗ ਦੌਰਾਨ ਜਾਂਚ ਲਈ ਭਰੇ 17 ਸੈਂਪਲ
Publish Date: Wed, 01 Apr 2026 11:18 PM (IST)
Updated Date: Thu, 02 Apr 2026 04:16 AM (IST)

ਫੋਟੋ 38 ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ : ਫੂਡ ਸੇਫਟੀ ਟੀਮ ਲੁਧਿਆਣਾ ਵੱਲੋਂ ਲੁਧਿਆਣਾ ਦੇ ਵੱਖ-ਵੱਖ ਇਲਾਕਿਆਂ ਵਿੱਚ ਚੈਕਿੰਗ ਮੁਹਿੰਮ ਚਲਾਈ ਗਈ, ਜਿਸ ਦਾ ਮਕਸਦ ਖਾਦ ਪਦਾਰਥਾਂ ਦੀ ਗੁਣਵੱਤਾ ਅਤੇ ਸਫ਼ਾਈ ਦੇ ਮਿਆਰਾਂ ਦੀ ਜਾਂਚ ਕਰਨਾ ਸੀ। ਇਸ ਦੌਰਾਨ ਟੀਮ ਵੱਲੋਂ ਫਾਸਟ ਫੂਡ ਆਉਟਲੈੱਟਸ, ਰੈਸਟੋਰੈਂਟਾਂ, ਬੇਕਰੀਆਂ, ਮਿਠਾਈ ਦੀਆਂ ਦੁਕਾਨਾਂ, ਡੇਅਰੀਆਂ, ਹੋਸਟਲ ਅਤੇ ਮੈੱਸਾਂ ਵਿੱਚ ਜਾਂਚ ਕੀਤੀ ਗਈ। ਇਹ ਕਾਰਵਾਈ ਪੀਏਯੂ, ਰਿਸ਼ੀ ਨਗਰ, ਫਾਊਂਟਨ ਚੌਂਕ, ਸੈਕਟਰ 32, ਮੁੰਡੀਆਂ ਕਲਾਂ ਅਤੇ ਜਮਾਲਪੁਰ ਖੇਤਰਾਂ ਵਿੱਚ ਕੀਤੀ ਗਈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਖਾਦ ਕਾਰੋਬਾਰੀ ਸੁਰੱਖਿਆ ਅਤੇ ਸਫ਼ਾਈ ਦੇ ਨਿਯਮਾਂ ਦੀ ਪਾਲਣਾ ਕਰ ਰਹੇ ਹਨ। ਜਾਣਕਾਰੀ ਦਿੰਦਿਆਂ ਡਾ. ਅਸ਼ੀਸ਼ ਚਾਵਲਾ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਕੁੱਲ 17 ਸੈਂਪਲ ਇਕੱਠੇ ਕੀਤੇ ਗਏ, ਜਿਨ੍ਹਾਂ ਵਿੱਚ ਆਟਾ, ਪਨੀਰ, ਦਹੀਂ, ਤਿਆਰ ਸਬਜ਼ੀ, ਨਾਰੀਅਲ ਚਟਨੀ, ਮੰਚੂਰੀਅਨ, ਵੇਜ ਪੈਟੀ, ਮੈਦਾ, ਸਵੀਟ ਮਸਾਲਾ, ਘੀ, ਗੁੜ ਅਤੇ ਦੁੱਧ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਕੱਚੇ ਅਤੇ ਤਿਆਰ ਦੋਹਾਂ ਕਿਸਮਾਂ ਦੇ ਖਾਦ ਪਦਾਰਥਾਂ ਦੀ ਜਾਂਚ ਕੀਤੀ ਗਈ ਹੈ ਤਾਂ ਜੋ ਕੁੱਲ ਗੁਣਵੱਤਾ ਦਾ ਅੰਦਾਜ਼ਾ ਲਗਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਸਾਰੇ ਸੈਂਪਲ ਨਿਯਮਾਂ ਅਨੁਸਾਰ ਪ੍ਰਮਾਣਿਤ ਲੈਬੋਰਟਰੀ ਵਿੱਚ ਜਾਂਚ ਲਈ ਭੇਜੇ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਲੈਬੋਰਟਰੀ ਰਿਪੋਰਟਾਂ ਦੇ ਆਧਾਰ ‘ਤੇ ਕਾਨੂੰਨ ਅਨੁਸਾਰ ਯੋਗ ਕਾਰਵਾਈ ਕੀਤੀ ਜਾਵੇਗੀ। ਡਾ. ਚਾਵਲਾ ਨੇ ਕਿਹਾ ਕਿ ਸਾਰੇ ਫੂਡ ਬਿਜ਼ਨਸ ਓਪਰੇਟਰਾਂ ਲਈ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ, ਜਿਸ ਵਿੱਚ ਸਫ਼ਾਈ, ਮਿਆਰੀ ਸਮੱਗਰੀ ਦੀ ਵਰਤੋਂ ਅਤੇ ਖਾਦ ਪਦਾਰਥਾਂ ਦੀ ਸੁਰੱਖਿਅਤ ਤਿਆਰੀ ਸ਼ਾਮਲ ਹੈ।ਫੂਡ ਸੇਫਟੀ ਵਿਭਾਗ ਵੱਲੋਂ ਜਨ ਸਿਹਤ ਦੀ ਰੱਖਿਆ ਲਈ ਅਜਿਹੀਆਂ ਚੈਕਿੰਗ ਮੁਹਿੰਮਾਂ ਅਗੇ ਵੀ ਜਾਰੀ ਰਹਿਣਗੀਆਂ।