ਬੇਕਰੀ ਰਾਹੀਂ ਰੋਜ਼ਗਾਰ ਸਬੰਧੀ ਪੰਜ ਦਿਨਾਂ ਸਿਖਲਾਈ ਕੋਰਸ ਸਮਾਪਤ
ਬੇਕਰੀ ਰਾਹੀਂ ਰੋਜ਼ਗਾਰ ਸਬੰਧੀ ਪੰਜ ਦਿਨਾਂ ਸਿਖਲਾਈ ਕੋਰਸ ਸਮਾਪਤ
Publish Date: Fri, 24 Apr 2026 06:47 PM (IST)
Updated Date: Fri, 24 Apr 2026 06:52 PM (IST)

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਸਕਿੱਲ ਡਿਵੈਲਪਮੈਂਟ ਸੈਂਟਰ ਪੀਏਯੂ ਵਿਖੇ ਫੂਡ ਸਾਇੰਸ ਅਤੇ ਤਕਨਾਲੋਜੀ, ਭੋਜਨ ਅਤੇ ਪੋਸ਼ਣ ਵਿਭਾਗ ਦੇ ਸਹਿਯੋਗ ਨਾਲ ਪੰਜਾਬ ਦੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਲਈ ਬੇਕਰੀ ਰਾਹੀਂ ਰੋਜ਼ਗਾਰ ਸਬੰਧੀ ਪੰਜ ਦਿਨਾਂ ਸਿਖਲਾਈ ਕੋਰਸ ਕਰਵਾਇਆ ਗਿਆ। ਇਸ ਸਿਖਲਾਈ ਕੋਰਸ ਦੇ ਸਮਾਪਤੀ ਸਮਾਰੋਹ ਵਿੱਚ ਡਾ. ਮੱਖਣ ਸਿੰਘ ਭੁੱਲਰ ਨਿਰਦੇਸ਼ਕ ਪਸਾਰ ਸਿੱਖਿਆ ਅਤੇ ਡਾ. ਪ੍ਰਭਜੋਧ ਸਿੰਘ ਸੰਧੂ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨਾਂ ਸਿਖਿਆਰਥੀਆਂ ਨੂੰ ਪੀਏਯੂ. ਤੋਂ ਵੱਧ ਤੋਂ ਵੱਧ ਲਾਹਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਆਪਣੇ ਕਾਰੋਬਾਰ ਨੂੰ ਵਧੀਆ ਢੰਗ ਨਾਲ ਚਲਾਉਣ ਲਈ ਆਪਣੇ ਵਡਮੁੱਲੇ ਵਿਚਾਰਾਂ ਨਾਲ ਸੰਬੋਧਿਤ ਕੀਤਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਰੁਪਿੰਦਰ ਕੌਰ, ਸਹਿਯੋਗੀ ਨਿਰਦੇਸ਼ਕ (ਸਕਿੱਲ ਡਿਵੈਲਪਮੈਂਟ) ਨੇ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ 67 ਸਿਖਿਆਰਥੀਆਂ ਨੂੰ ਯੂਨੀਵਰਸਿਟੀ ਦੇ ਵੱਖ-ਵੱਖ ਵਿਸ਼ਾ ਮਾਹਿਰਾਂ ਕੋਲੋਂ ਬੇਕਿੰਗ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਦਾ ਮੌਕਾ ਪ੍ਰਾਪਤ ਹੋਇਆ। ਇਸ ਮੌਕੇ ’ਤੇ ਕੋਰਸ ਕੋਆਰਡੀਨੇਟਰ ਡਾ. ਕੁਲਵੀਰ ਕੌਰ ਨੇ ਦੱਸਿਆ ਕਿ ਇਸ ਕੋਰਸ ਵਿੱਚ ਭੋਜਨ ਅਤੇ ਪੋਸ਼ਣ ਵਿਭਾਗ ਤੋਂ ਡਾ. ਅਮਰਜੀਤ ਕੌਰ ਅਤੇ ਡਾ.ਪੂਨਮ ਬਖੇਤੀਆ ਨੇ ਬੇਕਰੀ ਸਬੰਧੀ ਜਰੂਰੀ ਨੁਕਤੇ ਸਾਂਝੇ ਕੀਤੇ, ਮਫਿਨਜ਼ ਅਤੇ ਕੋਕੋਨਟ ਕੈਸਲਜ਼ ਅਤੇ ਅੰਡਾ ਰਹਿਤ ਕੇਕ ਤਿਆਰ ਕਰਨ ਬਾਰੇ, ਕੈਰੇਮਲ ਕੇਕ, ਸਪੰਜ ਕੇਕ ਚਾਕਲੇਟ ਕੇਕ ਅਤੇ ਅੰਡਾ ਵਾਲਾ ਕੇਕ, ਬਰਾਊਨੀਜ ਅਤੇ ਡੋਨੱਟਸ ਤਿਆਰ ਕਰਨ ਬਾਰੇ ਪ੍ਰੈਕਟੀਕਲ ਤਰੀਕੇ ਨਾਲ ਜਾਣਕਾਰੀ ਸਾਂਝੀ ਕੀਤੀ। ਫੂਡ ਸਾਇੰਸ ਅਤੇ ਤਕਨਾਲੋਜੀ ਵਿਭਾਗ ਤੋਂ ਡਾ. ਜਸਪ੍ਰੀਤ ਕੌਰ ਅਤੇ ਡਾ. ਅਰਸ਼ਦੀਪ ਸਿੰਘ ਨੇ ਆਟਾ ਬਿਸਕੁੱਟ ਅਤੇ ਕੂਕੀਜ਼, ਬ੍ਰੈੱਡ ਅਤੇ ਗਲੂਟਨ ਰਹਿਤ ਕੂਕੀਜ਼ ਤਿਆਰ ਕਰਨ ਬਾਰੇ ਵਿਸ਼ਿਆਂ ਉੱਪਰ ਪ੍ਰੈਕਟੀਕਲ ਤਰੀਕੇ ਨਾਲ ਭਰਪੂਰ ਜਾਣਕਾਰੀ ਸਾਂਝੀ ਕੀਤੀ। ਸਕਿੱਲ ਡਿਵੈਲਪਮੈਂਟ ਸੈਂਟਰ ਦੀ ਸਫ਼ਲ ਉੱਦਮੀ ਰਵਿੰਦਰ ਕੌਰ ਨੇ ਕੇਕ ਦੀ ਆਈਸਿੰਗ ਕਰਨ ਬਾਰੇ, ਡਾ. ਅਰਸ਼ਦੀਪ ਸਿੰਘ ਅਤੇ ਕੁਲਦੀਪ ਕੌਰ ਨੇ ਗਾਰਲਿਕ ਬ੍ਰੈੱਡ ਅਤੇ ਪੀਜਾ ਬੇਸ ਬਾਰੇ ਪ੍ਰੈਕਟੀਕਲ ਤਰੀਕੇ ਨਾਲ ਜਾਣਕਾਰੀ ਸਾਂਝੀ ਕੀਤੀ। ਇਸ ਦੌਰਾਨ ਕਰਨਵੀਰ ਸਿੰਘ ਗਿੱਲ, ਬਿਜ਼ਨਸ ਮੈਨੇਜਰ, ਪਾਬੀ ਨੇ ਪਾਬੀ ਪ੍ਰੋਜੈਕਟ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ। ਡਾ. ਕਿਰਨਦੀਪ ਨੇ ਬੇਕਰੀ ਉਤਪਾਦਾਂ ਦੀ ਪੈਕਿੰਗ ਕਰਨ ਦੇ ਢੰਗ ਤਰੀਕੇ ਅਤੇ ਡਾ. ਪ੍ਰੇਰਨਾ ਕਪਿਲਾ ਨੇ ਵੀ ਲੋਂੜੀਦੀ ਜਾਣਕਾਰੀ ਸਾਂਝੀ ਕੀਤੀ। ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰ ਦੇ ਮਾਹਿਰਾਂ ਲਈ ਐੱਫਪੀਓ. ਬਣਾਉਣ ਬਾਰੇ ਪਸਾਰ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਵਿਸ਼ੇਸ ਇੱਕ ਦਿਨਾ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ 19 ਵਿਗਿਆਨੀਆਂ ਨੇ ਭਾਗ ਲਿਆ। ਡਾ. ਮੱਖਣ ਸਿੰਘ ਭੁੱਲਰ, ਨਿਰਦੇਸ਼ਕ ਪਸਾਰ ਸਿੱਖਿਆ ਅਤੇ ਡਾ. ਪ੍ਰਭਜੋਧ ਸਿੰਘ ਸੰਧੂ, ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਨੇ ਵੱਖ-ਵੱਖ ਜ਼ਿਲ੍ਹਿਆਂ ਤੋਂ ਹਾਜ਼ਰ ਹੋਏ ਮਾਹਿਰਾਂ ਨੂੰ ਇਸ ਸੈਮੀਨਾਰ ਤੋਂ ਮਿਲੀ ਜਾਣਕਾਰੀ ਨੂੰ ਅੱਗੇ ਪੰਜਾਬ ਦੇ ਕਿਸਾਨਾਂ ਤੱਕ ਪਹੁੰਚਾਉਣ ਦਾ ਯਤਨ ਕਰਨ ਲਈ ਕਿਹਾ। ਇਸ ਕੋਰਸ ਦੇ ਟੈਕਨੀਕਲ ਕੋਰਸ ਕੋਆਰਡੀਨੇਟਰ ਡਾ.ਵਿਪਨ ਰਾਮਪਾਲ ਨੇ ਦੱਸਿਆ ਕਿ ਮਾਹਿਰਾਂ ਡਾ. ਲੋਪਾਮੁੱਦਰਾ ਮੋਹਾਪਾਤਰਾ, ਡਾ. ਦਵਿੰਦਰ ਤਿਵਾੜੀ, ਡਾ. ਧਰਮਿੰਦਰ ਸਿੰਘ, ਡਾ. ਲਵਲੀਸ਼ ਗਰਗ, ਡਾ. ਲਖਵਿੰਦਰ ਕੌਰ ਨੇ ਆਪੋ-ਆਪਣੇ ਗਰੁੱਪ ਬਣਾਉਣ ਬਾਰੇ, ਐੱਫਪੀਓ. ਬਣਾਉਣ ਬਾਰੇ, ਕਿਸਾਨਾਂ ਨਾਲ ਵਧੀਆ ਰਾਬਤਾ ਰੱਖਣ ਬਾਰੇ, ਮੰਡੀਕਰਨ ਸਬੰਧੀ ਅਤੇ ਐੱਫਪੀਓ. ਗਰੁੱਪਾਂ ਦੀਆਂ ਸਫ਼ਲ ਕਹਾਣੀਆਂ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ। ਅੰਤ ਵਿਚ ਡਾ. ਕੁਲਵੀਰ ਕੌਰ ਨੇ ਸਾਰੇ ਸਿਖਿਆਰਥੀਆਂ ਦਾ ਅਤੇ ਯੂਨੀਵਰਸਿਟੀ ਦੇ ਵਿਸ਼ਾ ਮਾਹਿਰਾਂ ਦਾ ਧੰਨਵਾਦ ਕੀਤਾ ਅਤੇ ਸਿਖਿਆਰਥੀਆਂ ਨੂੰ ਇਸ ਕੋਰਸ ਉਪਰੰਤ ਪ੍ਰਾਪਤ ਕੀਤੀ ਗਈ ਜਾਣਕਾਰੀ ਨੂੰ ਆਪਣੇ ਕਿੱਤੇ ਵਿੱਚ ਅਪਨਾਉਣ ਦੀ ਸਲਾਹ ਦਿੱਤੀ।